ਮੁੱਖ ਮੰਤਰੀ ਮਾਨ ਦੀ ਸੰਗਰੂਰ ਰਿਹਾਇਸ਼ 'ਤੇ ਬਣੇ ਟਿਕਰੀ ਬਾਰਡਰ ਜਿਹੇ ਹਾਲਾਤ, ਮੀਂਹ 'ਚ ਵੀ ਡਟੇ ਰਹੇ ਕਿਸਾਨ

Tuesday, Oct 11, 2022 - 10:50 AM (IST)

ਮੁੱਖ ਮੰਤਰੀ ਮਾਨ ਦੀ ਸੰਗਰੂਰ ਰਿਹਾਇਸ਼ 'ਤੇ ਬਣੇ ਟਿਕਰੀ ਬਾਰਡਰ ਜਿਹੇ ਹਾਲਾਤ, ਮੀਂਹ 'ਚ ਵੀ ਡਟੇ ਰਹੇ ਕਿਸਾਨ

ਸੰਗਰੂਰ(ਵਿਵੇਕ ਸਿੰਧਵਾਨੀ, ਸਿੰਗਲਾ, ਯਾਦਵਿੰਦਰ, ਪ੍ਰਵੀਨ) : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਇੱਥੇ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਅਣਮਿਥੇ ਸਮੇਂ ਦਾ ਪੱਕਾ ਧਰਨਾ ਦਾ ਅੱਜ ਤੀਜੇ ਦਿਨ ਹੈ। ਬੀਤੇ ਦਿਨੀਂ ਹਟ-ਹਟ ਕੇ ਵਰ੍ਹ ਰਹੇ ਮੀਂਹ ਦੇ ਬਾਵਜੂਦ ਮੁੱਖ ਮੰਤਰੀ ਮਾਨ ਦੀ ਕੋਠੀ ਸਾਹਮਣੇ ਕਿਸਾਨਾਂ ਦਾ ਇਹ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ, ਜਿਸ ’ਚ ਹੋਰ ਵੀ ਭਾਰੀ ਗਿਣਤੀ ’ਚ ਸੈਂਕੜੇ ਔਰਤਾਂ ਸਮੇਤ ਪੰਜਾਬ ਭਰ ਤੋਂ ਹਜ਼ਾਰਾਂ ਕਿਸਾਨ ਮਜ਼ਦੂਰ ਨੌਜਵਾਨ ਸ਼ਾਮਲ ਹੋਏ। ਸੜਕ ਦੇ ਦੋਵੇਂ ਪਾਸੀਂ ਟਰੈਕਟਰ-ਟਰਾਲੀਆਂ ਤੇ ਹੋਰ ਵ੍ਹੀਕਲ ਬਹੁਤ ਦੂਰ-ਦੂਰ ਤੱਕ ਖੜ੍ਹੇ ਸਨ ਅਤੇ ਥਾਂ -ਥਾਂ ਲੰਗਰ ਪਕਾਏ ਅਤੇ ਵਰਤਾਏ ਜਾ ਰਹੇ ਸਨ। ਸਟੇਜ ਦੇ ਲਾਗੇ ਨਰਿੰਦਰ ਮੋਦੀ ਅਤੇ ਵਿਸ਼ਵ ਵਪਾਰ ਸੰਸਥਾ ਸਮੇਤ ਵਿਸ਼ਵ ਬੈਂਕ ਦਾ ਦਿਓ-ਕੱਦ ਪੁਤਲਾ ਵੀ ਖੜ੍ਹਾ ਸੀ।

ਇਹ ਵੀ ਪੜ੍ਹੋ- ਮੂਸੇਵਾਲਾ ਕਤਲਕਾਂਡ 'ਚ ਸ਼ਾਮਲ ਗੈਂਗਸਟਰ ਮੰਨਾ ਤੋਂ ਜੇਲ੍ਹ 'ਚ ਮਿਲਿਆ ਮੋਬਾਇਲ, ਕਰਨ ਲੱਗਾ ਸੀ ਇਹ ਕਾਰਾ

