14 ਲੱਖ ਦੀ ਆਬਾਦੀ ਵਾਲੇ ਫਾਜ਼ਿਲਕਾ  ਜ਼ਿਲੇ ’ਚ ਟਰੈਫਿਕ ਕੰਟਰੋਲ ਕਰਨ ਦਾ ਜ਼ਿੰਮਾ ਸਿਰਫ 36 ਕਰਮਚਾਰੀਆਂ ’ਤੇ

11/12/2018 6:00:22 AM

ਫਾਜ਼ਿਲਕਾ,(ਲੀਲਾਧਰ)– ਝੋਨੇ ਅਤੇ ਨਰਮੇ ਦਾ ਸੀਜ਼ਨ ਚਲ ਰਿਹਾ ਹੈ। ਸਰਦੀ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ। ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਸ਼ਹਿਰ ਦੇ ਮੁੱਖ ਮਾਰਗਾਂ ’ਤੇ ਲੋਕਾਂ ਅਤੇ ਵ੍ਹੀਕਲਾਂ ਦੀ ਵਧਦੀ ਗਿਣਤੀ ਆਵਾਜਾਈ ਦੀ ਵਿਵਸਥਾ ’ਤੇ ਭਾਰੀ ਪੈ ਰਹੀ ਹੈ। ਜ਼ਿਲੇ ਭਰ ’ਚ ਟਰੈਫਿਕ ਵਿਵਸਥਾ ਸੁਧਾਰਨ ਲਈ ਅਕਸਰ ਗੱਲਾਂ ਤਾਂ ਹੁੰਦੀਆਂ ਹਨ   ਪਰ ਸੁਧਾਰ ਨਹੀਂ ਹੁੰਦਾ। ਅਧਿਕਾਰੀ ਵਿਵਸਥਾ ਨੂੰ ਬਣਾਉਣ ਅਤੇ ਲੋਕ ਇਸ ਨਾਲ ਜੂਝ ਰਹੇ ਹਨ   ਪਰ ਕੋਈ ਹੱਲ ਨਹੀਂ ਨਿਕਲ ਰਿਹਾ। ਇਸ ਦਾ ਮੁੱਖ ਕਾਰਨ ਜਿਥੇ ਤੰਗ ਸਡ਼ਕਾਂ ਅਤੇ ਟਰੈਫਿਕ ਨਿਯਮਾਂ ਦਾ ਪਾਲਣ ਨਾ ਕਰਨਾ ਹੈ, ਉਥੇ ਟਰੈਫਿਕ ਪੁਲਸ ਕਰਮੀਆਂ ਦੀ ਭਾਰੀ ਕਮੀ ਵੀ ਹੈ। 
ਵੱਡੀ ਗਿਣਤੀ ਆਬਾਦੀ ਕੋਲ ਹਨ ਵ੍ਹੀਕਲ
ਇਲਾਕੇ ਦੇ ਕਰੀਬ 5 ਫੀਸਦੀ ਲੋਕਾਂ ਕੋਲ ਕਾਰਾਂ ਹਨ   ਪਰ ਇਨ੍ਹਾਂ ’ਚ ਜ਼ਿਆਦਾਤਰ ਕੋਲ ਕਾਰ ਖਡ਼੍ਹੀ ਕਰਨ ਲਈ ਘਰ ’ਚ ਥਾਂ ਨਹੀਂ ਹੈ। ਇਸ ਕਾਰਨ ਕਾਰਾਂ ਗਲੀਆਂ ’ਚ ਖਡ਼੍ਹੀਆਂ ਕਰ ਦਿੱਤੀਆਂ ਜਾਂਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਕਾਰ ਵਾਲਿਆਂ ਕੋਲ ਤਿੰਨ ਥਾਵਾਂ ਪਾਰਕਿੰਗ ਲਈ ਚਾਹੀਦੀਆਂ ਹਨ। ਪਹਿਲਾ ਘਰ, ਦੂਜਾ ਦਫਤਰ ਅਤੇ ਤੀਸਰਾ ਖਰੀਦਦਾਰੀ  ਲਈ ਸ਼ਹਿਰ ’ਚ ਪਾਰਕਿੰਗ। ਇਨ੍ਹਾਂ ’ਚੋਂ ਘਰ ਅਤੇ ਦਫਤਰ ’ਚ ਤਾਂ ਜਗ੍ਹਾ ਮਿਲ ਸਕਦੀ ਹੈ  ਪਰ ਸ਼ਹਿਰ ’ਚ ਕਾਰ ਖਡ਼੍ਹੀ ਕਰਨ ਲਈ ਕਿਧਰੇ ਪਾਰਕਿੰਗ ਨਹੀਂ ਹੈ। ਇਸ ਤੋਂ ਇਲਾਵਾ ਕਰੀਬ ਅੱਧੀ ਆਬਾਦੀ ਦੇ ਕੋਲ ਦੋਪਹੀਆ ਵ੍ਹੀਕਲ ਹਨ। ਨੇਡ਼ੇ ਹੋਣ ਦੇ ਬਾਵਜੂਦ ਵੀ ਲੋਕ ਖਰੀਦਦਾਰੀ ਲਈ ਵ੍ਹੀਕਲ ’ਤੇ ਹੀ ਜਾਂਦੇ ਹਨ, ਜਿਸ ਕਾਰਨ ਸ਼ਹਿਰ ’ਚ ਟਰੈਫਿਕ ਦੀ ਅੌਕਡ਼ ਪੈਦਾ ਹੁੰਦੀ ਹੈ।
ਕੋਈ ਟਰੈਫਿਕ ਪਲਾਨ ਨਹੀਂ 
ਜਗ੍ਹਾ-ਜਗ੍ਹਾ ’ਤੇ ਸਡ਼ਕਾਂ ਕਿਨਾਰੇ ਲਿਖਿਆ ਮਿਲ ਜਾਂਦਾ ਹੈ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਜਗ੍ਹਾ ਮਿਲਣ ’ਤੇ ਵ੍ਹੀਕਲ ਦੀ ਓਵਰਟੇਕ ਕਰੋ, ਹੌਲੀ ਚਲੋ ਅੱਗੇ ਸਕੂਲ ਹੈ। ਇਸ ਦੇ ਬਾਵਜੂਦ ਹਾਲਤ ਜਿਉਂ ਦੇ ਤਿਉਂ ਹਨ। ਸਡ਼ਕਾਂ ਕਿਨਾਰੇ ਚਿਤਾਵਨੀ ਬੋਰਡ ਲਿਖਣ ਨਾਲ ਮੁਸ਼ਕਲ ਦਾ ਹਲ ਨਹੀਂ ਹੋ ਜਾਂਦਾ। ਜੋ ਟਰੈਫਿਕ ਪਲਾਨ ਬਣੇ, ਉਸ ’ਤੇ ਅਮਲ ਵੀ ਹੋਵੇ। ਇਸ ਲਈ ਲੋਕਾਂ ਦਾ ਸਹਿਯੋਗ ਸਭ ਤੋਂ ਜ਼ਰੂਰੀ ਹੈ। ਸ਼ਹਿਰ ਦਾ  ਬਿਨਾਂ ਸਮਝੇ ਵਿਸਤਾਰ, ਪਬਲਿਕ ਟਰਾਂਸਪੋਰਟ ਦੀ ਕਮੀ, ਖੁੱਲ੍ਹੀਆਂ ਸਡ਼ਕਾਂ ਅਤੇ ਪੁਲਾਂ ਦੀ ਕਮੀ, ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਾ ਕਰਨਾ ਟਰੈਫਿਕ ਮੁਸ਼ਕਲ ਦੇ ਮੁੱਖ ਕਾਰਨ ਹਨ। 
ਇਥੇ ਰਹਿੰਦੈ ਜ਼ਿਆਦਾ ਜਾਮ 
ਸ਼ਹਿਰ ਦੇ ਸਾਈਕਲ ਬਾਜ਼ਾਰ, ਮਹਰਿਆਂ ਬਾਜ਼ਾਰ, ਗਊਸ਼ਾਲਾ ਰੋਡ ਅਤੇ ਸ਼ਹਿਰੀ ਰੇਲਵੇ ਕ੍ਰਾਸਿੰਗ ’ਤੇ ਜ਼ਿਆਦਾ ਦੇਰ ਤੱਕ ਜਾਮ ਰਹਿੰਦਾ ਹੈ। ਸਕੂਲ, ਕਾਲਜ ’ਚ ਛੁੱਟੀ ਦਾ ਵੇਲਾ ਹੋਵੇ ਤਾਂ ਹਾਲਤ ਹੋਰ ਵੀ ਬਦਤਰ ਹੋ ਜਾਂਦੇ ਹਨ। ਰੇਲਵੇ ਕ੍ਰਾਸਿੰਗ ਦੇ ਨੇਡ਼ੇ ਜਾਮ ਹੋਣ ਦਾ ਕਾਰਨ ਦਿਨ ਭਰ ’ਚ 12 ਵਾਰੀ ਰੇਲਵੇ ਕ੍ਰਾਸਿੰਗ ਦਾ ਬੰਦ ਹੋਣਾ ਹੈ। ਖਾਸ ਤੌਰ ’ਤੇ ਸਵੇਰੇ 9 ਵਜੇ ਜਦੋਂ ਸਕੂਲ ਖੁੱਲ੍ਹਦੇ ਹਨ ਅਤੇ ਦੁਪਹਿਰ ਦੇ 3 ਵਜੇ ਜਦੋਂ ਛੁੱਟੀ ਹੋ ਜਾਂਦੀ ਹੈ। ਬੱਚੇ ਰੇਲਵੇ ਫਾਟਕ ਦੇ ਪਹੁੰਦੇ ਹਨ ਤਾਂ ਫਾਟਕ ਬੰਦ ਅਤੇ ਵ੍ਹੀਕਲਾਂ ਦੀਆਂ ਲੰਬੀਆਂ ਕਤਾਰਾਂ ਨਜ਼ਰ ਆਉਂਦੀਆਂ ਹਨ। ਇਸ ਤੋਂ ਇਲਾਵਾ ਸ਼ਾਮ ਨੂੰ ਜਦੋਂ ਬੱਚੇ ਟਿਊਸ਼ਨ  ਲਈ ਜਾਂਦੇ ਹਨ ਤਾਂ ਵੀ ਇਹ ਹਾਲ ਹੁੰਦਾ ਹੈ। ਇਥੇ ਅੰਡਰਬ੍ਰਿਜ ਜਿਸ ਦੇ ਜਲਦ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਹੈ, ਦੇ ਪੂਰਾ ਹੋਣ ਮਗਰੋਂ ਇਸ ਮੁਸ਼ਕਲ ’ਤੇ ਬਹੁਤ ਹੱਦ ਤੱਕ ਕਾਬੂ ਪਾਇਆ ਜਾ ਸਕੇਗਾ। 
ਇਸ ਦੇ ਨਾਲ ਹੀ ਕਈ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਅੱਗੇ ਸਾਮਾਨ ਰੱਖ ਕੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਵੀ ਟਰੈਫਿਕ ਦੀ ਮੁਸ਼ਕਲ ਪੈਦਾ ਹੁੰਦੀ ਹੈ। 
 ਪੁਲਸ ਕਰਮਚਾਰੀਆਂ ਦੇ ਸਹਾਰੇ ਟਰੈਫਿਕ 
ਸਾਲਾਂ ਪਹਿਲਾਂ ਲਾਈ ਗਈ ਟਰੈਫਿਕ ਪੁਲਸ ਦੀ ਤੁਲਨਾ ’ਚ ਫਾਜ਼ਿਲਕਾ ਜ਼ਿਲੇ ਦੀ ਆਬਾਦੀ ’ਚ ਭਾਰੀ ਵਾਧਾ ਹੋਇਆ ਹੈ। ਜ਼ਿਲੇ ਦੀ ਆਬਾਦੀ ਹੁਣ 14 ਲੱਖ ਦੇ ਨੇਡ਼ੇ ਪਹੁੰਚ ਗਈ ਹੈ। 
ਇਸ ’ਚ ਫਾਜ਼ਿਲਕਾ ਉਪਮੰਡਲ ਦੀ ਆਬਾਦੀ 3,98,382, ਜਲਾਲਾਬਾਦ ਸਬ-ਡਵੀਜ਼ਨ ਦੀ ਆਬਾਦੀ 3,38,835 ਅਤੇ ਅਬੋਹਰ ਉਪਮੰਡਲ ਦੀ ਆਬਾਦੀ 4,43,266 ਸੀ, ਜਦਕਿ 2011 ਦੀ ਮਰਦਮਸ਼ਮਾਰੀ ਮੁਤਾਬਕ ਜ਼ਿਲੇ ਦੀ ਆਬਾਦੀ 11,80, 483 ਸੀ। 2011 ’ਚ ਫਾਜ਼ਿਲਕਾ ਦੇ ਜ਼ਿਲਾ ਬਣਨ ਮਗਰੋਂ ਇਸ ’ਚ ਆਉਣ-ਜਾਣ ਵਾਲੇ ਵ੍ਹੀਕਲਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਜੇਕਰ ਕੁਝ ਨਹੀਂ ਵਧਿਆ ਤਾਂ ਉਹ ਟਰੈਫਿਕ ਕਰਮਚਾਰੀਆਂ ਦੀ ਗਿਣਤੀ ’ਚ ਵਾਧਾ ਨਹੀਂ ਹੋਇਆ ਹੈ। ਅੱਜ ਹਾਲਤ ਇਹ ਹੈ ਕਿ ਕਰੀਬ 1 ਲੱਖ ਦੀ ਆਬਾਦੀ ਪਿੱਛੇ ਟਰੈਫਿਕ ਪੁਲਸ ਦੇ 2 ਹੀ ਕਰਮਚਾਰੀ ਤਾਇਨਾਤ ਹਨ, ਭਾਵ ਕਿ ਜ਼ਿਲੇ ਭਰ ’ਚ ਆਵਾਜਾਈ ਸੁਧਾਰਨ ਦਾ ਜ਼ਿੰਮਾ ਸਿਰਫ 36 ਪੁਲਸ ਕਰਮਚਾਰੀਆਂ ’ਤੇ ਹੈ, ਜਿਨ੍ਹਾਂ ’ਚ 3 ਐੱਸ. ਆਈ., 4 ਏ. ਐੱਸ. ਆਈ., 25 ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਅਤੇ ਪੰਜਾਬ ਹੋਮ ਗਾਰਡ ਦੇ 4 ਜਵਾਨ ਸ਼ਾਮਲ ਹਨ। 
ਪੱਥਰਾਂ ਨੂੰ ਬਣਾਇਆ ਡਿਵਾਈਡਰ 
 ਟਰੈਫਿਕ ਪੁਲਸ ਵੱਲੋਂ ਸ਼ਹਿਰ ’ਚ ਟਰੈਫਿਕ ਵਿਵਸਥਾ ’ਚ ਸੁਧਾਰ ਲਿਆਉਣ ਲਈ ਪੱਥਰਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਟਰੈਫਿਕ ਪੁਲਸ ਵੱਲੋਂ ਸਾਈਕਲ ਬਾਜ਼ਾਰ ਚੌਕ ਦੇ ਨੇਡ਼ੇ ਅਤੇ ਸ਼ਹਿਰੀ ਰੇਲਵੇ ਕ੍ਰਾਸਿੰਗ ’ਤੇ ਵੱਡੇ-ਵੱਡੇ ਪੱਥਰ ਲਾ ਕੇ ਟਰੈਫਿਕ ਨੂੰ ਦੋ ਹਿੱਸਿਆਂ ’ਚ ਵੰਡਿਆ ਗਿਆ ਹੈ, ਭਾਵ ਕਿ ਪੱਥਰਾਂ ਨੂੰ ਹੀ ਡਿਵਾਈਡਰ ਬਣਾ ਕੇ ਕੰਮ ਚਲਾਇਆ ਜਾ ਰਿਹਾ ਹੈ। 
 ਕਰਮਚਾਰੀਆਂ ਦੀ ਘਾਟ ਨਹੀਂ : ਟਰੈਫਿਕ ਇੰਚਾਰਜ 
 ਇਸ ਬਾਰੇ ਜਦੋਂ ਟਰੈਫਿਕ ਪੁਲਸ ਦੇ ਜ਼ਿਲਾ ਇੰਚਾਰਜ ਸਰਦੂਲ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਿਲੇ ਭਰ ’ਚ ਟਰੈਫਿਕ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਜਵਾਨ ਪੂਰੇ ਹਨ। ਮੁੱਖ ਚੋਰਾਹਿਆਂ ’ਤੇ ਜਵਾਨ ਤਾੲਿਨਾਤ ਹਨ ਅਤੇ ਜ਼ਿਲੇ ਦੇ ਵੱਖ-ਵੱਖ ਸ਼ਹਿਰਾਂ ’ਚ ਪੀ. ਸੀ. ਆਰ. ਜਵਾਨ ਵੀ ਤਾਇਨਾਤ ਹਨ। ਪੀ. ਸੀ. ਆਰ ’ਚ ਮਹਿਲਾ ਪੁਲਸ ਕਰਮਚਾਰੀ ਵੀ ਹਨ। ਜੇਕਰ ਕਿਧਰੇ ਟਰੈਫਿਕ ਜਾਮ ਦੀ  ਸੂਚਨਾ ਮਿਲਦੀ ਹੈ ਤਾਂ ਜਵਾਨ ਤੁਰੰਤ ਮੌਕੇ   ’ਤੇ ਪੁੱਜ ਜਾਂਦੇ ਹਨ। 


Related News