ਪੱਲੇਦਾਰ ਦੀ ਵਿਧਵਾ ਨੇ ਫਾਇਨਾਂਸਰ ’ਤੇ ਖਾਤੇ ’ਚੋਂ 7 ਲੱਖ ਰੁਪਏ ਕਢਵਾਉਣ ਦੇ ਲਾਏ ਦੋਸ਼

Tuesday, Dec 25, 2018 - 04:15 AM (IST)

ਪੱਲੇਦਾਰ ਦੀ ਵਿਧਵਾ ਨੇ ਫਾਇਨਾਂਸਰ ’ਤੇ ਖਾਤੇ ’ਚੋਂ 7 ਲੱਖ ਰੁਪਏ ਕਢਵਾਉਣ ਦੇ ਲਾਏ ਦੋਸ਼

ਮਲੋਟ, (ਜ. ਬ.)- ਮਲੋਟ ਦੇ ਅਜੀਤ ਨਗਰ ਵਾਰਡ ਨੰ. 11 ਦੀ ਇਕ ਵਿਧਵਾ ਅੌਰਤ ਨੇ ਸ਼ਹਿਰ ਦੇ ਇਕ ਫਾਇਨਾਂਸਰ ’ਤੇ ਉਸ ਦੇ ਖਾਤੇ ਵਿਚੋਂ ਧੋਖੇ ਨਾਲ 7 ਲੱਖ ਰੁਪਏ ਕਢਵਾਉਣ ਦਾ ਦੋਸ਼ ਲਾਉਂਦਿਆਂ ਇਨਸਾਫ ਦੀ ਮੰਗ ਕੀਤੀ ਹੈ। ਉੱਧਰ, ਫਾਇਨਾਂਸਰ ਵੱਲੋਂ ਇਸ ਨੂੰ ਪੈਸਿਅਾਂ ਦਾ ਲੈਣ-ਦੇਣ ਦਾ ਮਾਮਲਾ ਦੱਸ ਕੇ ਉਸ ਉੱਪਰ ਲਾਏ ਦੋਸ਼ਾਂ ਨੂੰ ਬੇ-ਬੁਨਿਆਦ ਦੱਸਿਆ ਹੈ। ਇਹ ਮਾਮਲਾ ਹੁਣ ਮਲੋਟ ਦੇ ਪੁਲਸ ਕਪਤਾਨ ਕੋਲ ਜਾ ਪੁੱਜਾ ਹੈ। ਇਸ ਸਬੰਧੀ ਪੁਲਸ ਕਪਤਾਨ ਨੂੰ ਕੀਤੀ ਸ਼ਿਕਾਇਤ ਅਤੇ ਪੱਤਰਕਾਰਾਂ ਨੂੰ ਦਿੱਤੇ ਬਿਆਨ ’ਚ ਜਗੀਰ ਕੌਰ ਵਿਧਵਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪਤੀ ਐੱਫ. ਸੀ. ਆਈ. ਵਿਚ ਸਰਕਾਰੀ ਪੱਲੇਦਾਰ ਸੀ, ਜਿਸ ਦਾ ਸ਼ਹਿਰ ਦੇ ਇਕ ਫਾਇਨਾਂਸਰ ਨਾਲ ਲੈਣ-ਦੇਣ ਚੱਲਦਾ ਸੀ। ਉਸ ਦੀ ਮੌਤ ਪਿੱਛੋਂ ਉਸ ਦੇ ਖਾਤੇ ਵਿਚ 7 ਲੱਖ ਰੁਪਏ 15-05-18 ਨੂੰ ਵਿਭਾਗ ਵੱਲੋਂ ਆਏ। ਇਸ ਦੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ ਪਰ ਉਕਤ ਫਾਇਨਾਂਸਰ ਨੇ ਉਸ ਨੂੰ ਇਹ ਕਹਿ ਕਿ ਬੈਂਕ ਵਿਚ ਲਿਜਾਇਆ ਕਿ ਤੇਰੀ ਪੇਮੈਂਟ ਕਰਵਾ ਦਿੰਦਾ ਹਾਂ ਪਰ ਬੈਂਕ ਜਾ ਕੇ ਉਸ ਨੇ 7 ਲੱਖ ਰੁਪਏ ਆਪਣੇ ਮੁਲਾਜ਼ਮ ਦੇ ਖਾਤੇ ਵਿਚ ਟਰਾਂਸਫਰ ਕਰਵਾ ਲਏ। ਉਸ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਪਹਿਲਾਂ ਟਾਲ-ਮਟੋਲ ਕਰਦਿਆਂ ਕਈ ਮਹੀਨੇ ਲੰਘਾ ਦਿੱਤੇ ਅਤੇ ਬਾਅਦ ਵਿਚ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ। ਦਗੀਰ ਕੌਰ ਦੇ ਨਾਲ ਉਸ ਦੇ ਪੁੱਤਰ ਜਸਵੀਰ ਸਿੰਘ ਅਤੇ ਨੂੰਹ ਸੁਰਜੀਤ ਕੌਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ। ਉੱਧਰ, ਦੂਜੇ ਪਾਸੇ ਫਾਇਨਾਂਸਰ ਮਨਜੀਤ ਸਿੰਘ ਗਿੱਲ ਨੇ ਕਿਹਾ ਕਿ ਜੋਗਿੰਦਰ ਸਿੰਘ ਦਾ ਉਸ ਨਾਲ ਪੈਸਿਅਾਂ ਸਬੰਧੀ ਲੈਣ-ਦੇਣ ਚੱਲਦਾ ਸੀ ਅਤੇ ਉਸ ਦੇ ਇਲਾਜ ਅਤੇ ਭੋਗ ਤੱਕ ਦਾ ਖਰਚਾ ਵੀ ਉਸ ਨੇ ਕੀਤਾ ਸੀ। 7 ਲੱਖ ਰੁਪਏ ਪਰਿਵਾਰ ਦੀ ਸਹਿਮਤੀ ਨਾਲ ਟਰਾਂਸਫਰ ਹੋਏ ਹਨ ਅਤੇ ਪਰਿਵਾਰ ਨੇ ਹਿਸਾਬ-ਕਿਤਾਬ ਕਰ ਕੇ ਉਸ ਨੂੰ ਲਿਖਤੀ ਤੌਰ ’ਤੇ ਕਲੀਅਰ ਸਰਟੀਫਿਕੇਟ ਦਿੱਤਾ ਹੈ, ਇਸ ਲਈ ਉਸ ਦਾ ਉਨ੍ਹਾਂ ਨਾਲ ਹੁਣ ਕੋਈ ਲੈਣ-ਦੇਣ ਨਹੀਂ। ਇਸ ਬਾਰੇ ਐੱਸ. ਪੀ. ਇਕਬਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ ਅਤੇ ਜਾਂਚ ਉਪਰੰਤ ਪੀਡ਼ਤ ਧਿਰ ਨੂੰ ਇਨਸਾਫ ਦਿੱਤਾ ਜਾਵੇਗਾ। 


author

KamalJeet Singh

Content Editor

Related News