ਵਿਦੇਸ਼ ਭੇਜਣ ਦਾ ਲਾਰਾ ਲਾ ਕੀਤੀ 33 ਲੱਖ ਦੀ ਠੱਗੀ

Monday, Dec 24, 2018 - 11:35 PM (IST)

ਵਿਦੇਸ਼ ਭੇਜਣ ਦਾ ਲਾਰਾ ਲਾ ਕੀਤੀ 33 ਲੱਖ ਦੀ ਠੱਗੀ

ਫਿਰੋਜ਼ਪੁਰ, (ਮਲਹੋਤਰਾ)— ਕਬੂਤਰਬਾਜ਼ੀ ਦੇ ਸਬੰਧ ਵਿਚ ਦੇਸ਼ ਵਿਚ ਸਖਤ ਕਾਨੂੰਨ ਬਣਨ ਤੋਂ ਬਾਅਦ ਵੀ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀਆਂ ਕਰਨ ਦਾ ਕੰਮ ਰੁਕ ਨਹੀਂ ਰਿਹਾ। ਜ਼ਿਲਾ ਪੁਲਸ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 33 ਲੱਖ ਰੁਪਏ ਠੱਗੀ ਕਰਨ ਵਾਲੇ 7 ਮੁਲਜ਼ਮਾਂ ਖਿਲਾਫ ਤਿੰਨ ਵੱਖ-ਵੱਖ ਪਰਚੇ ਦਰਜ ਕੀਤੇ ਹਨ। ਏ. ਐੱਸ. ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਲੁਹਾਮ ਵਾਸੀ ਸੂਬਾ ਸਿੰਘ ਨੇ ਡੇਢ ਸਾਲ ਪਹਿਲਾਂ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਵਿਦੇਸ਼ ਜਾਣ ਲਈ ਗੁਰਪ੍ਰੀਤ ਸਿੰਘ, ਉਸ ਦੀ ਪਤਨੀ ਮਨਜੀਤ ਕੌਰ ਤੇ ਭਰਾ ਸਵਰਨ ਸਿੰਘ ਵਾਸੀ ਪਿੰਡ ਸ਼ੇਰਗੜ੍ਹ ਜ਼ਿਲਾ ਲੁਧਿਆਣਾ ਨਾਲ ਰਾਬਤਾ ਕਾਇਮ ਕੀਤਾ, ਜਿਨ੍ਹਾਂ ਨੇ ਉਸ ਤੋਂ 11 ਲੱਖ ਰੁਪਏ ਲੈ ਲਏ। ਉਸ ਨੇ ਦੋਸ਼ ਲਾਏ ਕਿ ਪੈਸੇ ਦੇਣ ਦੇ ਬਾਵਜੂਦ ਜਦ ਮੁਲਜ਼ਮਾਂ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਉਸ ਦੇ ਪੈਸੇ ਮੋੜੇ ਤਾਂ ਉਸ ਨੇ ਪੁਲਸ ਕੋਲ ਸ਼ਿਕਾਇਤ ਦਿੱਤੀ।

ਇਕ ਹੋਰ ਮਾਮਲੇ 'ਚ ਏ. ਐੱਸ. ਆਈ. ਨੇ ਦੱਸਿਆ ਕਿ ਸੂਬਾ ਸਿੰਘ ਤੇ ਉਸ ਦੀ ਪਤਨੀ ਰਜਨੀ ਖਿਲਾਫ ਚਾਰ ਮਹੀਨੇ ਪਹਿਲਾਂ ਸੋਨੂੰ ਵਾਸੀ ਕੈਨਾਲ ਕਾਲੋਨੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਦੋਵਾਂ ਨੇ ਉਸ ਤੋਂ 7 ਲੱਖ ਰੁਪਏ ਲੈ ਲਏ ਪਰ ਬਾਹਰ ਨਹੀਂ ਭੇਜਿਆ। ਇਸ ਮਾਮਲੇ ਵਿਚ ਪੁਲਸ ਨੇ ਸੂਬਾ ਸਿੰਘ ਤੇ ਉਸ ਦੀ ਪਤਨੀ ਰਜਨੀ ਰਾਣੀ ਖਿਲਾਫ ਧੋਖਾਦੇਹੀ ਦਾ ਪਰਚਾ ਦਰਜ ਕਰ ਲਿਆ ਹੈ। ਤੀਸਰਾ ਮਾਮਲਾ ਪਿੰਡ ਨੱਥੂਵਾਲਾ ਦਾ ਹੈ। ਏ. ਐੱਸ. ਆਈ. ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਮੰਗਲ ਸਿੰਘ ਨੇ ਤਿੰਨ ਮਹੀਨੇ ਪਹਿਲਾਂ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਭੁਪਿੰਦਰ ਸਿੰਘ ਪਿੰਡ ਮਾਦੀਪੁਰ ਤੇ ਬਲਵੰਤ ਸਿੰਘ ਪਿੰਡ ਭੁੱਲਰ ਮਾਜਰਾ ਜ਼ਿਲਾ ਕੁਰੂਕਸ਼ੇਤਰ ਨੇ ਉਸ ਤੋਂ 15 ਲੱਖ ਰੁਪਏ ਲੈ ਲਏ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਦੋਵਾਂ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਜਾਰੀ ਹੈ।


Related News