ਮਹੀਨਾ ਪਹਿਲਾਂ ਹੜ੍ਹ ''ਚ ਰੁੜੇ ਨੌਜਵਾਨ ਦੀ ਲਾਸ਼ ਬਰਾਮਦ, ਇਲਾਕੇ ''ਚ ਪਸਰਿਆ ਸੋਗ
Monday, Sep 29, 2025 - 08:23 PM (IST)

ਕਲਾਨੌਰ (ਹਰਜਿੰਦਰ ਗੋਰਾਇਆ, ਮਨਮੋਹਨ) : ਸਰਹੱਦੀ ਕਸਬਾ ਕਲਾਨੌਰ ਦੇ ਇੱਕ ਨੌਜਵਾਨ ਵਿਕਰਮਜੀਤ, ਜੋ ਇੱਕ ਮਹੀਨਾ ਪਹਿਲਾਂ ਹੜ੍ਹ ਵਿੱਚ ਡੁੱਬ ਗਿਆ ਸੀ, ਦੀ ਲਾਸ਼ ਵਰਿਆਮ ਪਿੰਡ ਦੇ ਖੇਤਾਂ ਵਿੱਚੋਂ ਬਹੁਤ ਹੀ ਦੁਖਦਾਈ ਹਾਲਤ ਵਿੱਚ ਬਰਾਮਦ ਕੀਤੀ ਗਈ ਹੈ। ਲਾਸ਼ ਇੰਨੀ ਭਿਆਨਕ ਹਾਲਤ ਵਿੱਚ ਸੀ ਕਿ ਪਛਾਣਨਯੋਗ ਨਹੀਂ ਸੀ। ਹਾਲਾਂਕਿ, ਪਰਿਵਾਰਕ ਮੈਂਬਰਾਂ ਨੇ ਉਸਦੇ ਕੱਪੜਿਆਂ ਤੋਂ ਉਸਦੀ ਪਛਾਣ ਕੀਤੀ।
ਕੋਟਲੀ ਸੂਰਤ ਮੱਲੀ ਪੁਲਸ ਸਟੇਸ਼ਨ ਵੱਲੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ, ਲਾਸ਼ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਅਤੇ ਅੱਜ ਕਲਾਨੌਰ ਸ਼ਮਸ਼ਾਨਘਾਟ ਵਿੱਚ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਘਟਨਾ ਨੂੰ ਲੈ ਕੇ ਕਲਾਨੌਰ ਅਤੇ ਆਸ ਪਾਸ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਮਹਿਸੂਸ ਕੀਤੀ ਜਾ ਰਹੀ ਹੈ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਵਿਕਰਮਜੀਤ ਉਰਫ਼ ਵਿਨੈ (20) ਦੇ ਪਿਤਾ ਨਾਨਕ ਚੰਦ ਨੇ ਦੱਸਿਆ ਕਿ ਉਸਦਾ ਪੁੱਤਰ ਵਿਕਰਮਜੀਤ ਉਰਫ਼ ਵਿਨੈ, ਜੋ 28 ਅਗਸਤ ਨੂੰ ਆਪਣੇ ਦੋਸਤਾਂ ਨਾਲ ਹੜ੍ਹ ਵਿੱਚ ਫਸੇ ਲੋਕਾਂ ਦੀ ਮਦਦ ਲਈ ਪਿੰਡ ਤਲਵੰਡੀ ਰਾਮਾ ਪਹੁੰਚਿਆ ਸੀ, ਅਚਾਨਕ ਫਿਸਲ ਗਿਆ ਅਤੇ ਡੂੰਘੇ ਪਾਣੀ ਵਿੱਚ ਡੁੱਬ ਗਿਆ। ਐੱਨਡੀਆਰਐੱਫ ਅਤੇ ਗੋਤਾਖੋਰਾਂ ਦੀ ਮਦਦ ਨਾਲ ਉਸਦੀ ਬਹੁਤ ਭਾਲ ਕੀਤੀ ਗਈ ਪਰ ਉਸਦੀ ਲਾਸ਼ ਨਹੀਂ ਮਿਲੀ। ਪਰ ਕੱਲ੍ਹ ਸ਼ਾਮ ਉਸਦੀ ਲਾਸ਼ ਪਿੰਡ ਵਰਿਆਮ ਦੇ ਇੱਕ ਖੇਤ ਵਿੱਚ ਬਹੁਤ ਬੁਰੀ ਹਾਲਤ ਵਿੱਚ ਫਸੀ ਹੋਈ ਮਿਲੀ, ਜਿਸਦੀ ਪਛਾਣ ਬਿਲਕੁਲ ਵੀ ਨਹੀਂ ਹੋ ਸਕੀ, ਜਿਸ ਬਾਰੇ ਸਾਨੂੰ ਪੁਲਸ ਨੇ ਸੂਚਿਤ ਕੀਤਾ, ਫਿਰ ਅਸੀਂ ਉੱਥੇ ਪਹੁੰਚੇ ਅਤੇ ਉਸਦੇ ਪਹਿਨੇ ਹੋਏ ਕੱਪੜਿਆਂ ਤੋਂ ਆਪਣੇ ਪੁੱਤਰ ਦੀ ਪਛਾਣ ਕੀਤੀ ਗਈ ਹੈ। ਇਸ ਘਟਨਾ ਕਾਰਨ ਪੂਰੇ ਸਰਹੱਦੀ ਖੇਤਰ ਅੰਦਰ ਸੋਗ ਵਾਲੀ ਲਹਿਰ ਪਾਈ ਜਾ ਰਹੀ ਹੈ।