ਬੇਸਹਾਰਾ ਪਸ਼ੂਆਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ

08/04/2019 8:11:35 PM

ਭਵਾਨੀਗੜ੍ਹ (ਕਾਂਸਲ)-ਪੰਜਾਬ ਸਰਕਾਰ ਵੱਲੋਂ ਬਿਜਲੀ ਬਿੱਲਾਂ 'ਚ ਗਊ ਸੈੱਸ ਦੀ ਆਮ ਲੋਕਾਂ ਤੋਂ ਵੱਡੀ ਵਸੂਲੀ ਕੀਤੇ ਜਾਣ ਦੇ ਬਾਵਜੂਦ ਸੜਕਾਂ ਉੱਪਰ ਘੁੰਮਦੇ ਬੇਸਹਾਰਾ ਪਸ਼ੂਆਂ ਦਾ ਕੋਈ ਠੋਸ ਪ੍ਰਬੰਧ ਨਾ ਕੀਤੇ ਜਾਣ ਦੇ ਰੋਸ ਵੱਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਅਤੇ ਬਲਾਕ ਪ੍ਰਧਾਨ ਦਰਬਾਰਾ ਸਿੰਘ ਨਾਗਰਾ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਸਮੇਂ ਆਪਣੇ ਸੰਬੋਧਨ 'ਚ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੜਕਾਂ ਉੱਪਰ ਘੁੰਮਦੀਆਂ ਬੇਸਹਾਰਾ ਗਊਆਂ ਦਾ ਕਿਸੇ ਵਿਸ਼ੇਸ਼ ਜਗ੍ਹਾ 'ਤੇ ਪ੍ਰਬੰਧ ਕਰਨ ਲਈ ਕਹਿ ਕੇ ਪਿਛਲੇ ਲੰਬੇ ਸਮੇਂ ਤੋਂ ਸਮੁੱਚੇ ਪੰਜਾਬ ਦੀ ਜਨਤਾ ਕੋਲੋਂ ਬਿਜਲੀ ਬਿੱਲਾਂ 'ਚ ਗਊ ਸੈੱਸ ਟੈਕਸ ਦੀ ਵਸੂਲੀ ਤਾਂ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਇਨ੍ਹਾਂ ਬੇਸਹਾਰਾ ਗਊਆਂ ਅਤੇ ਹੋਰ ਘੁੰਮਦੇ ਪਸ਼ੂਆਂ ਦਾ ਕੋਈ ਵੀ ਵਿਸ਼ੇਸ਼ ਪ੍ਰਬੰਧ ਨਹੀਂ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਸੜਕਾਂ ਉੱਪਰ ਘੁੰਮਦੀਆਂ ਇਹ ਬੇਸਹਾਰਾ ਗਊਆਂ, ਢੱਠੇ ਅਤੇ ਹੋਰ ਪਸ਼ੂ, ਜਿਥੇ ਰੋਜ਼ਾਨਾ ਦਿਨ-ਰਾਤ ਨਵੇ ਹਾਦਸਿਆਂ ਨੂੰ ਜਨਮ ਦੇ ਰਹੇ ਹਨ, ਉਥੇ ਹੀ ਇਨ੍ਹਾਂ ਪਸ਼ੂਆਂ ਵੱਲੋਂ ਵੱਡੇ ਪੱਧਰ 'ਤੇ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਕਰ ਕੇ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਕੀਤਾ ਜਾ ਰਿਹਾ ਹੈ, ਜਿਸ ਤੋਂ ਸੂਬੇ ਦੀ ਜਨਤਾ ਅਤੇ ਕਿਸਾਨ ਹੁਣ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ਨਾਲ ਕਿਹਾ ਕਿ ਸਰਕਾਰ ਸੜਕਾਂ ਉੱਪਰ ਘੁੰਮਦੇ ਇਨ੍ਹਾਂ ਬੇਸਹਾਰਾ ਪਸ਼ੂਆਂ ਦਾ ਜਲਦ ਕੋਈ ਪ੍ਰਬੰਧ ਕਰੇ ਨਹੀਂ ਤਾਂ ਕਿਸਾਨਾਂ ਵੱਲੋਂ ਇਸ ਮੁੱਦੇ ਨੂੰ ਲੈ ਕੇ ਵੱਡਾ ਮੋਰਚਾ ਖੋਲ੍ਹਿਆ ਜਾਵੇਗਾ। ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਬਿਜਲੀ ਬਿੱਲਾਂ 'ਚ ਹੁਣ ਤੱਕ ਲੋਕਾਂ ਤੋਂ ਵਸੂਲੀ ਗਈ ਗਊ ਸੈੱਸ ਦੇ ਰੂਪ 'ਚ ਰਾਸ਼ੀ ਨੂੰ ਲੋਕਾਂ ਨੂੰ ਵਿਆਜ ਸਮੇਤ ਵਾਪਸ ਕੀਤੀ ਜਾਵੀ।