ਸਟੇਜ ਤੋਂ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਇਹ ਮੋਰਚਾ ਬੀਤੇ ਵਰ੍ਹੇ ਜਾਂ ਐਤਕੀਂ ਗੁਲਾਬੀ ਸੁੰਡੀ ਤੇ ਨਕਲੀ ਕੀਟਨਾਸ਼ਕਾਂ ਨਾਲ, ਗੜੇਮਾਰੀ/ਭਾਰੀ ਮੀਂਹਾਂ ਜਾਂ ਵਾਇਰਲ ਰੋਗ ਨਾਲ ਕਈ ਜ਼ਿਲਿਆਂ ’ਚ ਤਬਾਹ ਹੋਏ ਨਰਮੇ ਤੇ ਹੋਰ ਫ਼ਸਲਾਂ ਸਮੇਤ ਨੁਕਸਾਨੇ ਗਏ ਮਕਾਨਾਂ ਦਾ ਪੂਰਾ-ਪੂਰਾ ਮੁਆਵਜ਼ਾ ਕਾਸ਼ਤਕਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ’ਚ ਤੁਰੰਤ ਵੰਡਾਉਣ ਲਈ, ਧਰਤੀ ਹੇਠਲੇ ਅਤੇ ਦਰਿਆਈ ਪਾਣੀਆਂ ਦੀ ਮਾਲਕੀ ਸਾਮਰਾਜੀ ਕਾਰਪੋਰੇਟਾਂ ਨੂੰ ਸੌਂਪਣ ਵਾਲੀ ਸੰਸਾਰ ਬੈਂਕ ਦੀ ਜਲ ਨੀਤੀ ਸਮੇਤ ਦੌਧਰ ਵਰਗੇ ਨਿੱਜੀ ਜਲ-ਸੋਧ ਪ੍ਰਾਜੈਕਟ ਰੱਦ ਕਰਾ ਕੇ ਸਰਕਾਰੀ ਜਲ ਸਪਲਾਈ ਸਕੀਮ ਪਹਿਲਾਂ ਵਾਂਗ ਜਾਰੀ ਰਖਾਉਣ ਲਈ, ਜ਼ੀਰਾ ਨੇੜੇ ਪ੍ਰਦੂਸ਼ਣ ਦਾ ਗੜ੍ਹ ਬਣੀ ਹੋਈ ਸ਼ਰਾਬ ਫੈਕਟਰੀ ਨੂੰ ਤੁਰਤ ਬੰਦ ਕਰਾਉਣ ਲਈ, ਲੁਧਿਆਣਾ ’ਚੋਂ ਲੰਘਦੇ ਬੁੱਢੇ ਨਾਲੇ ਦੇ ਪਾਣੀ ਦਾ ਪ੍ਰਦੂਸ਼ਣ ਅਤੇ ਟਰਾਈਡੈਂਟ ਫੈਕਟਰੀ ਦੁਆਰਾ ਸੇਮ ਨਾਲੇ ਅਤੇ ਧਰਤੀ ਹੇਠਲੇ ਪਾਣੀ ਦਾ ਪ੍ਰਦੂਸ਼ਣ ਤੁਰੰਤ ਰੋਕਣ ਲਈ, ਭਾਰਤ ਮਾਲਾ ਹਾਈਵੇ ਪ੍ਰਾਜੈਕਟ ਲਈ ਨਿਗੂਣਾ ਜਿਹਾ ਮੁਆਵਜ਼ਾ ਜਾਰੀ ਕਰ ਕੇ ਜ਼ਮੀਨਾਂ ’ਤੇ ਪੁਲਸ ਦੇ ਜ਼ੋਰ ਕਬਜ਼ੇ ਰੋਕਣ ਲਈ, ਲੰਪੀ ਸਕਿਨ ਰੋਗ ਨਾਲ ਮਰੀਆਂ ਗਊਆਂ ਦਾ ਮੁਆਵਜ਼ਾ ਮਾਰਕੀਟ ਰੇਟ ਮੁਤਾਬਕ ਪੂਰਾ ਦਿਵਾਉਣ ਲਈ, ਸੰਸਾਰ ਬੈਂਕ ਦੀ ਹਦਾਇਤ ਮੁਤਾਬਕ ਕੇਂਦਰ ਵੱਲੋਂ ਮੜ੍ਹੀ ਗਈ।

