ਲਗਾਤਾਰ ਬਾਰਸ਼ ਕਾਰਨ ਬੀ.ਡੀ.ਪੀ.ਓ. ਦਫ਼ਤਰ, ਮਾਰਕੀਟ ਕਮੇਟੀ ਅਤੇ ਅਨਾਜ ਮੰਡੀ ਪਾਣੀ ''ਚ ਘਿਰੇ

Wednesday, Aug 27, 2025 - 03:05 PM (IST)

ਲਗਾਤਾਰ ਬਾਰਸ਼ ਕਾਰਨ ਬੀ.ਡੀ.ਪੀ.ਓ. ਦਫ਼ਤਰ, ਮਾਰਕੀਟ ਕਮੇਟੀ ਅਤੇ ਅਨਾਜ ਮੰਡੀ ਪਾਣੀ ''ਚ ਘਿਰੇ

ਮਹਿਲ ਕਲਾਂ (ਹਮੀਦੀ): ਇਲਾਕੇ ਦੀ ਕੇਂਦਰੀ ਅਨਾਜ ਮੰਡੀ ਕਸਬੇ ਮਹਿਲ ਕਲਾਂ ਵਿਖੇ ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ਼ ਨੇ ਹਾਲਤ ਬੇਹੱਦ ਖਰਾਬ ਕਰ ਦਿੱਤੀ ਹੈ। ਖ਼ਾਸ ਕਰਕੇ ਉਹ ਸਰਕਾਰੀ ਦਫ਼ਤਰ, ਜਿੱਥੇ ਲੋਕ ਰੋਜ਼ਾਨਾ ਆਪਣੇ ਕੰਮ-ਧੰਦੇ ਲਈ ਪਹੁੰਚਦੇ ਹਨ, ਪੂਰੀ ਤਰ੍ਹਾਂ ਬਾਰਸ਼ ਦੇ ਪਾਣੀ ਨਾਲ ਘਿਰੇ ਹੋਏ ਹਨ। ਪੇਂਡੂ ਵਿਕਾਸ ਤੇ ਪੰਚਾਇਤੀ ਦਫ਼ਤਰ (ਬੀ.ਡੀ.ਪੀ.ਓ.) ਜੋ ਕਿ ਸਬ ਡਿਵੀਜ਼ਨ ਪੱਧਰ ਦਾ ਸਭ ਤੋਂ ਅਹਿਮ ਦਫ਼ਤਰ ਹੈ, ਬਾਰਸ਼ ਦੇ ਪਾਣੀ ਨਾਲ ਬਦਹਾਲ ਹੋ ਗਿਆ ਹੈ। ਦਫ਼ਤਰ ਦੇ ਆਲੇ ਦੁਆਲੇ ਬਰਸਾਤ ਦਾ ਪਾਣੀ ਇਕੱਠਾ ਹੋ ਕੇ ਛੱਪੜ ਦਾ ਰੂਪ ਧਾਰਨ ਕਰਕੇ ਕਰਮਚਾਰੀਆਂ ਅਤੇ ਆਮ ਜਨਤਾ ਨੂੰ ਦਫ਼ਤਰ ਅੰਦਰ ਜਾਣ ਲਈ ਪਾਣੀ ਵਿਚੋਂ ਲੰਘਣਾ ਪੈ ਰਿਹਾ ਹੈ। 

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨੂੰ ਲੈ ਕੇ ਨਵੀਂ ਅਪਡੇਟ! ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ

