ਸੁਖਬੀਰ ਬਾਦਲ ਨੇ ਬੰਨ੍ਹ ਦੀ ਮਜ਼ਬੂਤੀ ਲਈ ਪਹੁੰਚਾਈ ਮਦਦ
Tuesday, Sep 30, 2025 - 06:13 PM (IST)

ਚੰਡੀਗੜ੍ਹ/ਜਲੰਧਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਬੀਤੇ ਦਿਨੀਂ ਜਲੰਧਰ ਅਤੇ ਕਪੂਰਥਲਾ ਇਲਾਕੇ ਦੀ ਸੰਗਤ ਵੱਲੋਂ ਮੇਰੇ ਕੋਲ ਮੰਗੂਪੁਰ ਬਾਜਾ ਪਿੰਡ ਨੇੜਲੇ ਗੁਰੂ ਅਮਰਦਾਸ ਅਡਵਾਂਸ ਬੰਨ੍ਹ ਦੀ ਮਜ਼ਬੂਤੀ ਲਈ ਲੋੜੀਂਦੀ ਮਦਦ ਲਈ ਇਕ ਸੁਨੇਹਾ ਆਇਆ ਸੀ। ਪੰਜਾਬ ਅਤੇ ਪੰਜਾਬੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਅੱਜ ਉਨ੍ਹਾਂ ਕੋਲ ਜਾਲ ਬੰਨ੍ਹਣ ਲਈ 4 ਟਨ ਲੋਹੇ ਦੀ ਤਾਰ ਖਰੀਦਣ ਲਈ ਬਣਦੀ ਰਾਸ਼ੀ ਪੁੱਜਦੀ ਕਰ ਦਿੱਤੀ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਉਹ ਧੰਨਵਾਦੀ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਾਡੀ ਸਥਾਨਕ ਲੀਡਰਸ਼ਿਪ ਦੇ, ਖ਼ਾਸ ਕਰਕੇ ਹਰਜਾਪ ਸਿੰਘ ਸੰਘਾ, ਦਵਿੰਦਰ ਸਿੰਘ ਸਿੱਧੂ, ਐਕਸੀਅਨ ਸਵਰਨ ਸਿੰਘ ਦੇ, ਜਿੰਨ੍ਹਾਂ ਨੇ ਸੇਵਾ ਵਿਚ ਜੁਟੀ ਸੰਗਤ ਨੂੰ ਇਹ ਮਾਇਆ ਅੱਜ ਸਪੁਰਦ ਕੀਤੀ। ਉਨ੍ਹਾਂ ਕਿਹਾ ਕਿ ਉਹ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਨ ਕਿ ਸੇਵਾਦਾਰ ਮਿਲ ਕੇ ਬੰਨ੍ਹ ਨੂੰ ਸਾਂਭ ਲੈਣ ਅਤੇ ਇਲਾਕੇ ਨੂੰ ਹੜ੍ਹ ਦੀ ਮਾਰ ਤੋਂ ਛੇਤੀ ਰਾਹਤ ਮਿਲੇ।