ਪ੍ਰੇਮ ਸੰਬੰਧਾਂ ਤੋਂ ਖਫ਼ਾ ਪਿਓ-ਪੁੱਤ ਨੇ ਧੀ ਨੂੰ ਦਿੱਤੀ ਦਰਦਨਾਕ ਮੌਤ, ਪ੍ਰੇਮੀ ਦੇ ਹੋਏ ਕਤਲ ਮਗਰੋਂ ਖੁੱਲ੍ਹੇ ਵੱਡੇ ਭੇਤ

Monday, May 15, 2023 - 01:45 PM (IST)

ਪ੍ਰੇਮ ਸੰਬੰਧਾਂ ਤੋਂ ਖਫ਼ਾ ਪਿਓ-ਪੁੱਤ ਨੇ ਧੀ ਨੂੰ ਦਿੱਤੀ ਦਰਦਨਾਕ ਮੌਤ, ਪ੍ਰੇਮੀ ਦੇ ਹੋਏ ਕਤਲ ਮਗਰੋਂ ਖੁੱਲ੍ਹੇ ਵੱਡੇ ਭੇਤ

ਬਠਿੰਡਾ (ਸੁਖਵਿੰਦਰ) : ਹਰਪਾਲ ਨਗਰ ’ਚ ਇਕ ਨੌਜਵਾਨ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਪਲਾਟ ’ਚ ਸੁੱਟਣ ਦੇ ਮਾਮਲੇ ’ਚ ਜ਼ਿਲ੍ਹਾ ਪੁਲਸ ਨੇ ਪਰਸਰਾਮ ਨਗਰ ਦੇ ਰਹਿਣ ਵਾਲੇ ਪਿਉ-ਪੁੱਤ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ ਮੁਲਜ਼ਮ ਪਿਛਲੇ ਸਾਲ ਆਪਣੀ ਧੀ ਦਾ ਕਤਲ ਕਰ ਕੇ ਖ਼ੁਦਕੁਸ਼ੀ ਦਾ ਰੂਪ ਦੇ ਕੇ ਫ਼ਰਾਰ ਹੋ ਗਏ ਸਨ ਅਤੇ ਹੁਣ ਫਿਰ ਉਨ੍ਹਾਂ ਨੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਪਰ ਇਸ ਵਾਰ ਉਹ ਪੁਲਸ ਦੇ ਹੱਥੋਂ ਨਹੀਂ ਬਚ ਸਕੇ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਚੰਦਸਰ ਬਸਤੀ ਦੇ ਰਹਿਣ ਵਾਲੇ ਨੌਜਵਾਨ ਰਾਹੁਲ ਕੁਮਾਰ ਦੀ ਲਾਸ਼ 12 ਮਈ ਨੂੰ ਹਰਪਾਲ ਨਗਰ ਦੇ ਇਕ ਪਲਾਟ ’ਚੋਂ ਬਰਾਮਦ ਹੋਈ ਸੀ, ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ- ਪ੍ਰੇਮ ਸਬੰਧਾਂ ਨੂੰ ਲੈ ਕੇ ਨੌਜਵਾਨ ਦਾ ਕਤਲ, ਪ੍ਰੇਮਿਕਾ ਤੇ ਉਸ ਦੇ ਮਾਂ-ਪਿਓ ਖ਼ਿਲਾਫ਼ ਮਾਮਲਾ ਦਰਜ

