ਯੂਨੀਵਰਸਿਟੀ ਕਾਲਜ ਨੇ ਗੈਸਟ ਫੈਕਲਟੀ ਭਰਤੀ ਸਮੇਂ ਨਿਯਮਾਂ ਨੂੰ ਟੰਗਿਆ ਛਿੱਕੇ

01/24/2019 6:05:44 PM

ਜੈਤੋ (ਸਤਵਿੰਦਰ) - ਯੂਨੀਵਰਸਿਟੀ ਕਾਲਜ 'ਚ ਗੈਸਟ ਫੈਕਲਟੀ ਅਧਿਆਪਕ ਭਰਤੀ ਦੇ ਮਸਲੇ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਇੰਦਰਜੀਤ ਕੌਰ ਦਿਓਲ ਵਲੋਂ ਬੀਤੀ 8 ਜਨਵਰੀ, 2019 ਨੂੰ ਲਈ 'ਵਾਕ ਇਨ ਇੰਟਰਵਿਊ' 'ਚ 8 ਗੈਸਟ ਫੈਕਲਟੀ ਅਧਿਆਪਕ ਭਰਤੀ ਕੀਤੇ ਗਏ ਪਰ ਅੰਗਰੇਜ਼ੀ ਅਤੇ ਹਿਸਟਰੀ ਵਿਸ਼ਿਆਂ ਲਈ ਇਸ ਭਰਤੀ ਇੰਟਰਵਿਊ 'ਚ ਕੋਈ ਥਾਂ ਨਹੀਂ ਦਿੱਤੀ ਗਈ। ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਇੰਟਰਵਿਊ ਅਤੇ ਭਰਤੀ ਸਬੰਧੀ ਪਾਏ ਗਏ ਨੋਟਿਸ 'ਚ ਹਿਸਟਰੀ ਅਤੇ ਅੰਗਰੇਜ਼ੀ ਵਿਸ਼ੇ ਦੀ ਅਸਾਮੀ ਸ਼ਾਮਲ ਨਹੀਂ ਕੀਤੀ। 

ਦੱਸ ਦੇਈਏ ਕਿ ਸੈਸ਼ਨ ਦੇ ਅੱਧ-ਵਿਚਕਾਰ ਭਰਤੀ ਸਬੰਧੀ ਇੰਟਰਵਿਊ ਕਰਨਾ ਕਈ ਤਰ੍ਹਾਂ ਦੇ ਸ਼ੱਕ ਪੈਦਾ ਕਰਦੀ ਹੈ, ਕਿਉਂਕਿ ਲੋੜ ਮੁਤਾਬਕ ਅਸਾਮੀਆਂ 'ਤੇ ਬਾਕਾਇਦਾ ਇੰਟਰਵਿਊ ਪਾਸ ਕਰ ਕੇ 2018-19 ਸੈਸ਼ਨ ਲਈ ਅਧਿਆਪਕ ਪਹਿਲਾਂ ਹੀ ਕੰਮ ਕਰ ਰਹੇ ਸਨ।ਸੂਤਰਾਂ ਅਨੁਸਾਰ ਅੰਗਰੇਜ਼ੀ ਵਿਸ਼ੇ ਲਈ ਮਨਪ੍ਰੀਤ ਕੌਰ ਅਤੇ ਹਿਸਟਰੀ ਵਿਸ਼ੇ ਲਈ ਮਨਿੰਦਰ ਕੌਰ ਨੂੰ ਬਿਨਾਂ ਇੰਟਰਵਿਊ ਦੇ ਹਾਜ਼ਰ ਕਰਵਾ ਲਿਆ ਗਿਆ। ਜ਼ਿਕਰਯੋਗ ਹੈ ਕਿ ਕਾਲਜ ਦੀ ਉਪਰਲੀ ਮੰਜ਼ਿਲ 'ਤੇ ਚੱਲ ਰਹੇ ਨੇਬਰ ਹੁੱਡ ਕੈਂਪਸ 'ਚ ਬਿਨਾਂ ਕੋਈ ਨਵੀਂ ਇੰਟਰਵਿਊ ਲਏ ਅੰਗਰੇਜ਼ੀ ਵਿਸ਼ੇ ਦੀ ਅਸਾਮੀ 'ਤੇ ਪਿਛਲੇ 4 ਸਾਲਾਂ ਤੋਂ ਕੰਮ ਕਰਦੀ ਆ ਰਹੀ ਰੂਬਲ ਕਟਾਰੀਆ ਅਤੇ ਪਿਛਲੇ ਸਮੈਸਟਰ ਤੋਂ ਕੰਮ ਕਰਦੀ ਆ ਰਹੀ ਪੰਜਾਬੀ ਵਿਸ਼ੇ ਦੀ ਗੋਲਡ ਮੈਡਲਿਸਟ ਅਧਿਆਪਕਾ ਨਵਜੋਤ ਕੌਰ ਨੂੰ ਬਿਨਾਂ ਕੋਈ ਕਾਰਨ ਦੱਸੇ ਫ਼ਾਰਗ ਕਰ ਦਿੱਤਾ ਗਿਆ ਹੈ। 

