ਕਿਸਾਨੀ ਅੰਦੋਲਨ: ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸਿੰਘੂ ਬਾਰਡਰ ਦੀ ਸਟੇਜ ਤੋਂ ਦਿੱਤੀ ਜਾਵੇਗੀ ਸ਼ਰਧਾਂਜਲੀ

07/22/2021 2:21:39 PM

ਭਵਾਨੀਗੜ੍ਹ (ਵਿਕਾਸ): ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁਖੀ ਦਰਬਾਰ-ਏ-ਖ਼ਾਲਸਾ, ਸਿੱਖ ਪ੍ਰਚਾਰਕ ਹਰਜੀਤ ਸਿੰਘ ਢਪਾਲੀ ਤੇ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਕਿਸਾਨੀ ਅੰਦੋਲਨ ਦੇ ਮਹਾਨ ਸ਼ਹੀਦ ਭਾਈ ਨਵਰੀਤ ਸਿੰਘ ਡਿਬਡਿਬਾ ਅਤੇ ਕਿਸਾਨੀ ਸੰਘਰਸ਼ 'ਚ ਜਾਨਾਂ ਵਾਰਨ ਵਾਲੀਆਂ ਸਮੂਹ ਸਖਸ਼ੀਅਤਾਂ ਦੀ ਯਾਦ ਵਿੱਚ ਕਿਸਾਨ ਨੌਜਵਾਨ ਕਾਫਲਾ ਸ਼ਹੀਦ ਭਾਈ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਦੀ ਅਗਵਾਈ ਵਿੱਚ 25 ਜੁਲਾਈ ਦਿਨ ਐਤਵਾਰ ਨੂੰ ਸਵੇਰੇ 8 ਵਜੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਅਰਦਾਸ ਕਰਕੇ ਸਿੰਘੂ ਬਾਰਡਰ ਵੱਲ ਰਵਾਨਾ ਹੋਵੇਗਾ। ਸਿੱਖ ਆਗੂਆਂ ਨੇ ਦੱਸਿਆ ਕਿ ਕਿਸਾਨ ਨੌਜਵਾਨ ਕਾਫਲਾ ਸਵੇਰੇ 8 ਵਜੇ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਹੋ ਕੇ ਰਾਜਪੁਰਾ, ਅੰਬਾਲਾ, ਸ਼ਾਹਬਾਦ (ਹਰਿਆਣਾ) ਹੁੰਦਾ ਹੋਇਆ ਸ਼ਾਮ ਸਾਢੇ 5 ਵਜੇ ਸੋਨੀਪਤ ਟੋਲ ਪਲਾਜਾ ਤੋਂ ਸਿੰਘੂ ਬਾਰਡਰ ਵੱਲ ਰਵਾਨਗੀ ਪਾਵੇਗਾ।

ਭਾਈ ਮਾਝੀ ਨੇ ਦੱਸਿਆ ਕਿ ਇਸ ਕਾਫਲੇ ਵਿੱਚ ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਕਿਸਾਨ ਨੌਜਵਾਨ ਗੁਰਦੁਆਰਾ ਗੁਰੂ ਸਾਗਰ ਮਸਤੂਆਣਾ ਸਾਹਿਬ ਤੋਂ 25 ਜੁਲਾਈ ਨੂੰ ਸਵੇਰੇ ਕਾਫਲੇ ਦੇ ਰੂਪ ਵਿੱਚ ਰਵਾਨਾ ਹੋਣਗੇ ਜੋ ਰਾਜਪੁਰਾ ਵਿਖੇ ਸੁਲਤਾਨਪੁਰ ਲੋਧੀ ਤੋਂ ਚੱਲੇ ਕਿਸਾਨ ਨੌਜਵਾਨ ਕਾਫਲੇ 'ਚ ਸ਼ਾਮਲ ਹੋ ਕੇ ਸਿੰਘੂ ਬਾਰਡਰ ਵਿਖੇ ਪੁਜਣਗੇ। ਉਨ੍ਹਾਂ ਦੱਸਿਆ ਕਿ ਮਿਤੀ 26 ਜੁਲਾਈ ਨੂੰ ਸਿੰਘੂ ਬਾਰਡਰ ਦੀ ਸਟੇਜ ਤੋਂ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਅਰਦਾਸ ਕਰਕੇ ਸ਼ਹੀਦ ਭਾਈ ਨਵਰੀਤ ਸਿੰਘ ਸਮੇਤ ਕਿਸਾਨੀ ਅੰਦੋਲਨ ਦੌਰਾਨ ਜਾਨਾਂ ਵਾਰਨ ਵਾਲੀਆਂ ਸਮੂਚੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ।


Shyna

Content Editor

Related News