ਫਲ ਅਤੇ ਸਬਜ਼ੀਆਂ ਹੋਈਆਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ

09/17/2020 3:37:27 AM

ਅਜੀਤਵਾਲ, (ਰੱਤੀ ਕੋਕਰੀ)- ਸੂਬੇ ਭਰ ’ਚ ਵਧਦੇ ਕੋਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਤੇ ਵਧਦੀ ਮੌਤ ਦਰ ਕਾਰਣ ਲੋਕ ਕੋਰੋਨਾ ਮਹਾਮਾਰੀ ਤੋਂ ਡਰਦਿਆਂ ਆਪਣੇ ਘਰਾਂ ਤੋਂ ਬਹੁਤ ਘੱਟ ਨਿਕਲ ਰਹੇ ਹਨ। ਕੋਵਿਡ-19 ਮਹਾਮਾਰੀ ਦੌਰਾਨ ਜਿਥੇ ਲੋਕਾਂ ਦੇ ਰੋਜ਼ਗਾਰ ਖੁੱਸ ਗਏ ਹਨ, ਉਥੇ ਸਬਜ਼ੀਆਂ ਅਤੇ ਫਲਾਂ ਦੇ ਮੁੱਲ ਵੀ ਅਸਮਾਨ ਛੂਹਣ ਲੱਗ ਪਏ ਹਨ ਤੇ ਕੁੱਝ ਲਾਲਚੀ ਦੁਕਾਨਦਾਰ ਲੋਕਾਂ ਦੀ ਇਸ ਮਜ਼ਬੂਰੀ ਦਾ ਫਾਇਦਾ ਸ਼ਰੇਆਮ ਉਠਾ ਰਹੇ ਹਨ। ਇਕ ਪਾਸੇ ਤਾਂ ਜਿਥੇ ਸਰਕਾਰ ਵਲੋਂ ਕੋਵਿਡ-19 ਤੋਂ ਬਚਣ ਲਈ ਹਰੀਆਂ ਸਬਜ਼ੀਆਂ ਅਤੇ ਫਲ ਖਾਣ ਲਈ ਦਿਸ਼ਾ-ਨਿਰਦੇਸ਼ ਲੋਕਾਂ ਲਈ ਜਾਰੀ ਕੀਤੇ ਗਏ ਹਨ, ਤਾਂ ਜੋ ਸਰੀਰ ਦੇ ਰੋਗਾਂ ਨਾਲ ਲੜਨ ਦੀ ਤਾਕਤ ਵੱਧ ਸਕੇ, ਪਰ ਦੂਜੇ ਪਾਸੇ ਜ਼ਿਲਾ ਪ੍ਰਸ਼ਾਸਨ ਅੱਖਾਂ ਮੀਟੀ ਬੈਠਾ ਹੈ।

ਜਾਣਕਾਰੀ ਅਨੁਸਾਰ ਸਬਜ਼ੀਆਂ ਦੀਆਂ ਕੀਮਤਾਂ ਨੂੰ ਵੇਖਿਆ ਜਾਵੇ ਤਾਂ ਆਲੂ 35 ਤੋਂ 40 ਰੁਪਏ ਕਿਲੋ, ਪਿਆਜ਼ 30 ਤੋਂ 45 ਰੁਪਏ, ਟਮਾਟਰ 60 ਤੋਂ 70 ਰੁਪਏ, ਮਟਰ 200 ਤੋਂ 250 ਰਪਏ, ਸ਼ਿਮਲਾ ਮਿਰਚ 70 ਤੋਂ 80 ਰੁਪਏ, ਗੋਬੀ 80 ਤੋਂ 100 ਰੁਪਏ, ਅਰਬੀ 30 ਤੋਂ 40 ਰੁਪਏ, ਕੱਦੂ 30 ਤੋਂ 40 ਰੁਪਏ, ਭਿੰਡੀ 30 ਤੋਂ 40 ਰੁਪਏ, ਨਿੰਬੂ 60 ਤੋਂ 70 ਰੁਪਏ ਅਤੇ ਫਲਾਂ ਦੇ ਭਾਅ ਕੇਲਾ 40 ਰੁਪਏ ਕਿਲੋ, ਮਸੰਮੀ 40 ਰੁਪਏ ਕਿਲੋ, ਸੇਬ 80 ਤੋਂ 100 ਰੁਪਏ ਕਿਲੋ, ਅਮਰੂਦ 30 ਤੋਂ 40 ਰੁਪਏ ਕਿਲੋ ਆਦਿ ਫਲਾਂ ਦੇ ਰੇਟ ਅਨੁਸਾਰ ਜ਼ਿਲੇ ’ਚ ਵਿਕ ਰਹੇ ਹਨ। ਕੁੱਝ ਅਜਿਹੇ ਲਾਲਚੀ ਦੁਕਾਨਦਾਰ ਵੀ ਹਨ ਜੋ ਸਬਜ਼ੀਆਂ ਅਤੇ ਫਲਾਂ ਨੂੰ ਮਹਿੰਗੇ ਭਾਅ ਉਤੇ ਵੇਚਣ ਲਈ ਸਟਾਕ ਕਰ ਕੇ ਬੈਠੇ ਹਨ।

ਆਮ ਲੋਕਾਂ ਦੀ ਮੰਗ ਹੈ ਕਿ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਸਬਜ਼ੀਆਂ ਤੇ ਫਲਾਂ ਦੇ ਰੇਟ ਨਿਧਾਰਿਤ ਕੀਤੇ ਜਾਣ ਤਾਂ ਜੋ ਆਏ ਦਿਨ ਦੁਕਾਨਦਾਰਾਂ ਤੇ ਲੋਕਾਂ ਵਿਚਕਾਰ ਫਲਾਂ ਤੇ ਸਬਜ਼ੀਆਂ ਦੇ ਰੇਟਾਂ ਨੂੰ ਲੈ ਕੇ ਹੁੰਦੀ ਬਹਿਸ ਤੋਂ ਬਚਿਆ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਅਜਿਹੇ ਵਪਾਰੀਆਂ ’ਤੇ ਸ਼ਿਕੰਜਾ ਕੱਸੇ ਜੋ ਲੋਕਾਂ ਦੀ ਇਸ ਮਜ਼ਬੂਰੀ ਦਾ ਆਪਣੇ ਸਵਾਰਥ ਲਈ ਫਾਇਦਾ ਉਠਾਉਂਦੇ ਹਨ।


Bharat Thapa

Content Editor

Related News