ਬਲਾਕ ਸੰਮਤੀ ਫਾਜ਼ਿਲਕਾ ਦੇ ਵਾਈਸ ਚੇਅਰਮੈਨ ਅਤੇ ਵਿਧਾਇਕ ਘੁਬਾਇਆ ਦੇ ਪੀ. ਏ. ’ਤੇ ਧਰਨਾਕਾਰੀਆਂ ਕੀਤਾ ਹਮਲਾ

03/18/2021 11:58:43 AM

ਫਾਜ਼ਿਲਕਾ (ਨਾਗਪਾਲ,ਜ. ਬ.): ਬਲਾਕ ਸੰਮਤੀ ਫਾਜ਼ਿਲਕਾ ਦੇ ਦਫਤਰ ਅੱਗੇ ਰਸਤੇ ਦੇ ਵਿਚਕਾਰ ਬੁੱਧਵਾਰ ਦੁਪਹਿਰ ਨੂੰ ਧਰਨਾ ਲਗਾ ਕੇ ਬੈਠੇ ਕੁਝ ਵਿਅਕਤੀਆਂ ਨੂੰ ਰਸਤੇ ਤੋਂ ਇਕ ਪਾਸੇ ਜਾਂ ਸਬੰਧਤ ਅਧਿਕਾਰੀ ਦੇ ਦਫਤਰ ਅੱਗੇ ਧਰਨੇ ’ਤੇ ਬੈਠਣ ਸਬੰਧੀ ਕਹਿਣ ’ਤੇ ਗੁੱਸੇ ’ਚ ਆਏ ਧਰਨਾਕਾਰੀਆਂ ਨੇ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਬਲਦੇਵ ਸਿੰਘ ਉਰਫ ਸੁੱਖਾ ਅਤੇ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਨਿੱਜੀ ਸਹਾਇਕ ਹਰਬੰਸ ਸਿੰਘ ’ਤੇ ਹਮਲਾ ਕਰ ਕੇ ਦੋਵਾਂ ਨੂੰ ਜ਼ਖਮੀ ਕਰ ਦਿੱਤਾ। ਇਸ ਹਮਲੇ ’ਚ ਵਾਈਸ ਚੇਅਰਮੈਨ ਨੂੰ ਵੱਧ ਅਤੇ ਡੂੰਘੀਆਂ ਸੱਟਾਂ ਲੱਗੀਆਂ ਹਨ।

ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਬਲਦੇਵ ਸਿੰਘ ਉਰਫ ਸੁੱਖਾ ਵਾਸੀ ਪਿੰਡ ਬੱਖੂਸ਼ਾਹ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਲਗਭਗ 1 ਵਜੇ ਕੁਝ ਮਨਰੇਗਾ ਨਾਲ ਸਬੰਧਤ ਪ੍ਰਦਰਸ਼ਨਕਾਰੀਆਂ ਨੇ ਬਲਾਕ ਸੰਮਤੀ ਦਫਤਰ ਦੇ ਰਸਤੇ ਵਿਚਕਾਰ ਧਰਨਾ ਲਾਇਆ ਹੋਇਆ ਸੀ ਅਤੇ ਉਕਤ ਧਰਨਾਕਾਰੀ ਫਾਜ਼ਿਲਕਾ ਦੇ ਪੇਂਡੂ ਵਿਕਾਸ ਅਧਿਕਾਰੀਆਂ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ। ਉਸਨੇ ਉਕਤ ਵਿਅਕਤੀਆਂ ਨੂੰ ਸੜਕ ਦੇ ਇਕ ਪਾਸੇ ਬੈਠਣ ਜਾਂ ਬੀ. ਡੀ. ਪੀ. ਓ. ਦਫਤਰ ਅੱਗੇ ਬੈਠਣ ਦੀ ਗੱਲ ਕਹੀ ਤਾਂ ਧਰਨਾਕਾਰੀਆਂ ਨੇ ਉਸ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਕੁਝ ਧਰਨਾਕਾਰੀਆਂ ਨੇ ਉਸ ’ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੇ ਸਿਰ ਅਤੇ ਹੱਥ ’ਤੇ ਸੱਟਾਂ ਲੱਗੀਆਂ ਹਨ ਅਤੇ ਉਹ ਖੂਨ ਨਾਲ ਲੱਥਪੱਥ ਹੋ ਗਿਆ। ਨੇੜੇ ਹੀ ਖੜ੍ਹੇ ਵਿਧਾਇਕ ਘੁਬਾਇਆ ਦੇ ਪੀ. ਏ. ਹਰਬੰਸ ਸਿੰਘ ਨੇ ਉਕਤ ਵਿਅਕਤੀਆਂ ਦਾ ਵਿਰੋਧ ਕਰਦੇ ਹੋਏ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀਆਂ ਨੇ ਉਸ ’ਤੇ ਵੀ ਡਾਗਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੇ ਵੀ ਪਿੱਠ ਅਤੇ ਸਰੀਰ ਦੇ ਹੋਰਨਾਂ ਹਿੱਸਿਆਂ ’ਤੇ ਸੱਟਾਂ ਲੱਗੀਆਂ ਹਨ।

ਇਸ ਦੌਰਾਨ ਮੌਕੇ ’ਤੇ ਖ਼ੜੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਹੋਰਨਾਂ ਵਿਅਕਤੀਆਂ ਨੇ ਉਨ੍ਹਾਂ ਨੂੰ ਇਲਾਜ ਦੇ ਲਈ ਸਥਾਨਕ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ।ਥਾਣਾ ਸਿਟੀ ਫਾਜ਼ਿਲਕਾ ਦੇ ਇੰਚਾਰਜ਼ ਬਲਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ 11 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ।


Shyna

Content Editor

Related News