ਕਿਸਾਨਾਂ ਨੇ ਡੀ. ਸੀ. ਦਫਤਰ ਸਾਹਮਣੇ ਛੱਡੇ ਬੇਸਹਾਰਾ ਪਸ਼ੂ, ਕੀਤਾ ਪ੍ਰਦਰਸ਼ਨ

02/16/2020 12:56:05 PM

ਫਿਰੋਜ਼ਪੁਰ (ਭੁੱਲਰ, ਖੁੱਲਰ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਡੀ. ਸੀ. ਦਫਤਰ ਫਿਰੋਜ਼ਪੁਰ ਸਾਹਮਣੇ ਬੇਸਹਾਰਾ ਪਸ਼ੂ ਛੱਡ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਜ਼ੋਨ ਪ੍ਰਧਾਨ ਧਰਮ ਸਿੰਘ, ਮੰਗਲ ਸਿੰਘ, ਹਰਬੰਸ ਸਿੰਘ ਆਦਿ ਨੇ ਕਿਹਾ ਕਿ ਉਹ ਬੇਸਹਾਰਾ ਪਸ਼ੂਆਂ ਕਾਰਣ ਹੋ ਰਹੇ ਨੁਕਸਾਨ ਤੋਂ ਤੰਗ ਆ ਚੁੱਕੇ ਹਨ। ਸੜਕਾਂ ’ਤੇ ਦਿਨੋ-ਦਿਨ ਵਧ ਰਹੀ ਇਨ੍ਹਾਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਪਸ਼ੂਆਂ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ। ਕਰੋੜਾਂ ਰੁਪਏ ਗਊ ਸੈੱਸ ਦੇ ਨਾਂ ’ਤੇ ਇਕੱਠਾ ਕਰਨ ਵਾਲੀ ਸਰਕਾਰ ਵਲੋਂ ਇਨ੍ਹਾਂ ਪਸ਼ੂਆਂ ਦੀ ਦੇਖਭਾਲ ਅਤੇ ਸੰਭਾਲ ਨਾ ਕਰ ਮਾਤਾ ਕਹੀ ਜਾਣ ਵਾਲੀ ਗਊ ਨਾਲ ਤਾਂ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਜਥੇਬੰਦੀਆਂ ਅਤੇ ਫਿਰੋਜ਼ਪੁਰ ਦੇ ਨਜ਼ਦੀਕ ਪੈਂਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਸੈਂਕੜਿਆਂ ਦੀ ਗਿਣਤੀ ’ਚ ਬੇਸਹਾਰਾ ਪਸ਼ੂ ਸ਼ਹਿਰ ’ਚ ਛੱਡੇ ਜਾ ਰਹੇ ਹਨ। 

ਕਿਸਾਨਾਂ ਦਾ ਕਹਿਣਾ ਹੈ ਕਿ ਇਹ ਪਸ਼ੂ ਉਨ੍ਹਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜਿਸ ਕਾਰਣ ਮਜਬੂਰੀ ’ਚ ਉਨ੍ਹਾਂ ਖੇਤਾਂ ਤੋਂ ਦੂਰ ਸ਼ਹਿਰ ਵੱਲ ਧੱਕਣ ਲਈ ਮਜਬੂਰ ਹਨ। ਦੂਜੇ ਪਾਸੇ ਸ਼ਹਿਰ ਨਿਵਾਸੀਆਂ ਲਈ ਲਗਾਤਾਰ ਵਧਦੀ ਬੇਸਹਾਰਾ ਪਸ਼ੂਆਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਹ ਪਸ਼ੂ ਸ਼ਹਿਰ ਨਿਵਾਸੀਆਂ ’ਤੇ ਹਮਲੇ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਚੁੱਕੇ ਹਨ। ਪਸ਼ੂਆਂ ਦੇ ਡਰ ਤੋਂ ਬਜ਼ੁਰਗ ਅਤੇ ਬੱਚੇ ਘਰੋਂ ਬਾਹਰ ਨਹੀਂ ਨਿਕਲਦੇ। ਕਈ ਸ਼ਿਕਾਇਤਾਂ ਅਤੇ ਪਸ਼ੂਆਂ ਵਲੋਂ ਜ਼ਖਮੀ ਕਰਨ ਦੇ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਸਿਰਫ ਗੱਲਾਂ ਹੀ ਕੀਤੀਆਂ ਜਾ ਰਹੀਆਂ ਹਨ। ਸਥਾਨਕ ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਪਸ਼ੂਆਂ ਲਈ ਕੋਈ ਜਗ੍ਹਾ ਬਣਾਈ ਜਾਵੇ ਤਾਂ ਕਿ ਹੋ ਰਹੇ ਨੁਕਸਾਨ ਅਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।


rajwinder kaur

Content Editor

Related News