ਖੇਤੀਬਾੜੀ ਬਿੱਲ: ਕਿਸਾਨੀ ਵੋਟ ਬੈਂਕ ਲਈ ਵੱਖਰੇ-ਵੱਖਰੇ ਰਾਗ ਅਲਾਪ ਰਹੀਆਂ ਸਿਆਸੀ ਪਾਰਟੀਆਂ
Thursday, Sep 24, 2020 - 06:18 PM (IST)

ਸ਼ੇਰਪੁਰ (ਅਨੀਸ਼): ਕੇਂਦਰ ਦੀ ਮੋਦੀ ਸਰਕਾਰ ਵਲੋਂ ਤਿੰਨ ਕਿਸਾਨੀ ਬਿੱਲ ਲੋਕ ਸਭਾ ਅਤੇ ਰਾਜ ਸਭਾ 'ਚੋਂ ਪਾਸ ਕਰਵਾ ਲਏ ਗਏ ਹਨ ਅਤੇ ਹੁਣ ਇਹ ਬਿੱਲ ਰਾਸ਼ਟਰਪਤੀ ਪਾਸ ਭੇਜੇ ਜਾਣਗੇ ਜਿੱਥੇ ਰਾਸ਼ਟਰਪਤੀ ਦੀ ਮੋਹਰ ਲੱਗਣ ਤੋਂ ਬਾਅਦ ਇਹ ਤਿੰਨੇ ਬਿੱਲ ਕਾਨੂੰਨ ਦਾ ਰੂਪ ਅਖਤਿਆਰ ਕਰ ਲੈਣਗੇ। ਪੰਜਾਬ ਦੇ ਕਿਸਾਨਾਂ ਵਲੋਂ ਇਨ੍ਹਾਂ ਤਿੰਨਾਂ ਬਿੱਲਾਂ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਆਪਸੀ ਵਿਰੋਧ ਭੁਲਾ ਕੇ ਇਕ ਮੰਚ ਤੇ ਬਿੱਲਾਂ ਦੇ ਵਿਰੋਧ 'ਚ ਇਕੱਠੀਆਂ ਹੋ ਰਹੀਆਂ ਹਨ ਪਰ ਜੇਕਰ ਗੱਲ ਸਿਆਸੀ ਪਾਰਟੀਆਂ ਦੀ ਕਰੀਏ ਤਾਂ ਸਿਆਸੀ ਪਾਰਟੀਆਂ ਆਪਣੀ ਹੋਦ ਬਚਾਉਣ ਲਈ ਕਿਸਾਨੀ ਵੋਟ ਬੈਂਕ ਨੂੰ ਆਪਣੇ ਹੱਕ ਵਿਚ ਕਰਨ ਲਈ ਰਾਗ ਅਲਾਪ ਰਹੀਆਂ ਹਨ।
ਇਹ ਵੀ ਪੜ੍ਹੋ: ਅਸਤੀਫ਼ਾ ਦੇਣ ਮਗਰੋਂ ਅੱਜ ਪੰਜਾਬ ਪਰਤੇਗੀ ਹਰਸਿਮਰਤ, ਸਵਾਗਤ ਲਈ 100 ਗੱਡੀਆਂ ਦਾ ਕਾਫ਼ਲਾ ਰਵਾਨਾ
ਕਾਂਗਰਸ ਪਾਰਟੀ: ਜੇਕਰ ਗੱਲ ਕਾਂਗਰਸ ਪਾਰਟੀ ਦੀ ਕੀਤੀ ਜਾਵੇ ਤਾਂ ਸੂਬੇ ਅੰਦਰ ਕਾਂਗਰਸ ਪਾਰਟੀ ਸੱਤਾ 'ਚ ਹੈ ਪਰ ਹੁਣ ਤੱਕ ਸੱਤਾ 'ਚ ਹੋਣ ਦੇ ਬਾਵਜੂਦ ਕਾਂਗਰਸ ਪਾਰਟੀ ਨੇ ਕੋਈ ਸਖ਼ਤ ਕਦਮ ਨਹੀ ਚੁੱਕਿਆ। ਭਾਵੇਂ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟਾਂ ਨੇ ਦੋਵੇਂ ਸੰਸਦਾਂ ਵਿਚ ਬਿੱਲ ਦਾ ਜ਼ਬਰਦਸਤ ਵਿਰੋਧ ਕੀਤਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਿਰਫ਼ ਬਿਆਨਬਾਜ਼ੀ ਹੀ ਕੀਤੀ ਜਾ ਰਹੀ ਹੈ, ਜਿਸ ਕਰਕੇ ਕਾਂਗਰਸ ਪ੍ਰਤੀ ਵੀ ਕਿਸਾਨਾਂ ਦਾ ਰੋਹ ਵਧਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਵਲੋਂ ਬਿੱਲਾਂ 'ਤੇ ਮੁੱਖ ਮੰਤਰੀ ਦੀ ਸਹਿਮਤੀ ਲੈ ਜਾਣ ਵਾਲੇ ਬਿਆਨ ਦਾ ਵੀ ਕਿਸਾਨਾਂ 'ਚ ਭਾਰੀ ਗੁੱਸਾ ਨਜ਼ਰ ਆ ਰਿਹਾ ਹੈ। ਜੇਕਰ ਆਉਣ ਵਾਲੇ ਦਿਨਾਂ 'ਚ ਕਾਂਗਰਸ ਪਾਰਟੀ ਨੇ ਕਿਸਾਨਾਂ ਦੇ ਹੱਕ 'ਚ ਸਖ਼ਤ ਸਟੈਂਡ ਨਾ ਲਿਆ ਤਾਂ ਕਾਂਗਰਸ ਪਾਰਟੀ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ: ਖੇਤੀ ਬਿੱਲਾਂ ਦੇ ਵਿਰੋਧ 'ਚ ਯੂਥ ਕਾਂਗਰਸੀਆਂ ਨੇ ਸੰਨੀ ਦਿਓਲ ਦੀ ਤਸਵੀਰ 'ਤੇ ਮਲੀ ਕਾਲਖ਼
ਸ਼੍ਰੋਮਣੀ ਅਕਾਲੀ ਦਲ : ਜੇਕਰ ਗੱਲ ਕਿਸਾਨਾਂ ਦੀ ਸੱਚੀ ਹਮਦਰਦ ਕਹਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਜਾਵੇ ਤਾਂ ਇਹ ਪਾਰਟੀ ਕੇਂਦਰ ਵਿਚ ਮੋਦੀ ਸਰਕਾਰ ਦੀ ਭਾਈਵਾਲ ਪਾਰਟੀ ਸੀ ਅਤੇ ਹਰਸਿਮਰਤ ਕੌਰ ਬਾਦਲ ਕੈਬਨਿਟ ਦਾ ਹਿੱਸਾ ਸੀ ਜਦੋਂ ਇਹ ਆਰਡੀਨੈਂਸ ਲਿਆਦੇ ਗਏ ਸੀ ਤਾਂ ਉਸ ਸਮੇਂ ਹਰਸਿਮਰਤ ਕੌਰ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਸਾਰੀ ਜਾਣਕਾਰੀ ਸੀ , ਇੱਥੋਂ ਤੱਕ ਕਿ ਸੁਖਬੀਰ ਬਾਦਲ ਬਿੱਲ ਪੇਸ਼ ਕਰਨ ਵਾਲੇ ਦਿਨ ਤੱਕ ਕੇਂਦਰ ਸਰਕਾਰ ਦੇ ਹੱਕ 'ਚ ਬਿਆਨਬਾਜ਼ੀ ਕਰਦੇ ਰਹੇ ਪ੍ਰੰਤੂ ਪੰਜਾਬ 'ਚ ਕਿਸਾਨਾਂ ਦੇ ਰੋਸ ਨੂੰ ਦੇਖਦੇ ਹੋਏ ਉਨ੍ਹਾਂ ਯੂ-ਟਰਨ ਲੈਂਦੇ ਹੋਏ ਬੀਬੀ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਦਿਵਾ ਦਿੱਤਾ ਅਤੇ ਬਿੱਲ ਦੇ ਵਿਰੋਧ ਵਿਚ ਖੜ੍ਹੇ ਹੋ ਗਏ। ਪ੍ਰੰਤੂ ਲੋਕ ਹੁਣ ਬਹੁਤ ਸਿਆਣੇ ਹੋ ਚੁੱਕੇ ਹਨ। ਇਹ ਸਭ ਕੁਝ ਪਾਰਟੀ ਨੇ ਆਪਣੀ ਹੋਂਦ ਬਚਾਉਣ ਲਈ ਕੀਤਾ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨੀ ਦੇ ਹੱਕ 'ਚ ਪਹਿਲਾ ਹੀ ਸਖ਼ਤ ਸਟੈਂਡ ਲਿਆ ਹੁੰਦਾ ਤਾਂ ਅੱਜ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਹੋਣੇ ਸੀ।
ਇਹ ਵੀ ਪੜ੍ਹੋ: ਸ਼ਰਮਨਾਕ: ਪਤੀ ਨੇ ਦੋਸਤਾਂ ਅੱਗੇ ਪਰੋਸੀ ਪਤਨੀ, ਦਿੱਤਾ ਘਿਨੌਣੀ ਵਾਰਦਾਤ ਨੂੰ ਅੰਜਾਮ
ਆਮ ਆਦਮੀ ਪਾਰਟੀ : ਜੇਕਰ ਗੱਲ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਆਮ ਆਦਮੀ ਪਾਰਟੀ ਕੋਲ ਲੋਕ ਸਭਾ ਵਿਚ ਸਿਰਫ ਇੱਕ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਰੂਪ ਵਿਚ ਹੈ , ਭਾਵੇਂ ਭਗਵੰਤ ਮਾਨ ਵਲੋਂ ਲੋਕ ਸਭਾ ਵਿਚ ਬਿੱਲ ਦਾ ਸਖ਼ਤ ਵਿਰੋਧ ਕੀਤਾ ਗਿਆ, ਪਰ ਉਹ ਕੋਈ ਵੀ ਮਸਲਾ ਗੰਭੀਰ ਹੋ ਕੇ ਨਹੀਂ ਚੁੱਕਦੇ ਅਤੇ ਸਿਰਫ਼ ਅਕਾਲੀ ਦਲ ਦੀ ਭੰਡੀ ਕਰਨ ਤੱਕ ਹੀ ਸੀਮਿਤ ਰਹਿੰਦੇ ਹਨ, ਜਿਸ ਕਰਕੇ ਕਿਸਾਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਆਮ ਆਦਮੀ ਪਾਰਟੀ ਉਨ੍ਹਾਂ ਦੀ ਅਵਾਜ ਕੇਂਦਰ ਤੱਕ ਸਹੀ ਢੰਗ ਨਾਲ ਨਹੀ ਪਹੁੰਚਾ ਸਕਦੀ।
ਸਾਰੀਆਂ ਪਾਰਟੀਆਂ ਦੇ ਇੱਕ ਮੰਚ ਤੇ ਆਉਣ ਨਾਲ ਪਾਇਆ ਜਾ ਸਕਦਾ ਹੈ ਕੇਂਦਰ ਤੇ ਦਬਾਅ : ਜੇਕਰ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇੱਕਮੰਚ ਤੇ ਇੱਕਠੇ ਹੋਕੇ ਕਿਸਾਨੀ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਤਾਂ ਕੇਂਦਰ ਸਰਕਾਰ ਤੇ ਦਬਾਅ ਪਾਇਆ ਜਾ ਸਕਦਾ ਹੈ ਅਤੇ ਕੇਂਦਰ ਸਰਕਾਰ ਇਨ੍ਹਾਂ ਬਿੱਲਾਂ 'ਚ ਸੋਧ ਕਰਨ ਨੂੰ ਤਿਆਰ ਹੋ ਸਕਦੀ ਹੈ।