ਹੜ੍ਹ ਪ੍ਰਭਾਵਤ ਇਲਾਕਿਆਂ ''ਚ ਪਹੁੰਚੇ ਕੇਂਦਰੀ ਮੰਤਰੀ, ਮੁਆਵਜ਼ਿਆਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ
Monday, Oct 06, 2025 - 01:18 PM (IST)

ਮੋਗਾ (ਕਸ਼ਿਸ਼) : ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਰਾਜ ਮੰਤਰੀ ਜੌਰਜ ਕੁਰਿਅਨ ਅੱਜ ਮੋਗਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦੇ ਦੌਰੇ ‘ਤੇ ਪਹੁੰਚੇ। ਮੰਤਰੀ ਨੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਕਰੀਬ ਅੱਠ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਲਈ। ਇਸ ਮੌਕੇ ਉਨ੍ਹਾਂ ਕਿਹਾ ਕਿ ਹੜ੍ਹ ਨਾਲ ਹੋਏ ਨੁਕਸਾਨ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੀ ਪੂਰੀ ਰਿਪੋਰਟ ਕੇਂਦਰ ਸਰਕਾਰ ਤੱਕ ਪਹੁੰਚਾਈ ਜਾਵੇਗੀ ਤਾਂ ਜੋ ਪੀੜਤ ਲੋਕਾਂ ਨੂੰ ਯੋਗ ਰਾਹਤ ਅਤੇ ਮਦਦ ਮਿਲ ਸਕੇ।
ਜੌਰਜ ਕੁਰਿਅਨ ਨੇ ਦੱਸਿਆ ਕਿ ਜਦੋਂ ਤੱਕ ਪੰਜਾਬ ਸਰਕਾਰ ਵੱਲੋਂ ਨੁਕਸਾਨ ਦੀ ਵਿਸਥਾਰਤ ਰਿਪੋਰਟ ਕੇਂਦਰ ਨੂੰ ਨਹੀਂ ਭੇਜੀ ਜਾਂਦੀ, ਉਦੋਂ ਤੱਕ ਰਾਹਤ ਰਾਸ਼ੀ ਜਾਂ ਮੁਆਵਜ਼ੇ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕਦੀ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਕਿਸਾਨਾਂ ਅਤੇ ਆਮ ਲੋਕਾਂ ਦੇ ਨਾਲ ਖੜੀ ਹੈ ਅਤੇ ਜਿਵੇਂ ਹੀ ਰਿਪੋਰਟ ਪ੍ਰਾਪਤ ਹੋਵੇਗੀ, ਰਾਹਤ ਅਤੇ ਸਹਾਇਤਾ ਕਾਰਜ ਤੁਰੰਤ ਸ਼ੁਰੂ ਕਰਵਾ ਦਿੱਤੇ ਜਾਣਗੇ।
ਮੰਤਰੀ ਨੇ ਖੇਤਾਂ ਵਿਚ ਹੋਏ ਨੁਕਸਾਨ, ਟੁੱਟੇ ਘਰਾਂ ਅਤੇ ਪ੍ਰਭਾਵਿਤ ਇਲਾਕਿਆਂ ਦਾ ਖੁਦ ਨਿਰੀਖਣ ਕੀਤਾ ਤੇ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ ਕਿ ਰਾਹਤ ਕਾਰਜਾਂ ਵਿਚ ਕੋਈ ਲਾਪਰਵਾਹੀ ਨਾ ਹੋਵੇ ਅਤੇ ਪੀੜਤ ਪਰਿਵਾਰਾਂ ਦੀ ਤੁਰੰਤ ਮਦਦ ਕੀਤੀ ਜਾਵੇ।