ਜ਼ਿਕਰਯੋਗ ਹੈ ਕਿ 30 ਜੁਲਾਈ, 2018 ਨੂੰ ਲਈ ਗਈ ਇੰਟਰਵਿਊ ਸਮੇਂ ਨਵਜੋਤ ਕੌਰ ਦੇ ਕੁਲ ਅੰਕ 52.16, ਗੁਰਸੇਵਕ ਸਿੰਘ ਦੇ ਅੰਕ 51.43 ਦਰਸਾਏ ਗਏ ਹਨ, ਜਿਸ ਅਨੁਸਾਰ ਨਵਜੋਤ ਕੌਰ ਨੂੰ ਰੋਮਨ ਅੱਖਰ 'ਚ ਪਹਿਲਾ ਅਤੇ ਗੁਰਸੇਵਕ ਸਿੰਘ ਨੂੰ ਦੂਸਰਾ, ਪ੍ਰਗਟ ਸਿੰਘ ਨੂੰ ਤੀਸਰਾ ਅਤੇ ਕੁਲਵਿੰਦਰ ਕੌਰ ਨੂੰ ਚੌਥਾ ਸਥਾਨ ਹਾਸਲ ਹੋਇਆ ਹੈ। ਪ੍ਰਿੰਸੀਪਲ ਨੇ ਆਪ-ਹੁਦਰੀਆਂ ਕਰ ਕੇ ਇੰਟਰਵਿਊ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਨਵਜੋਤ ਕੌਰ ਨੂੰ ਘਰ ਭੇਜ ਦਿੱਤਾ ਅਤੇ ਦੂਜੇ ਸਥਾਨ ਵਾਲੇ ਗੁਰਸੇਵਕ ਸਿੰਘ ਨੂੰ ਗੈਸਟ ਫੈਕਲਟੀ ਵਜੋਂ ਨਾਮਜ਼ਦ ਕਰ ਲਿਆ ਹੈ। 

ਕੀ ਕਹਿੰਦੇ ਹਨ ਕਾਲਜ ਦੇ ਪ੍ਰਿੰਸੀਪਲ
ਇਸ ਸਬੰਧੀ ਕਾਲਜ ਦੇ ਪ੍ਰਿੰਸੀਪਲ ਡਾ. ਇੰਦਰਜੀਤ ਕੌਰ ਦਿਓਲ ਨੇ ਕਿਹਾ ਕਿ ਨਵਜੋਤ ਕੌਰ ਸਬੰਧੀ ਉਹ ਪੜਤਾਲ ਕਰ ਕੇ ਢੁੱਕਵੀਂ ਕਾਰਵਾਈ ਕਰਨਗੇ। ਇੰਟਰਵਿਊ ਸਮੇਂ ਨਵਜੋਤ ਕੌਰ ਨੇ ਪਹਿਲਾ ਸਥਾਨ ਹੀ ਹਾਸਲ ਕੀਤਾ ਹੈ ਪਰ ਗੁਰਸੇਵਕ ਸਿੰਘ ਦੀ ਨਿਯੁਕਤੀ ਸਬੰਧੀ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।


rajwinder kaur

Content Editor

Related News