ਸ਼ਹੀਦ ਕਿਸਾਨ ਸਿਰਥਲਾ ਦੇ ਵਾਰਿਸਾਂ ਨੂੰ ਮੁਆਵਜ਼ਾ ਦਿਵਾਉਣ ਲਈ ਕਿਸਾਨਾਂ ਵੱਲੋਂ ਧਰਨਾ ਸ਼ੁਰੂ

08/02/2021 9:53:07 PM

ਪਾਇਲ (ਵਿਨਾਇਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਿੱਲੀ ਮੋਰਚੇ ’ਚ ਸ਼ਹੀਦ ਹੋਏ ਕਿਸਾਨ ਲਾਭ ਸਿੰਘ ਸਿਰਥਲਾ ਦੇ ਵਾਰਿਸਾਂ ਨੂੰ ਮੁਆਵਜ਼ਾ ਦਿਵਾਉਣ ਦੀ ਮੰਗ ਨੂੰ ਲੈ ਕੇ ਅਤੇ ਸੜੀ ਹੋਈ ਕਣਕ ਦਾ ਮੁਆਵਜ਼ਾ ਪੀੜਤ ਕਿਸਾਨਾਂ ਨੂੰ ਦਿਵਾਉਣ ਦੀ ਮੰਗ ਨੂੰ ਲੈ ਕੇ ਪਾਇਲ ਦੇ ਐੱਸ. ਡੀ. ਐੱਮ. ਦਫਤਰ ਦੇ ਅੱਗੇ ਅੱਜ ਤੋਂ ਦਿਨ-ਰਾਤ ਦਾ ਲਗਾਤਾਰ ਧਰਨਾ ਸ਼ੁਰੂ ਕਰ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਦੋਰਾਹਾ ਅਤੇ ਬਲਾਕ ਮਲੌਦ ਦੇ ਆਗੂਆਂ ਦੀ ਅਗਵਾਈ ਵਿੱਚ ਦਿੱਤੇ ਜਾ ਰਹੇ ਇਸ ਧਰਨੇ ’ਚ ਇਲਾਕੇ ਦੇ ਪਿੰਡਾਂ ਵਿਚੋਂ ਵੱਡੀ ਗਿਣਤੀ ਕਿਸਾਨ ਤੇ ਮਜ਼ਦੂਰ ਮਰਦ-ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਆਕਾਸ਼ ਗੁੰਜਾਊ ਨਾਅਰੇ ਲਾਏ ਗਏ ਅਤੇ ਸ਼ਹੀਦ ਕਿਸਾਨ ਲਾਭ ਸਿੰਘ ਸਿਰਥਲਾ ਦੇ ਵਾਰਿਸਾਂ ਨੂੰ ਮੁਆਵਜ਼ਾ ਦਿਵਾਉਣ ਲਈ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਗਈ। ਇਸ ਮੌਕੇ ਧਰਨਾਕਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਹੋਏ ਕਿਸਾਨਾਂ ਦੇ ਵਾਰਿਸਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਅਤੇ ਘਰ ਦੇ ਇਕ-ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਜ਼ਖ਼ਮੀ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਦਾ ਮੁਆਵਜ਼ਾ ਅਤੇ ਇਲਾਜ ਸਰਕਾਰੀ ਖਰਚੇ ’ਤੇ ਕੀਤਾ ਜਾਵੇ।

ਇਹ ਵੀ ਪੜ੍ਹੋ : ਫਾਈਨਲ ਖਤਮ ਹੁੰਦਿਆਂ ਭਾਵੁਕ ਹੋਏ ਕਮਲਪ੍ਰੀਤ ਦੇ ਮਾਤਾ-ਪਿਤਾ, ਬੋਲੇ-ਛੇਵੇਂ ਸਥਾਨ ’ਤੇ ਰਹਿਣਾ ਵੀ ਵੱਡੀ ਪ੍ਰਾਪਤੀ

PunjabKesari

ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਸੁਦਾਗਰ ਸਿੰਘ ਘੁਡਾਣੀ, ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਪੰਜੇਟਾ, ਬਲਾਕ ਕਨਵੀਨਰ ਪਰਮਵੀਰ ਘਲੋਟੀ ਤੇ ਲਖਵਿੰਦਰ ਸਿੰਘ ਉਕਸੀ, ਬਲਵੰਤ ਸਿੰਘ ਘੁਡਾਣੀ ਆਦਿ ਨੇ ਉਪਰੋਕਤ ਮੰਗਾਂ ਪੂਰੀਆਂ ਕਰਵਾਉਣ ਲਈ ਵਿਸ਼ਾਲ ਏਕੇ ਅਤੇ ਦ੍ਰਿੜ੍ਹ ਸੰਘਰਸ਼ ’ਤੇ ਟੇਕ ਰੱਖਣ ਦਾ ਸੱਦਾ ਦਿੱਤਾ। ਕਿਸਾਨ ਆਗੂਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਉਪਰੋਕਤ ਮੰਗਾਂ ਪੂਰੀਆਂ ਹੋਣ ਤੱਕ ਇਹ ਧਰਨਾ ਕਿਸੇ ਵੀ ਕੀਮਤ ’ਤੇ ਖਤਮ ਨਹੀਂ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ’ਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ’ਤੇ ਜ਼ੋਰ ਦਿੱਤਾ। ਇਸ ਰੋਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਮਨਦੀਪ ਕੌਰ ਸਿਹੌੜਾ, ਪ੍ਰਿੰਸੀਪਲ ਕਰਨੈਲ ਕੌਰ ਕਲਾਹੜ, ਰਾਜਿੰਦਰ ਸਿੰਘ ਸਿਆੜ, ਮਨਪ੍ਰੀਤ ਸਿੰਘ ਘਣਗਸ਼, ਮੋਨੀ ਕਲਾਹੜ, ਮਹਿੰਦਰ ਸਿੰਘ ਝੱਮਟ, ਜੱਸਾ ਗਿੱਦੜੀ, ਪਵਨਦੀਪ ਘੁਡਾਣੀ ਖੁਰਦ, ਹਾਕਮ ਸਿੰਘ ਜਰਗੜੀ, ਹਰਪ੍ਰੀਤ ਸਿੰਘ ਗਰੇਵਾਲ, ਜਗਦੇਵ ਸਿੰਘ ਨਸਰਾਲੀ ਆਦਿ ਨੇ ਵੀ ਸੰਬੋਧਨ ਕੀਤਾ।

ਕਿਸਾਨ ਸਿਰਥਲਾ ਦੇ ਵਾਰਿਸਾਂ ਨੂੰ ਨਹੀਂ ਦਿੱਤਾ ਕੋਈ ਮੁਆਵਜ਼ਾ 
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਕਿਸਾਨ ਲਹਿਰ ’ਚ ਵਿਛੜ ਚੁੱਕੇ ਕਿਸਾਨ ਸਾਥੀ ਲਾਭ ਸਿੰਘ ਸਿਰਥਲਾ ਦੇ ਵਾਰਿਸਾਂ ਨੂੰ ਅਜੇ ਤੱਕ ਨਾ ਤਾਂ ਸਰਕਾਰਾਂ ਵੱਲੋਂ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਮੁਆਵਜ਼ਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਦੇ ਆਗੂ ਇਸ ਸਬੰਧ ਵਿਚ ਐੱਸ. ਡੀ. ਐੱਮ. ਪਾਇਲ ਨੂੰ ਪਹਿਲਾਂ ਹੀ ਤਿੰਨ ਵਾਰ ਮਿਲ ਚੁੱਕੇ ਹਨ, ਜਦਕਿ ਵਿਧਾਇਕ ਲਖਵੀਰ ਸਿੰਘ ਲੱਖਾ ਨੂੰ ਵੀ ਦੋ ਵਾਰ ਮਿਲ ਕੇ ਯਾਦ ਕਰਵਾਇਆ ਗਿਆ ਹੈ ਅਤੇ ਏ. ਡੀ. ਸੀ. ਲੁਧਿਆਣਾ ਨੂੰ ਵੀ ਦੋ ਵਾਰ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਹੈ। ਲਾਭ ਸਿੰਘ ਸਿਰਥਲਾ, ਜੋ ਭੂਮੀ ਪਰਖ ਵਿਭਾਗ ਖੇਤੀਬਾੜੀ ਵਿਚ ਸਮਰਾਲਾ ਵਿਖੇ ਸਰਕਾਰੀ ਨੌਕਰੀ ਕਰ ਰਹੇ ਸਨ ਤੇ ਉਹ ਮਜ਼ਦੂਰ ਜਮਾਤ ਵਿਚੋਂ ਹੋਣ ਕਾਰਨ ਵੀ ਕਿਸਾਨੀ ਦੇ ਸੰਘਰਸ਼ ਵਿਚ ਕੁੱਦੇ ਅਤੇ ਕਿਸਾਨੀ ਦੇ ਦਰਦ ਨੂੰ ਨਾ ਸਹਾਰਦੇ ਹੋਏ ਦਿੱਲੀ ਸਿੰਘੂ ਬਾਰਡਰ ’ਤੇ ਜਹਾਨ ’ਚੋਂ ਕੂਚ ਕਰ ਗਏ। ਉਨ੍ਹਾਂ ਕਿਹਾ ਕਿ ਸਰਕਾਰ ਜਾਣਬੁੱਝ ਕੇ ਇਸ ਕੇਸ ਨੂੰ ਅਣਗੌਲਿਆ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਛੜ ਚੁੱਕੇ ਸਾਥੀ ਦੇ ਵਾਰਿਸਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿਵਾਉਣਾ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਲਾਭ ਸਿੰਘ ਸਿਰਥਲਾ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਹੋਵੇਗਾ।

ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਕੈਪਟਨ ਸਰਕਾਰ ਨੇ ਨਹੀਂ ਲਈ ਸਾਰ 
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਦੋਰਾਹਾ ਬਲਾਕ ਦੇ ਕਨਵੀਨਰ ਪਰਮਵੀਰ ਘਲੋਟੀ ਤੇ ਮਲੌਦ ਬਲਾਕ ਦੇ ਕਨਵੀਨਰ ਲਖਵਿੰਦਰ ਸਿੰਘ ਉਕਸੀ ਨੇ ਕਿਹਾ ਕਿ ਭਾਜਪਾ ਦੀ ਕੇਂਦਰੀ ਹਕੂਮਤ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ ਮੁੱਢੋਂ ਰੱਦ ਕਰਾਉਣ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਸੰਯੁਕਤ ਮੋਰਚਾ ਕਿਸਾਨਾਂ-ਮਜ਼ਦੂਰਾਂ ਦੀ ਏਕਤਾ ਨਾਲ ਲਗਾਤਾਰ ਘੋਲ ਲੜ ਰਿਹਾ ਹੈ ਪਰ ਦੇਸ਼ ਦੀਆਂ ਸਮੁੱਚੀਆਂ ਸਿਆਸੀ ਧਿਰਾਂ ਨੇ ਹਰ ਵਾਰ ਕਿਸਾਨ ਮਜ਼ਦੂਰ ਵਰਗ ਨੂੰ ਵਿਸਾਰਿਆ ਹੈ ਤੇ ਭਖਦੇ ਮੁੱਦਿਆਂ ’ਤੇ ਆਪਣੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਰੋਟੀਆਂ ਸੇਕਣ ਤੱਕ ਸੀਮਤ ਹਨ। ਇਨ੍ਹਾਂ ਹਾਲਤਾਂ ਵਿਚ ਕਿਸਾਨ-ਮਜ਼ਦੂਰ ਵਰਗ ਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਲਗਾਈ ਜਾ ਸਕਦੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਇਨ੍ਹਾਂ ਮੌਤਾਂ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ, ਜਿਸ ਨੇ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਦੀਆਂ ਜ਼ਮੀਨਾਂ ’ਤੇ ਕਬਜੇ ਕਰਵਾਉਣ ਲਈ ਖੇਤੀ ਕਾਨੂੰਨ ਲਾਗੂ ਕਰਨ ਦੀ ਅੜੀ ਫੜੀ ਹੋਈ ਹੈ। ਤਿੰਨੋਂ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ-2020 ਵਾਪਿਸ ਲੈਣ ਦੀ ਮੰਗ ਕਰਦਿਆਂ ਕਿਸਾਨ ਆਗੂਆਂ ਨੇ ਸਰਕਾਰ ਤੋਂ ਮ੍ਰਿਤਕ ਕਿਸਾਨ ਲਾਭ ਸਿੰਘ ਸਿਰਥਲਾ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।   


Manoj

Content Editor

Related News