ਮੈਡੀ ਕਲੇਮ ਨਾ ਦੇਣ ਵਾਲੀ ਬੀਮਾ ਕੰਪਨੀ ’ਤੇ ਫੋਰਮ ਨੇ ਠੋਕਿਆ 5 ਲੱਖ ਹਰਜਾਨਾ
Thursday, Nov 29, 2018 - 06:04 AM (IST)

ਚੰਡੀਗਡ਼੍ਹ,(ਰਾਜਿੰਦਰ)- ਬੀਮਾ ਕੰਪਨੀ ਨੂੰ ਮੇਡੀ ਕਲੇਮ ਨਾ ਦੇਣਾ ਮਹਿੰਗਾ ਪੈ ਗਿਆ ਹੈ। ਖਪਤਕਾਰ ਫੋਰਮ ਨੇ ਕੰਪਨੀ ਨੂੰ ਸੇਵਾ ’ਚ ਕੋਤਾਹੀ ਦਾ ਦੋਸ਼ੀ ਕਰਾਰ ਦਿੰਦੇ ਹੋਏ ਵਿਆਜ ਦੇ ਨਾਲ 2 ਲੱਖ 46 ਹਜ਼ਾਰ 430 ਰੁਪਏ ਸ਼ਿਕਾਇਤਕਰਤਾ ਨੂੰ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਪੰਜ ਹਜ਼ਾਰ ਰੁਪਏ ਮੁਕੱਦਮਾ ਖਰਚ ਵੀ ਦੇਣਾ ਹੋਵੇਗਾ। ਨਾਲ ਹੀ ਕੰਪਨੀ ’ਤੇ ਪੰਜ ਲੱਖ ਰੁਪਏ ਦਾ ਹਰਜਾਨਾ ਵੀ ਠੋਕਿਆ ਹੈ, ਜਿਸਨੂੰ ਉਸਨੂੰ ਪੀ. ਜੀ. ਆਈ. ਦੇ ਡਿਪਾਰਟਮੈਂਟ ਆਫ ਕਾਰਡੀਓਲਾਜੀ, ਐਡਵਾਂਸ ਕਾਰਡੀਅਕ ਸੈਂਟਰ ’ਚ ਜਮ੍ਹਾ ਕਰਵਾਉਣਾ ਹੋਵੇਗਾ। ਇਸ ਪੈਸੇ ਦੀ ਵਰਤੋਂ ਜ਼ਰੂਰਤਮੰਦ ਲੋਕਾਂ ਦੇ ਇਲਾਜ ’ਚ ਕੀਤੀ ਜਾਵੇਗੀ। ਹੁਕਮ ਦੀ ਕਾਪੀ ਮਿਲਣ ’ਤੇ 30 ਦਿਨਾਂ ਅੰਦਰ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨੀ ਹੋਵੇਗੀ, ਨਹੀਂ ਤਾਂ ਉਸਨੂੰ 10 ਹਜ਼ਾਰ ਰੁਪਏ ਵਾਧੂ ਮੁਆਵਜ਼ਾ ਅਦਾ ਕਰਨਾ ਹੋਵੇਗਾ। ਇਹ ਹੁਕਮ ਜ਼ਿਲਾ ਖਪਤਕਾਰ ਫੋਰਮ-2 ਨੇ ਸੁਣਵਾਈ ਦੌਰਾਨ ਜਾਰੀ ਕੀਤੇ।
ਇਹ ਹੈ ਮਾਮਲਾ : ਸੈਕਟਰ-49ਏ ਚੰਡੀਗਡ਼੍ਹ ਨਿਵਾਸੀ ਦਲਜੀਤ ਸਿੰਘ ਨੇ ਫੋਰਮ ’ਚ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਮੋਹਾਲੀ ਤੇ ਬਜਾਜ਼ ਅਲਾਇੰਸ ਜਨਰਲ ਇੰਸ਼ੋਰੈਂਸ, ਸੈਕਟਰ-8ਸੀ ਚੰਡੀਗਡ਼੍ਹ ਖਿਲਾਫ ਸ਼ਿਕਾਇਤ ਦਿੱਤੀ ਸੀ। ਹਾਲਾਂਕਿ ਮੈਕਸ ਹਸਪਤਾਲ ਖਿਲਾਫ ਸ਼ਿਕਾਇਤ ਨੂੰ ਫੋਰਮ ਵਲੋਂ ਡਿਸਮਿਸ ਕਰ ਦਿੱਤਾ ਗਿਆ। ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ’ਚ ਕਿਹਾ ਕਿ ਉਸਨੇ ਉਕਤ ਬੀਮਾ ਕੰਪਨੀ ਤੋਂ 15 ਅਕਤੂਬਰ 2016 ਤੋਂ ਲੈ ਕੇ 14 ਅਕਤੂਬਰ 2017 ਤਕ ਲਈ ਮੇਡੀ ਕਲੇਮ ਇੰਸ਼ੋਰੈਂਸ ਪਾਲਿਸੀ ਲਈ ਸੀ। 10 ਲੱਖ ਰੁਪਏ ਦੀ ਇਸ ਪਾਲਿਸੀ ਦਾ ਪ੍ਰੀਮੀਅਮ 13165 ਰੁਪਏ ਸੀ। ਦਸੰਬਰ 2016 ’ਚ ਸ਼ਿਕਾਇਤਕਰਤਾ ਨੂੰ ਛਾਤੀ ’ਚ ਦਰਦ ਹੋਇਆ ਤੇ ਸਾਹ ਫੁੱਲਣ ਲੱਗਾ, ਜਿਸ ਤੋਂ ਬਾਅਦ ਉਹ ਮੈਕਸ ਹਸਪਤਾਲ ’ਚ ਦਾਖਲ ਹੋਏ। ਇਸ ਦੌਰਾਨ ਇਥੇ ਉਨ੍ਹਾਂ ਦੀ 27 ਦਸੰਬਰ 2016 ਤੋਂ ਲੈ ਕੇ 29 ਦਸੰਬਰ 2016 ਤਕ ਐਂਜੀਓਗਰਾਫੀ ਹੋਈ।
ਹਸਪਤਾਲ ’ਚ ਦਾਖਲ ਹੁੰਦੇ ਹੋਏ ਉਨ੍ਹਾਂ ਬੀਮਾ ਕੰਪਨੀ ਕੋਲ ਕੈਸ਼ਲੈੱਸ ਟਰੀਟਮੈਂਟ ਲਈ ਰਿਕਵੈਸਟ ਭੇਜੀ, ਜਿਸਨੂੰ ਇਸ ਕਾਰਨ ਠੁਕਰਾ ਦਿੱਤਾ ਗਿਆ ਕਿ ਸ਼ਿਕਾਇਤਕਰਤਾ ਪਿਛਲੇ ਤਿੰਨ ਸਾਲਾਂ ਤੋਂ ਹਾਈ ਬਲੱਡ ਪ੍ਰੈਸ਼ਰ ਬੀਮਾਰੀ ਤੋਂ ਪੀਡ਼ਤ ਸੀ, ਜਦੋਂਕਿ ਦਿੱਤੇ ਗਏ ਦਸਤਾਵੇਜ਼ ਤਹਿਤ ਉਹ ਪਿਛਲੇ ਇਕ ਸਾਲ ਤੋਂ ਹਾਈ ਬਲੱਡ ਪ੍ਰੈਸ਼ਰ ਦੀ ਦਵਾਈ ਲੈ ਰਿਹਾ ਸੀ। ਇਹੀ ਕਾਰਨ ਹੈ ਕਿ ਸ਼ਿਕਾਇਤਕਰਤਾ ਨੂੰ ਆਪਣੀ ਜੇਬ ’ਚੋਂ ਹੀ 2 ਲੱਖ 46 ਹਜ਼ਾਰ 430 ਰੁਪਏ ਜਮ੍ਹਾ ਕਰਵਾਉਣੇ ਪਏ। ਇਸ ਤੋਂ ਬਾਅਦ ਹੀ ਸ਼ਿਕਾਇਤਕਰਤਾ ਨੇ ਇਸਨੂੰ ਸਬੰਧੀ ਫੋਰਮ ’ਚ ਆਪਣੀ ਸ਼ਿਕਾਇਤ ਦਿੱਤੀ। ਦੂਜੇ ਦੋਵਾਂ ਪੱਖਾਂ ਨੇ ਫੋਰਮ ’ਚ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਨ੍ਹਾਂ ਨੇ ਸੇਵਾ ’ਚ ਕੋਈ ਕੋਤਾਹੀ ਨਹੀਂ ਵਰਤੀ।