ਇਸ ਮੌਕੇ ਆਪਣੇ ਸੰਬੋਧਨ 'ਚ ਬਲਾਕ ਪ੍ਰਧਾਨ ਦਰਬਾਰਾ ਸਿੰਘ ਨਾਗਰਾ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਹੇਠਾ ਡਿੱਗਦੇ ਪੱਧਰ ਅਤੇ ਆਉਣ ਵਾਲੇ ਸਮੇਂ 'ਚ ਪਾਣੀ ਦੀ ਭਾਰੀ ਕਿੱਲਤ ਪੈਦਾ ਹੋਣ ਨਾਲ ਪੀਣ ਵਾਲੇ ਪਾਣੀ ਲਈ ਤਰਸਣ ਦੇ ਸਾਹਮਣੇ ਆ ਰਹੇ ਸੰਕੇਤਾਂ ਨੂੰ ਮੁੱਖ ਰੱਖਦੇ ਹੋਏ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਪਾਣੀ ਦੀ ਬੱਚਤ ਲਈ ਕਿਸਾਨਾਂ ਨੂੰ ਫ਼ਸਲਾਂ ਦੀ ਪੈਦਾਵਾਰ ਲਈ ਦਰਿਆਵਾਂ ਦਾ ਪਾਣੀ ਦੇਣਾ ਚਾਹੀਦਾ ਹੈ ਤਾਂ ਜੋ ਖੇਤਾਂ 'ਚ ਧਰਤੀ ਹੇਠਲੇ ਪਾਣੀ ਦੀ ਵਰਤੋਂ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਯੂਨੀਅਨ ਵੱਲੋਂ ਅਗਲੇ ਮਹੀਨੇ ਚੰਡੀਗੜ੍ਹ ਵਿਖੇ ਇਕ ਵੱਡਾ ਇਕੱਠ ਕਰ ਕੇ ਸੂਬੇ ਦੇ ਕਿਸਾਨਾਂ ਨੂੰ ਦਰਿਆਵਾਂ ਦਾ ਪਾਣੀ ਦੇਣ ਸਬੰਧੀ ਪੰਜਾਬ ਦੇ ਰਾਜਪਾਲ ਨੂੰ ਇਕ ਮੰਗ-ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਭੀਮ ਸਿੰਘ ਸੰਘਰੇੜੀ, ਜੰਗ ਸਿੰਘ ਬਾਸੀਅਰਖ, ਮਹਿੰਦਰ ਸਿੰਘ, ਮੇਜਰ ਸਿੰਘ ਲਖੇਵਾਲ, ਕਸ਼ਮੀਰ ਸਿੰਘ ਘਰਾਚੋਂ, ਮਾਲਵਿੰਦਰ ਸਿੰਘ ਭਵਾਨੀਗੜ੍ਹ, ਸੋਹਣ ਸਿੰਘ ਘਰਾਚੋਂ, ਬਘੇਲ ਸਿੰਘ, ਚਰਨਜੀਤ ਸਿੰਘ ਬਾਲਦ, ਚੰਦ ਸਿੰਘ ਚੰਨੋਂ, ਭਰਪੂਰ ਸਿੰਘ ਅਕਬਰਪੁਰ, ਲਖਵਿੰਦਰ ਸਿੰਘ ਆਲੋਅਰਖ਼, ਬਘੇਲ ਸਿੰਘ, ਗੁਰਦੇਵ ਸਿੰਘ ਅਕਬਰਪੁਰ, ਇਕਬਾਲ ਸਿੰਘ ਕਪਿਆਲ ਆਦਿ ਕਿਸਾਨ ਮੌਜੂਦ ਸਨ।


Karan Kumar

Content Editor

Related News