ਪਠਾਨਕੋਟ ਪੁਲਸ ਲਈ ਸਿਰਦਰਦ ਬਣੇ ਮਨੂੰ ਚੀਮਾ ਨੂੰ ਸਾਥੀਅਾਂ ਸਮੇਤ ਲੁਧਿਆਣਾ ਪੁਲਸ ਨੇ ਦਬੋਚਿਆ

12/14/2018 6:11:55 AM

 ਲੁਧਿਆਣਾ, (ਰਿਸ਼ੀ)- ਕੰਟ੍ਰੈਕਟ ਕਿਲਿੰਗ, ਬੈਂਕ ਡਿਕੈਤੀ ਤੇ ਪੈਟਰੋਲ ਪੰਪ ਲੁੱਟਣ ਵਰਗੀਅਾਂ ਵਾਰਦਾਤਾਂ ਕਰ ਕੇ ਪਠਾਨਕੋਟ ਪੁਲਸ ਲਈ ਸਿਰਦਰਦ ਬਣ ਚੁੱਕੇ ਗੈਂਗਸਟਰ ਅਵਤਾਰ ਸਿੰਘ ਉਰਫ ਮਨੂੰ ਚੀਮਾ (28) ਨੂੰ ਲੁਧਿਆਣਾ ਪੁਲਸ ਨੇ ਸਮਰਾਲਾ ਚੌਕ  ਨੇਡ਼ੇ ਸਥਿਤ ਪੰਜਾਬ ਨੈਸ਼ਨਲ ਬੈਂਕ ਨੂੰ ਲੁੱਟਣ ਤੋਂ ਪਹਿਲਾਂ ਉਸ ਦੇ 2 ਸਾਥੀਆਂ ਜਗਜੀਤ ਸਿੰਘ ਵਾਸੀ ਕੋਟ ਮੰਗਲ ਸਿੰਘ, ਸ਼ਿਮਲਾਪੁਰੀ ਤੇ ਸਰਬਜੀਤ ਸਿੰਘ ਵਾਸੀ ਆਜ਼ਾਦ ਨਗਰ, ਸ਼ਿਮਲਾਪੁਰੀ ਦੇ ਨਾਲ ਦਬੋਚ ਲਿਆ। ਉਸ ਕੋਲੋਂ 270 ਗ੍ਰਾਮ ਹੈਰੋਇਨ, 315 ਬੋਰ ਦਾ ਰਿਵਾਲਵਰ, 5 ਜ਼ਿੰਦਾ ਕਾਰਤੂਸ, 1 ਦਾਤਰ, 1 ਮੋਟਰਸਾਈਕਲ ਬਰਾਮਦ ਕਰ ਕੇ ਥਾਣਾ ਸਾਹਨੇਵਾਲ ’ਚ ਕੇਸ ਦਰਜ ਕੀਤਾ ਹੈ। ਉਪਰੋਕਤ ਜਾਣਕਾਰੀ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਡੀ. ਸੀ. ਪੀ. ਕ੍ਰਾਈਮ ਗਗਨਅਜੀਤ ਸਿੰਘ, ਏ. ਸੀ. ਪੀ. ਕ੍ਰਾਈਮ ਸੁਰਿੰਦਰ ਮੋਹਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਸੁਰਿੰਦਰਪਾਲ ਦੀ ਪੁਲਸ ਪਾਰਿੰਡ ਜਸਪਾਲ ਬਾਂਗਡ਼ ਨੇਡ਼ੇ ਮਨੂੰ ਚੀਮਾ ਨੂੰ ਉਦੋਂ ਗ੍ਰਿਫਤਾਰ ਕੀਤਾ, ਜਦੋਂ ਉਹ ਆਪਣੇ ਦੋਸਤ ਜਗਜੀਤ ਸਿੰਘ ਦੇ ਮੋਟਰਸਾਈਕਲ ਦੀ ਨੰਬਰ ਪਲੇਟ ਉਤਾਰ ਕੇ ਉਸ ’ਤੇ ਹੈਰੋਇਨ ਦੀ ਸਮੱਗਲਿੰਗ ਕਰ ਕੇ ਲਿਆ ਰਿਹਾ ਸੀ। 
ਲੁੱਟ ਚੁਕੈ ਬੈਂਕ ਤੇ ਪੈਟਰੋਲ ਪੰਪ
ਕਤਲ ਕੇਸ ਤੋਂ ਫਰਾਰ ਹੋਣ ਤੋਂ ਬਾਅਦ ਮਨੂੰ ਕ੍ਰਾਈਮ ਦੀ ਦੁਨੀਆ ’ਚ ਘੁੰਮਦਾ ਰਿਹਾ ਤੇ ਪੰਜਾਬ  ਨੈਸ਼ਨਲ ਬੈਂਕ ’ਚ ਡਕੈਤੀ ਤੇ ਪੈਟਰੋਲ ਪੰਪ ’ਤੇ ਲੁੱਟ ਦੀ ਵਾਰਦਾਤ ਕੀਤੀ। ਉਕਤ ਮਾਮਲਿਆਂ ’ਚ ਵੀ ਪੁਲਸ ਨੇ ਹੋਰ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਉਕਤ ਸ਼ਾਤਰ ਹਰ ਵਾਰ ਦੀ ਤਰ੍ਹਾਂ ਬਚ ਕੇ ਨਿਕਲ ਗਿਆ। ਬਾਅਦ ਵਿਚ ਪੁਲਸ ਵਲੋਂ ਇਸ ਨੂੰ ਭਗੌਡ਼ਾ ਕਰਾਰ ਦੇ ਦਿੱਤਾ ਗਿਆ ਅਤੇ ਇਸ ਦੀ ਭਾਲ ’ਚ ਕਾਫੀ ਸਮੇਂ ਤੋਂ ਪਠਾਨਕੋਟ ਪੁਲਸ ਦੀਆਂ ਕਈ ਟੀਮਾਂ ਕੰਮ ਕਰ ਰਹੀਆਂ ਸਨ। ਪੁਲਸ ਅਨੁਸਾਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ 2 ਦਿਨਾਂ ਦੇ ਰਿਮਾਂਡ ’ਤੇ ਲੈ ਕੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹੀਂ ਦਿਨੀਂ ਇਹ ਫਿਰ ਪੰਜਾਬ  ਨੈਸ਼ਨਲ ਬੈਂਕ ਲੁੱਟਣ ਦਾ ਪਲਾਨ ਬਣਾ ਰਿਹਾ ਸੀ। 
ਦੋਸਤ ਦੀ ਭੈਣ ਦੇ ਕਤਲ ਕੇਸ ’ਚ ਨਾਮਜ਼ਦ ਹੈ ਮਨੂੰ 
ਪੁਲਸ ਅਨੁਸਾਰ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਹ ਨਸ਼ਾ ਕਰਨ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਸਮੱਗਲਿੰਗ ਵੀ ਕਰਦਾ ਹੈ। ਜੋ ਪਹਿਲਾਂ ਇਕ ਹੋਟਲ ’ਚ ਵੇਟਰ ਦੀ ਨੌਕਰੀ ਕਰਦਾ ਸੀ। ਤਦ ਉਸ ਦੇ ਦੋਸਤ ਦੀ ਭੈਣ ਨੇ ਕਿਸੇ ਨਾਲ ਵਿਆਹ ਕਰ ਕਰਵਾ ਲਿਆ, ਜਿਸ  ਤੋਂ ਬਾਅਦ ਉਸ ਨੇ ਆਪਣੇ 4 ਸਾਥੀਆਂ ਨਾਲ ਮਿਲ ਕੇ ਉਸ ਦੇ ਕਤਲ ਦਾ ਕੰਟ੍ਰੈਕਟ ਕੀਤਾ। 16 ਜੁਲਾਈ 2015 ਨੂੰ ਥਾਣਾ ਸ੍ਰੀ ਹਰਿਗੋਬਿੰਦਪੁਰਾ ਸਾਹਿਬ, ਗੁਰਦਾਸਪੁਰ ’ਚ ਦਰਜ ਹੋਏ ਧਾਰਾ 302 ਦੇ ਮਾਮਲੇ ’ਚ ਪੁਲਸ ਨੇ ਹੋਰ ਚਾਰਾਂ ਕਥਿਤ ਕਾਤਲਾਂ ਨੂੰ ਦਬੋਚ ਲਿਆ ਸੀ, ਜਦਕਿ ਮਨੂੰ ਚੀਮਾ ਫਰਾਰ ਸੀ। 
