ਸਭ ਤੋਂ ਵੱਧ ਕਹਿਰ ਢਾਹ ਰਿਹੈ ਬੁੱਢਾ ਨਾਲਾ, ਦੋ ਵਾਰ ਬੰਨ੍ਹ ਟੁੱਟਣ ਨਾਲ ਹੜ੍ਹ ਵਰਗੇ ਹਾਲਾਤ
Wednesday, Jul 12, 2023 - 06:41 PM (IST)
ਲੁਧਿਆਣਾ (ਹਿਤੇਸ਼) : ਬਾਰਿਸ਼ ਬੰਦ ਰਹਿਣ ਦੇ ਬਾਵਜੂਦ ਬੁੱਢੇ ਨਾਲੇ ’ਚ ਪਾਣੀ ਦਾ ਲੈਵਲ ਡਾਊਨ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ, ਜਿਸ ਕਾਰਨ ਹੁਣ ਤੱਕ ਬੁੱਢੇ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਚੰਦਰ ਨਗਰ, ਨਿਊ ਦੀਪ ਨਗਰ, ਕੁੰਦਨਪੁਰੀ, ਸ਼ਿਵਪੁਰੀ ’ਚ ਵੜਨ ਦੀ ਵਜ੍ਹਾ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਬੁੱਢਾ ਨਾਲਾ ਤਾਜਪੁਰ ਰੋਡ ਦੇ ਨਾਲ ਲੱਗਦੇ ਏਰੀਆ ’ਚ ਸਭ ਤੋਂ ਵੱਧ ਕਹਿਰ ਢਾਹ ਰਿਹਾ ਹੈ, ਜਿੱਥੇ 24 ਘੰਟੇ ਦੇ ਅੰਦਰ ਦੋ ਵਾਰ ਬੰਨ੍ਹ ਟੁੱਟਣ ਨਾਲ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਨਗਰ ਨਿਗਮ ਵਲੋਂ ਪਾਣੀ ਦੀ ਨਿਕਾਸੀ ਲਈ ਬੁੱਢੇ ਨਾਲੇ ਦੀ ਸਫਾਈ ਤੋਂ ਇਲਾਵਾ ਪਾਣੀ ਓਵਰਫਲੋ ਹੋਣ ਤੋਂ ਰੋਕਣ ਲਈ ਪਿਛਲੇ ਕਈ ਦਿਨਾਂ ਤੋਂ ਕਿਨਾਰਿਆਂ ਨੂੰ ਪੱਕਾ ਕਰਨ ਦੇ ਰੂਪ ’ਚ ਕੀਤੀ ਗਈ ਮਿਹਨਤ ’ਤੇ ਪਾਣੀ ਫਿਰ ਗਿਆ ਹੈ, ਜਿਸ ਦਾ ਨਤੀਜਾ ਇਹ ਹੋਇਆ ਕਿ ਤਾਜਪੁਰ ਰੋਡ ਦੇ ਨਾਲ ਲੱਗਦੇ ਰਿਹਾਇਸ਼ੀ ਇਲਾਕਿਆਂ, ਝੁੱਗੀਆਂ, ਇੰਡਸਟਰੀ ਯੂਨਿਟਾਂ ’ਚ ਪਾਣੀ ਵੜਨ ਦੀ ਸਮੱਸਿਆ ਆ ਰਹੀ ਹੈ। ਇਸ ਦੇ ਮੱਦੇਨਜ਼ਰ ਨਗਰ ਨਿਗਮ ਵਲੋਂ ਸੋਮਵਾਰ ਦੇਰ ਰਾਤ ਤੋਂ ਸ਼ੁਰੂ ਹੋ ਗਏ ਬਚਾਅ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਧਾਇਕ ਭੋਲਾ ਗਰੇਵਾਲ, ਹਰਦੀਪ ਮੁੰਡੀਆਂ, ਕਮਿਸ਼ਨਰ ਸ਼ੇਨਾ ਅਗਰਵਾਲ, ਐਡੀਸ਼ਨਲ ਕਮਿਸ਼ਨਰ ਆਦਿੱਤਿਆ ਵਲੋਂ ਸਾਈਟ ਵਿਜ਼ਿਟ ਕੀਤੀ ਗਈ ਅਤੇ ਬੰਨ੍ਹ ਬਣਾਉਣ ਦਾ ਕੰਮ ਤੇਜ਼ ਕਰਵਾਇਆ।