ਤਹਿਸੀਲ ਅਤੇ ਬਲਾਕ ਮਹਿਲ ਕਲਾਂ ਦੇ ਪਿੰਡਾਂ ਵਿਚੋਂ ਪੰਚਾਇਤਾਂ ਦੇ ਕਾਰਜਾਂ ਲਈ ਆਉਣ ਵਾਲੇ ਸਰਪੰਚਾਂ, ਨੰਬਰਦਾਰਾਂ ਅਤੇ ਆਮ ਲੋਕਾਂ ਨੂੰ ਵੀ ਗੰਭੀਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀ.ਡੀ.ਪੀ.ਓ. ਦਫ਼ਤਰ ਨਾਲ ਲੱਗਦੇ ਹੋਰ ਪਿੰਡ ਪੰਚਾਇਤਾਂ, ਸਮਾਜਿਕ ਭਲਾਈ, ਸਹਿਕਾਰੀ ਸਭਾਵਾਂ ਅਤੇ ਰੇਵਨਿਊ ਵਿਭਾਗ ਦੇ ਦਫ਼ਤਰਾਂ ਦੀ ਸਥਿਤੀ ਵੀ ਦਇਆਜਨਕ ਹੈ। ਲੋਕਾਂ ਨੂੰ ਕੰਮ ਕਰਾਉਣ ਦੀ ਥਾਂ ਪਾਣੀ ਦੀਆਂ ਛੱਪੜਾਂ ਵਿੱਚੋਂ ਲੰਘਣਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਵਿਕਾਸੀ ਕੰਮਾਂ ਲਈ ਦਫ਼ਤਰ ਬਣਾਏ ਗਏ ਸਨ, ਉੱਥੇ ਹੀ ਜਨਤਾ ਨੂੰ ਸਭ ਤੋਂ ਵੱਧ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੀ ਆਰਥਿਕ ਰਿੜਕ ਹੱਡੀ ਮੰਨੀ ਜਾਣ ਵਾਲੀ ਅਨਾਜ ਮੰਡੀ, ਜੋ ਕਿ ਨੀਵੇਂ ਫੜ ‘ਤੇ ਬਣੀ ਹੋਈ ਹੈ, ਬਾਰਸ਼ ਕਾਰਨ ਪੂਰੀ ਤਰ੍ਹਾਂ ਪਾਣੀ ਨਾਲ ਭਰ ਚੁੱਕੀ ਹੈ। ਮੰਡੀ ਵਿਚ ਇਕੱਠੇ ਪਾਣੀ ਨੇ ਛੱਪੜ ਦਾ ਰੂਪ ਧਾਰ ਲਿਆ ਹੈ। ਮਾਰਕੀਟ ਕਮੇਟੀ ਦਾ ਦਫ਼ਤਰ ਵੀ ਪਾਣੀ ਦੇ ਘੇਰੇ ਵਿਚ ਆ ਗਿਆ ਹੈ। ਕਿਸਾਨਾਂ ਤੇ ਵਪਾਰੀਆਂ ਲਈ ਮੰਡੀ ਵਿਚ ਆਉਣਾ-ਜਾਣਾ ਔਖਾ ਹੋ ਗਿਆ ਹੈ। ਪਾਣੀ ਕਾਰਨ ਮੰਡੀ ਦੇ ਅੰਦਰਲੇ ਰਸਤੇ ਬੰਦ ਹਨ ਅਤੇ ਕਈ ਜਗ੍ਹਾ ਗੰਦਲੇ ਪਾਣੀ ਨਾਲ ਬਦਬੂਦਾਰ ਹਾਲਾਤ ਬਣੇ ਹੋਏ ਹਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਵਿਚਾਲੇ ਨਵੇਂ ਹੁਕਮ! ਸਕੂਲਾਂ ਦੇ ਅਧਿਆਪਕਾਂ ਨੂੰ...

ਵਪਾਰੀ ਸੰਘਾਂ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਹਰ ਸਾਲ ਬਾਰਸ਼ਾਂ ਦੇ ਮੌਸਮ ਵਿਚ ਇਹੀ ਹਾਲਾਤ ਬਣਦੇ ਹਨ। ਪਾਣੀ ਦੀ ਨਿਕਾਸੀ ਲਈ ਪੱਕੇ ਪ੍ਰਬੰਧ ਨਾ ਹੋਣ ਕਰਕੇ ਮੰਡੀ ਅਤੇ ਦਫ਼ਤਰਾਂ ਦਾ ਕੰਮ ਠੱਪ ਹੋ ਜਾਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਆਪਣੀ ਫ਼ਸਲਾਂ ਦੇ ਲੈਣ-ਦੇਣ ਜਾਂ ਕਿਸੇ ਅਧਿਕਾਰਤ ਕੰਮ ਲਈ ਦਫ਼ਤਰਾਂ ਜਾਂ ਮੰਡੀ ਦਾ ਰੁਖ ਕਰਦੇ ਹਨ ਤਾਂ ਉਨ੍ਹਾਂ ਨੂੰ ਘੰਟਿਆਂ ਪਾਣੀ ਵਿੱਚ ਫਸੇ ਰਹਿਣਾ ਪੈਂਦਾ ਹੈ। ਸਥਾਨਕ ਲੋਕਾਂ ਅਤੇ ਆੜਤੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਨਾਜ ਮੰਡੀ ਅਤੇ ਸਰਕਾਰੀ ਦਫ਼ਤਰਾਂ ਦੇ ਆਲੇ ਦੁਆਲੇ ਪਾਣੀ ਨਿਕਾਸੀ ਲਈ ਪੱਕਾ ਹੱਲ ਕੱਢਿਆ ਜਾਵੇ। ਜੇਕਰ ਵਕਤ ਸਿਰ ਨਿਕਾਸੀ ਪ੍ਰਣਾਲੀ ਨਾ ਬਣਾਈ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਵੱਡੇ ਸਿਹਤ ਸੰਬੰਧੀ ਖਤਰੇ ਪੈਦਾ ਹੋ ਸਕਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News