ਗੌਂਡਰ ਤੇ ਗੁਰਪ੍ਰੀਤ ਬਾਬਾ ਗੈਂਗ ਨਾਲ ਹਨ ਸਬੰਧ 
 ਪੁਲਸ ਅਨੁਸਾਰ ਫਡ਼ੇ ਗਏ ਗੈਂਗਸਟਰਾਂ ਦੇ ਸਬੰਧ ਗੁਰਪ੍ਰੀਤ ਬਾਬਾ ਤੇ ਗੌਂਡਰ ਗੈਂਗ ਨਾਲ ਹਨ। ਇਨ੍ਹਾਂ ਦੇ ਨਾਲ ਮਿਲ ਕੇ ਅਵਤਾਰ ਸਿੰਘ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਇਸ ਦਾ ਖੁਲਾਸਾ ਰਿਮਾਂਡ ਦੌਰਾਨ ਹੋਵੇਗਾ। ਉਥੇ ਫਡ਼ੇ ਗਏ ਬਾਕੀ ਦੋਵੇਂ ਮੁਲਜ਼ਮਾਂ ’ਤੇ ਹੁਣ ਤੱਕ ਦੀ ਜਾਂਚ ਵਿਚ ਕੋਈ ਮਾਮਲਾ ਦਰਜ ਨਾ ਹੋਣ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਦੀ ਮੁਲਾਕਾਤ ਅਵਤਾਰ ਸਿੰਘ ਨਾਲ ਸਾਊਦੀ ਅਰਬ ਵਿਚ ਬੈਠੇ ਗੈਂਗਸਟਰ ਹਨੀ ਨੇ ਫੇਸਬੁੱਕ ਜ਼ਰੀਏ ਕਰਵਾਈ ਸੀ। ਪੁਲਸ ਉਸ ਦੇ ਫੇਸਬੁੱਕ ਅਕਾਊਂਟ ਤੋਂ ਵੀ ਜਾਣਕਾਰੀ ਹਾਸਲ ਕਰਨ ’ਚ ਜੁਟੀ ਹੈ।
ਜਮਾਲਪੁਰ ’ਚ ਰਹਿ ਰਿਹਾ ਸੀ ਕਿਰਾਏ ਦੇ ਮਕਾਨ ’ਚ
ਪੁਲਸ ਅਨੁਸਾਰ  ਮਨੂੰ ਚੀਮਾ ਡੇਢ ਮਹੀਨਾ ਪਹਿਲਾਂ ਲੁਧਿਆਣਾ ਆਇਆ ਤੇ ਜਮਾਲਪੁਰ ਇਲਾਕੇ ’ਚ ਕਿਰਾਏ ਦਾ ਕਮਰਾ ਲੈ ਕੇ ਰਹਿਣ ਲੱਗਾ। ਗੈਂਗਸਟਰ ਵਲੋਂ ਪੁਲਸ ਤੋਂ ਬਚਣ ਲਈ ਇਸ ਤਰ੍ਹਾਂ ਕੀਤਾ ਗਿਆ ਕਿਉਂਕਿ ਉਸ ਨੂੰ ਪਤਾ ਸੀ ਕਿ ਲੁਧਿਆਣਾ ’ਚ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਇਥੇ ਪੁਲਸ ਤੋਂ ਉਹ ਆਸਾਨੀ ਨਾਲ ਬਚ ਕੇ ਨਿਕਲ ਸਕਦਾ ਹੈ। ਪੁਲਸ ਅਨੁਸਾਰ ਬਿਨਾਂ ਪੁਲਸ ਵੈਰੀਫਿਕੇਸ਼ਨ ਕਰਵਾਏ ਕਿਰਾਏਦਾਰ ਰੱਖਣ ਵਾਲੇ  ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 
 


Related News