ਇਹ ਵੀ ਪੜ੍ਹੋ- ਭੈਣ ਦੀ ਲਵ-ਮੈਰਿਜ ਤੋਂ ਖ਼ਫਾ ਭਰਾ ਨੇ ਖੋਹਿਆ ਆਪਾ, ਜੀਜੇ ਨੂੰ ਘੇਰਾ ਪਾ ਕੇ ਕੀਤੀ ਵੱਢ-ਟੁੱਕ, ਦੇਖੋ ਵੀਡੀਓ

ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੋਸ਼ ਲਾਇਆ ਕਿ ਮਾਨ ਸਰਕਾਰ ਵੱਲੋਂ ਮਾਈਨਿੰਗ ਕਾਨੂੰਨ ਬਾਰੇ ਕਿਸਾਨਾਂ ਦੀ ਉਕਤ ਮੰਨੀ ਹੋਈ ਮੰਗ ਲਾਗੂ ਕਰਨ ਦੀ ਬਜਾਏ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਲਵਾਣੂ ਤੇ ਰਾਮਗੜ੍ਹ ’ਚ 8 ਅਕਤੂਬਰ ਨੂੰ ਮੁੜ ਕਿਸਾਨਾਂ ਨੂੰ ਆਪਣੀ ਜ਼ਮੀਨ ਪੱਧਰ ਕਰਨ ਲਈ ਚੁੱਕੀ ਜਾ ਰਹੀ ਮਿੱਟੀ ਤੋਂ ਜ਼ਬਰਦਸਤੀ ਰੋਕਣ ’ਤੇ ਮੁਕੱਦਮੇ ਦਰਜ ਕਰਨ ਸਮੇਂ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ। ਇਹ ਮਸ਼ੀਨਾਂ ਤੁਰੰਤ ਵਾਪਸ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਨਾਲ ਸੰਬੰਧਤ ਮੰਗਾਂ ’ਚ ਲਖੀਮਪੁਰ ਖੀਰੀ ਕਤਲਕਾਂਡ ਦੇ ਸਾਜ਼ਿਸ਼ਕਰਤਾ ਦੋਸ਼ੀ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਅਹੁਦੇ ਤੋਂ ਖਾਰਜ ਕਰ ਕੇ ਜੇਲ੍ਹ ਭੇਜਿਆ ਜਾਵੇ ਅਤੇ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਜੇਲ੍ਹ ਡੱਕੇ 4 ਬੇਗੁਨਾਹ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਕਿਸਾਨਾਂ ਸਿਰ ਮੜ੍ਹੇ ਗਏ ਸਾਰੇ ਪੁਲਸ ਕੇਸ ਵਾਪਸ ਲਏ ਜਾਣ। ਭਾਖੜਾ ਪਣ-ਬਿਜਲੀ ਪ੍ਰਾਜੈਕਟ ਦੇ ਪ੍ਰਬੰਧਕੀ ਬੋਰਡ ਦਾ ਕੰਟਰੋਲ ਕੇਂਦਰ ਦੇ ਹੱਥਾਂ ’ਚ ਲੈਣ ਦਾ ਤਾਨਾਸ਼ਾਹੀ ਫੈਸਲਾ ਰੱਦ ਕੀਤਾ ਜਾਵੇ ਅਤੇ ਪਹਿਲਾਂ ਵਾਂਗ ਪੰਜਾਬ ਹਰਿਆਣੇ ਦੇ ਸਾਂਝੇ ਕੰਟਰੋਲ ਹੇਠ ਲਿਆਂਦਾ ਜਾਵੇ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

 


author

Simran Bhutto

Content Editor

Related News