ਚੋਰ ਗਿਰੋਹ ਨੇ ਥਾਰ ਗੱਡੀ, 30 ਤੋਲੇ ਸੋਨਾ, ਨਕਦੀ ਅਤੇ ਹੋਰ ਕੀਮਤੀ ਸਾਮਾਨ ’ਤੇ ਕੀਤਾ ਹੱਥ ਸਾਫ
Saturday, Sep 06, 2025 - 10:14 PM (IST)

ਭਵਾਨੀਗੜ੍ਹ, (ਕਾਂਸਲ)- ਪਿੰਡ ਮਾਝੀ ਵਿਖੇ ਬੇਖੌਫ ਚੋਰ ਗਿਰੋਹ ਵੱਲੋਂ ਇਕ ਘਰ ਵਿਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਘਰ ’ਚੋਂ ਇਕ ਥਾਰ ਗੱਡੀ, 30 ਤੋਲੇ ਸੋਨਾ, 10 ਹਜ਼ਾਰ ਰੁਪਏ ਦੀ ਨਕਦੀ ਤੇ ਹੋਰ ਕੀਮਤੀ ਘਰੇਲੂ ਸਾਮਾਨ ਚੋਰੀ ਕਰ ਕੇ ਰਫੂ-ਚੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੀ ਮਾਲਕਣ ਬਜ਼ੁਰਗ ਮਹਿਲਾ ਮਨਜੀਤ ਕੌਰ ਪਤਨੀ ਸਵ. ਰਘਵੀਰ ਸਿੰਘ ਵਾਸੀ ਪਿੰਡ ਮਾਝੀ ਨੇ ਦੱਸਿਆ ਕਿ ਉਸ ਦਾ ਪੁੱਤਰ ਅਤੇ ਨੂੰਹ ਕੈਨੇਡਾ ਵਿਖੇ ਰਹਿੰਦੇ ਹਨ ਤੇ ਉਹ ਇੱਥੇ ਘਰ ’ਚ ਇਕੱਲੀ ਹੀ ਰਹਿੰਦੀ ਹੈ।
ਮਨਜੀਤ ਕੌਰ ਨੇ ਦੱਸਿਆ ਕਿ ਉਹ 30 ਅਗਸਤ ਨੂੰ ਆਪਣੇ ਪੇਕੇ ਘਰ ਗਈ ਹੋਈ ਸੀ। ਅੱਜ ਦੇਰ ਸ਼ਾਮ ਨੂੰ ਜਦੋਂ ਉਹ ਪਿੰਡ ਮਾਝੀ ਵਿਖੇ ਆਪਣੇ ਘਰ ਵਾਪਸ ਪਰਤੀ ਤਾਂ ਜਦੋਂ ਉਸ ਨੇ ਆਪਣੇ ਘਰ ਦੇ ਮੇਨ ਗੇਟ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਦਰਵਾਜ਼ੇ ਦਾ ਤਾਲਾ ਪਹਿਲਾਂ ਤੋਂ ਹੀ ਖੁੱਲ੍ਹਾ ਪਿਆ ਹੋਣ ਕਾਰਨ ਉਹ ਹੈਰਾਨ ਰਹਿ ਗਈ। ਜਦੋਂ ਉਸ ਨੇ ਘਰ ਦੇ ਅੰਦਰ ਦਾਖਲ ਹੋ ਕੇ ਦੇਖਿਆ ਤਾਂ ਘਰ ’ਚ ਖੜ੍ਹੀ ਥਾਰ ਗੱਡੀ ਇਥੋਂ ਗਾਇਬ ਸੀ। ਇਥੋਂ ਤੱਕ ਕਿ ਹਰ ਕਮਰੇ ਦੇ ਅੰਦਰ ਪਏ ਬੈੱਡ ਤੇ ਅਲਮਾਰੀਆਂ ਦੀ ਭੰਨ-ਤੋੜ ਕਰ ਕੇ ਉਨ੍ਹਾਂ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ ਅਤੇ ਸਾਰਾ ਸਾਮਾਨ ਖਿਲਰਿਆ ਪਿਆ ਸੀ।
ਉਨ੍ਹਾਂ ਦੱਸਿਆ ਕਿ ਚੋਰ ਗਿਰੋਹ ਦੇ ਮੈਂਬਰ ਉਸ ਦੇ ਘਰ ’ਚੋਂ ਥਾਰ ਗੱਡੀ, 30 ਤੋਲੇ ਸੋਨਾ, 10 ਹਜ਼ਾਰ ਰੁਪਏ ਦੀ ਨਕਦੀ, ਇਕ ਮਾਈਕਰੋਵੇਵ, ਇਕ ਐੱਲ.ਈ.ਡੀ., ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ ਹਨ ਅਤੇ ਚੋਰੀ ਦੀ ਇਸ ਘਟਨਾ ’ਚ ਉਸ ਦਾ ਕਈ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਉਸ ਨੇ ਦੱਸਿਆ ਕਿ ਚੋਰਾਂ ਵੱਲੋਂ ਘਰ ਅੰਦਰ ਖੜ੍ਹੇ ਬੁਲੈਟ ਮੋਟਰਸਾਈਕਲ ਨੂੰ ਵੀ ਚੋਰੀ ਕਰ ਕੇ ਲੈ ਜਾਣ ਦੀ ਨੀਅਤ ਨਾਲ ਘਰ ਦੇ ਬਾਹਰ ਖੜ੍ਹਾ ਕੀਤਾ ਹੋਇਆ ਸੀ ਪਰ ਮੋਟਰਸਾਈਕਲ ਦੇ ਟਾਇਰਾਂ ’ਚ ਹਵਾ ਨਾ ਹੋਣ ਕਾਰਨ ਇਸ ਦਾ ਬਚਾਅ ਰਹਿ ਗਿਆ।
ਮਨਜੀਤ ਕੌਰ ਵੱਲੋਂ ਇਸ ਘਟਨਾ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ ਗਈ ਮੌਕੇ ’ਤੇ ਪਹੁੰਚੀ ਪੁਲਸ ਪਾਰਟੀ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਘਰ ਦੇ ਆਸ-ਪਾਸ ਤੇ ਪਿੰਡ ’ਚ ਹੋਰ ਕਈ ਥਾਵਾਂ ’ਤੇ ਲੱਗੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਸੀ।