ਆਸਟਰੇਲੀਆ ਭੇਜਣ ਦੇ ਨਾਂ ''ਤੇ ਕੀਤੀ ਲੱਖਾਂ ਦੀ ਠੱਗੀ

08/06/2019 8:14:39 PM

ਮੋਗਾ (ਆਜ਼ਾਦ)— ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮੁਗਲਚਕ ਨਿਵਾਸੀ ਪਰਮਜੀਤ ਸਿੰਘ ਨੂੰ ਆਸਟਰੇਲੀਆ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟਾਂ ਵੱਲੋਂ ਕਥਿਤ ਮਿਲੀਭੁਗਤ ਕਰ ਕੇ ਸਾਢੇ ਸੱਤ ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ
ਜ਼ਿਲ੍ਹਾ ਪੁਲਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪਰਮਜੀਤ ਸਿੰਘ ਪੁੱਤਰ ਬਲਵੀਰ ਸਿੰਘ ਨੇ ਕਿਹਾ ਕਿ ਉਹ ਸਾਬਕਾ ਫੌਜੀ ਹੈ ਤੇ ਵਿਦੇਸ਼ ਜਾਣ ਦਾ ਇੱਛੁਕ ਸੀ, ਜਿਸ 'ਤੇ ਉਸ ਦੀ ਗੱਲਬਾਤ ਰਾਜਪਾਲ ਸਿੰਘ ਨਿਵਾਸੀ ਧਾਰੀਵਾਲ ਰਾਹੀਂ ਉਕਤ ਟਰੈਵਲ ਏਜੰਟ ਦਲਜੀਤ ਸਿੰਘ, ਸੁਖਜਿੰਦਰ ਸਿੰਘ ਦੋਨੋਂ ਨਿਵਾਸੀ ਮੰਡੀਰਾਂ ਵਾਲਾ ਰੋਡ ਬਾਘਾਪੁਰਾਣਾ ਅਤੇ ਲਵਜੀਤ ਸਿੰਘ ਨਿਵਾਸੀ ਮੋਗਾ ਨਾਲ ਹੋਈ, ਜਿਨ੍ਹਾਂ ਉਸਨੂੰ ਆਸਟਰੇਲੀਆ ਭੇਜਣ ਬਾਰੇ ਕਿਹਾ, ਜਿਸ ਦਾ ਸਾਢੇ ਸੱਤ ਲੱਖ ਰੁਪਏ ਖਰਚ ਆਵੇਗਾ। ਉਹ ਉਨ੍ਹਾਂ ਦੇ ਝਾਂਸੇ 'ਚ ਆ ਗਿਆ ਤੇ  ਮਈ 2017 'ਚ ਉਨ੍ਹਾਂ ਨੂੰ ਆਪਣਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਸੌਂਪ ਦਿੱਤੇ। ਉਨ੍ਹਾਂ ਨੇ 8 ਜੁਲਾਈ, 2017 ਨੂੰ ਇਕਰਾਰਨਾਮਾ ਵੀ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਹੌਲੀ-ਹੌਲੀ ਕਰ ਕੇ ਸਾਢੇ 7 ਲੱਖ ਰੁਪਏ ਲੈ ਲਏ ਤੇ ਕਿਹਾ ਕਿ ਉਸ ਦਾ ਵੀਜ਼ਾ, ਟਿਕਟ ਤੇ ਆਸਟਰੇਲੀਆ ਦੀ ਕੰਪਨੀ ਨਾਲ ਐਗਰੀਮੈਂਟ ਦੀ ਕਾਪੀ ਵੀ ਆ ਗਈ ਹੈ। ਉਨ੍ਹਾਂ ਦੀ ਜਾਂਚ ਕਰਵਾਉਣ 'ਤੇ ਪਤਾ ਲੱਗਾ ਕਿ ਉਕਤ ਸਾਰੇ ਦਸਤਾਵੇਜ਼ ਫਰਜ਼ੀ ਸਨ, ਜਿਸ 'ਤੇ ਕਥਿਤ ਦੋਸ਼ੀਆਂ ਨਾਲ ਗੱਲਬਾਤ ਕੀਤੀ ਤਾਂ ਉਹ ਟਾਲ-ਮਟੋਲ ਕਰਨ ਲੱਗੇ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਮੇਰੇ ਨਾਲ ਸਾਢੇ ਲੱਖ ਦੀ ਧੋਖਾਦੇਹੀ ਕੀਤੀ।

ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਦੀ ਜਾਂਚ ਡੀ.ਐੱਸ.ਪੀ. ਬਾਘਾਪੁਰਾਣਾ ਵੱਲੋਂ ਕੀਤੀ ਗਈ। ਜਾਂਚ ਸਮੇਂ ਜਾਂਚ ਅਧਿਕਾਰੀ ਨੇ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਪਰ ਕਥਿਤ ਦੋਸ਼ੀ ਟਰੈਵਲ ਏਜੰਟ ਆਪਣਾ ਪੱਖ ਪੇਸ਼ ਕਰਨ ਲਈ ਨਹੀਂ ਆਏ। ਜਾਂਚ ਉਪਰੰਤ ਥਾਣਾ ਬਾਘਾਪੁਰਾਣਾ 'ਚ ਕਥਿਤ ਦੋਸ਼ੀਆਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਬਲਧੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।


KamalJeet Singh

Content Editor

Related News