ਇਸ ਸਬੰਧੀ ਸੀ. ਆਈ. ਏ. ਸਟਾਫ-1 ਦੇ ਇੰਚਾਰਜ ਇੰਸਪੈਕਟਰ ਤ੍ਰਿਲੋਚਨ ਸਿੰਘ ਨੇ ਇਕ ਪਿਉ-ਪੁੱਤਰ ਲਕਸ਼ਮਣ ਕੁਮਾਰ ਉਰਫ ਲੱਛੂ ਅਤੇ ਉਸ ਦੇ ਮੁੰਡੇ ਲਾਲੂ ਕੁਮਾਰ ਉਰਫ ਲਾਲੂ ਉਰਫ ਰਾਹੁਲ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਤਲ ਦਾ ਜੁਰਮ ਕਬੂਲ ਕਰ ਲਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਲਕਸ਼ਮਣ ਕੁਮਾਰ ਨੂੰ ਸ਼ੱਕ ਸੀ ਕਿ ਮ੍ਰਿਤਕ ਰਾਹੁਲ ਕੁਮਾਰ ਉਸ ਦੀ ਮ੍ਰਿਤਕ ਕੁੜੀ ਨਾਲ ਛੇੜਛਾੜ ਕਰਦਾ ਸੀ ਅਤੇ ਇਸੇ ਦੁਸ਼ਮਣੀ ਦੇ ਚੱਲਦਿਆਂ ਮੁਲਜ਼ਮ 11 ਮਈ ਨੂੰ ਮ੍ਰਿਤਕ ਰਾਹੁਲ ਕੁਮਾਰ ਨੂੰ ਆਪਣੇ ਘਰ ਲੈ ਗਏ ਅਤੇ ਉੱਥੇ ਲਿਜਾ ਕਿ ਉਸ ਨੂੰ ਨਸ਼ੇ ਵਾਲਾ ਪਦਾਰਥ ਪਿਲਾ ਦਿੱਤਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦਾ ਕੱਪੜੇ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਹਰਪਾਲ ਨਗਰ ਸਥਿਤ ਪਲਾਟ ’ਚ ਸੁੱਟ ਦਿੱਤਾ।

ਧੀ ਦਾ ਕਤਲ ਕਰ ਕੇ ਦਿੱਤਾ ਸੀ ਖ਼ੁਦਕੁਸ਼ੀ ਦਾ ਰੂਪ

ਐੱਸ. ਐੱਸ. ਪੀ. ਖੁਰਾਣਾ ਨੇ ਦੱਸਿਆ ਕਿ ਇਸ ਪੁੱਛਗਿੱਛ ਦੌਰਾਨ ਮੁਲਜ਼ਮਾਂ ਵੱਲੋਂ ਕੀਤੇ ਇਕ ਹੋਰ ਕਤਲ ਦਾ ਵੀ ਖ਼ੁਲਾਸਾ ਹੋਇਆ ਹੈ। ਪਤਾ ਲੱਗਾ ਹੈ ਕਿ ਮੁਲਜ਼ਮ ਲਕਸ਼ਮਣ ਕੁਮਾਰ ਦੀ ਕੁੜੀ ਦੇ ਕਿਸੇ ਹੋਰ ਧਰਮ ਦੇ ਮੁੰਡੇ ਨਾਲ ਪ੍ਰੇਮ ਸਬੰਧ ਸਨ ਅਤੇ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ, ਜੋ ਕਿ ਲਛਮਣ ਕੁਮਾਰ ਨੂੰ ਮਨਜ਼ੂਰ ਨਹੀਂ ਸੀ। ਇਸੇ ਲਈ ਉਸ ਨੇ 2 ਸਤੰਬਰ 2022 ਨੂੰ ਆਪਣੀ ਧੀ ਪੂਨਮ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਕਤਲ ਨੂੰ ਖ਼ੁਦਕੁਸ਼ੀ ਵਰਗਾ ਬਣਾਉਣ ਲਈ ਉਸ ਦੀ ਲਾਸ਼ ਨੂੰ ਲਟਕਾ ਦਿੱਤਾ। ਇਸ ਤਰ੍ਹਾਂ ਉਹ ਪੁਲਸ ਨੂੰ ਗੁੰਮਰਾਹ ਕਰਨ ’ਚ ਕਾਮਯਾਬ ਹੋ ਗਿਆ ਅਤੇ ਸਜ਼ਾ ਤੋਂ ਬਚ ਗਿਆ ਪਰ ਹੁਣ ਉਸ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ। ਉਸ ਨੇ ਦੱਸਿਆ ਕਿ ਮੁਲਜ਼ਮ ਪਿਉ-ਪੁੱਤ ਮੂਲ ਰੂਪ ਤੋਂ ਗੁਜਰਾਤ ਦੇ ਰਹਿਣ ਵਾਲੇ ਹਨ ਅਤੇ ਸੰਡੇ ਬਾਜ਼ਾਰ ’ਚ ਕੱਪੜੇ ਵੇਚਣ ਦਾ ਕੰਮ ਕਰਦੇ ਸਨ।

ਇਹ ਵੀ ਪੜ੍ਹੋ- ਸਾਲੇ ਦੀ ਬਰਾਤੇ ਆਏ ਜੀਜਿਆਂ ਦੀ ਬੇਰਹਿਮੀ ਨਾਲ ਕੁੱਟਮਾਰ, ਹੈਰਾਨ ਕਰ ਦੇਣ ਵਾਲਾ ਹੈ ਮਾਮਲਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News