ਬੁੱਢੇ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਨਾਲ ਲੱਗਦੇ ਇਲਾਕਿਆਂ ’ਚ ਵੜਨ ਤੋਂ ਰੋਕਣ ਲਈ ਨਗਰ ਨਿਗਮ ਵਲੋਂ ਪੂਰੀ ਮਿਹਨਤ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਕਿਨਾਰੇ ਪੱਕੇ ਕਰਨ ਦੀ ਮੁਹਿੰਮ ਚਲਾਉਣ ਤੋਂ ਇਲਾਵਾ ਹੇਠਲੇ ਇਲਾਕਿਆਂ ’ਚ ਜਮ ਪਾਣੀ ਨੂੰ ਕੱਢਣ ਦੇ ਲਈ ਪੰਪ ਲਗਾਏ ਗਏ ਹਨ, ਜਿਸ ਨੂੰ ਲੈ ਕੇ ਮਾਨੀਟਰਿੰਗ ਕਰਨ ਦੇ ਲਈ 24 ਘੰਟੇ ਅਫਸਰਾਂ ਦੀ ਡਿਊਟੀ ਲਗਾਈ ਗਈ ਹੈ, ਜਿਨ੍ਹਾਂ ਵਲੋਂ ਕਿਤੇ ਵੀ ਸ਼ਿਕਾਇਤ ਮਿਲਣ ’ਤੇ ਤੁਰੰਤ ਰਿਸਪਾਂਸ ਕੀਤਾ ਜਾਂਦਾ ਹੈ।
-ਕਮਿਸ਼ਨਰ, ਸ਼ੇਨਾ ਅਗਰਵਾਲ
ਇਹ ਵੀ ਪੜ੍ਹੋ : ਤਿੰਨ ਦਿਨਾਂ ਬਾਅਦ ਮੀਂਹ ਤੋਂ ਰਾਹਤ, 16 ਜੁਲਾਈ ਤਕ ਮਾਨਸੂਨ ਦੇ ਆਮ ਮੀਂਹ ਦੇ ਆਸਾਰ
ਇਸ ਵਜ੍ਹਾ ਨਾਲ ਆ ਰਹੀ ਹੈ ਸਮੱਸਿਆ
ਬੁੱਢੇ ਨਾਲੇ ਦੇ ਓਵਰਫਲੋ ਹੋਣ ਲਈ ਨਗਰ ਨਿਗਮ ਅਧਿਕਾਰੀਆਂ ਵਲੋਂ ਪਿਛਲੇ ਹਿੱਸੇ ’ਚ ਕਾਫੀ ਜ਼ਿਆਦਾ ਪਾਣੀ ਆਉਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਅਤੇ ਅੱਗੇ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਆ ਰਹੀ ਹੈ। ਉੱਪਰੋਂ ਭੱਟੀਆਂ ਐੱਸ. ਟੀ. ਪੀ. ਬੰਦ ਹੋਣ ਕਾਰਨ ਨਾਲ ਲੱਗਦੇ ਇਲਾਕਿਆਂ ’ਚ ਸੀਵਰੇਜ ਜਾਮ ਦੀ ਸਮੱਸਿਆ ਆ ਰਹੀ ਹੈ।
ਫੈਂਸਿੰਗ ਦੀ ਵਜ੍ਹਾ ਨਾਲ ਕਮਜ਼ੋਰ ਹੋ ਗਏ ਕਿਨਾਰੇ, ਹੁਣ ਮਜ਼ਬੂਤ ਕਰਨ ’ਚ ਆ ਰਹੀ ਹੈ ਸਮੱਸਿਆ
ਨਗਰ ਨਿਗਮ ਵਲੋਂ ਕੂੜਾ ਸੱਟਣ ਤੋਂ ਰੋਕਣ ਲਈ ਬੁੱਢੇ ਨਾਲੇ ਦੇ ਕਿਨਾਰੇ ਲਗਾਈ ਫੈਂਸਿੰਗ ਪ੍ਰਾਜੈਕਟ ’ਚ ਇਕ ਦੇ ਬਾਅਦ ਇਕ ਕਰ ਕੇ ਖਾਮੀਆਂ ਸਾਹਮਣੇ ਆ ਰਹੀਆਂ ਹਨ, ਜਿਸ ਵਿਚ ਮੁੱਖ ਰੂਪ ’ਚ ਸਫਾਈ ਲਈ ਜਗ੍ਹਾ ਨਾਲ ਛੱਡਣ ਦੀ ਵਜ੍ਹਾ ਨਾਲ ਹੁਣ ਬਾਰਿਸ਼ ਦੇ ਮੌਸਮ ’ਚ ਸਮੱਸਿਆ ਆ ਰਹੀ ਹੈ। ਇਸ ਤੋਂ ਇਲਾਵਾ ਪਿਛਲੇ ਦਿਨੀਂ ਕੁੰਦਨਪੁਰੀ ਨੇੜੇ ਫਾਊਂਡੇਸ਼ਨ ਦੇ ਨਾਲ ਹੀ ਫੈਂਸਿੰਗ ਬੁੱਢੇ ਨਾਲੇ ’ਚ ਡਿੱਗ ਗਈ। ਹੁਣ ਇਹ ਖੁਲਾਸਾ ਹੋਇਆ ਹੈ ਕਿ ਫੈਂਸਿੰਗ ਲਗਾਉਣ ਦੀ ਵਜ੍ਹਾ ਨਾਲ ਹੀ ਬੁੱਢੇ ਨਾਲੇ ਦੇ ਕਿਨਾਰੇ ਕਮਜੋਰ ਹੋ ਗਏ ਹਨ, ਜਿਸ ਨਾਲ ਪਾਣੀ ਓਵਰਫਲੋ ਹੋ ਕੇ ਨਾਲ ਲੱਗਦੇ ਇਲਾਕਿਆਂ ’ਚ ਵੜਨ ਦੀ ਸਮੱਸਿਆ ਆ ਰਹੀ ਹੈ ਅਤੇ ਫੈਂਸਿੰਗ ਲਗਾਉਣ ਦੀ ਵਜ੍ਹਾ ਨਾਲ ਹੁਣ ਕਿਨਾਰੇ ਮਜ਼ਬੂਤ ਕਰਨ ’ਚ ਰੁਕਾਵਟ ਪੈਦਾ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਵਿਧਾਇਕ ਮਦਨ ਲਾਲ ਬੱਗਾ ਅਤੇ ਅਸ਼ੋਕ ਪਰਾਸ਼ਰ ਪੱਪੀ ਵਲੋਂ ਪ੍ਰਾਜੈਕਟ ਦੇ ਡਿਜ਼ਾਈਨ ’ਤੇ ਸਵਾਲ ਖੜ੍ਹੇ ਕਰਨ ਦੇ ਨਾਲ ਹੀ ਸਮਾਰਟ ਸਿਟੀ ਮਿਸ਼ਨ ਦੇ ਫੰਡ ’ਚੋਂ ਕੰਪਨੀ ਨੂੰ ਕਰੋੜਾਂ ਦੀ ਪੇਮੈਂਟ ਰਿਲੀਜ਼ ਕਰਨ ਦੀ ਜਾਂਚ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।
ਕੰਡਮ ਹੋ ਚੁੱਕੀਆਂ ਸਿਟੀ ਬੱਸਾਂ ਦੀ ਰਿਪੇਅਰ ਦੀ ਸੰਭਾਵਨਾ ਵੀ ਹੋਈ ਖਤਮ
ਬੁੱਢੇ ਨਾਲੇ ਦਾ ਪਾਣੀ ਓਵਰਫਲੋ ਹੋਣ ਤੋਂ ਬਾਅਦ ਮੰਗਲਵਾਰ ਨੂੰ ਸਵੇਰੇ ਤਾਜਪੁਰ ਰੋਡ ’ਤੇ ਸਥਿਤ ਨਗਰ ਨਿਗਮ ਦੀ ਵਰਕਸ਼ਾਪ ’ਚ ਵੜ ਗਿਆ, ਜਿਸ ਨਾਲ ਉੱਥੇ ਖੜ੍ਹੀਆਂ ਬੱਸਾਂ ’ਚ ਕਈ ਫੁੱਟ ਤੱਕ ਪਾਣੀ ਭਰ ਗਿਆ। ਇਹ ਬੱਸਾਂ ਕੰਪਨੀ ਵਲੋਂ ਨਾ ਚਲਾਉਣ ਦੀ ਵਜ੍ਹਾ ਨਾਲ ਕਈ ਸਾਲਾਂ ਤੋਂ ਇੱਥੇ ਖੜ੍ਹੀਆਂ ਹਨ ਅਤੇ ਕੰਡਮ ਹੋ ਚੁੱਕੀਆਂ ਹਨ, ਜਿਨ੍ਹਾਂ ਬੱਸਾਂ ਨੂੰ ਦੋਬਾਰਾ ਸੜਕਾਂ ’ਤੇ ਲਿਆਉਣ ਦੀ ਕਾਰਵਾਈ ਸਿਰਫ ਮੀਟਿੰਗਾਂ ਤੱਕ ਹੀ ਸੀਮਿਤ ਹੈ ਪਰ ਹੁਣ ਹੜ੍ਹ ਦੀ ਲਪੇਟ ’ਚ ਆਉਣ ਕਾਰਨ ਇਨ੍ਹਾਂ ਬੱਸਾਂ ਦੀ ਰਿਪੇਅਰ ਦੀ ਸੰਭਾਵਨਾ ਵੀ ਖਤਮ ਹੋ ਗਈ ਹੈ।
ਇਹ ਵੀ ਪੜ੍ਹੋ : ਹੜ੍ਹ ’ਚ ਫ਼ਸੇ ਲੋਕਾਂ ਲਈ ਮਦਦ ਲੈ ਕੇ ਪੁੱਜੇ ਸੁਸ਼ੀਲ ਰਿੰਕੂ, ਕਿਸ਼ਤੀਆਂ ਰਾਹੀਂ ਪਹੁੰਚਾਇਆ ਖਾਣ-ਪੀਣ ਦਾ ਸਮਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।