ਨਸ਼ਾ ਵੇਚਣ ਦਾ ਦੋਸ਼ ਲਾ ਕੇ ਨਕਲੀ ਪੁਲਸ ਨੇ ਅਗਵਾ ਕੀਤਾ ਡਾਕਟਰ

Friday, Nov 23, 2018 - 03:55 AM (IST)

ਨਸ਼ਾ ਵੇਚਣ ਦਾ ਦੋਸ਼ ਲਾ ਕੇ ਨਕਲੀ ਪੁਲਸ ਨੇ ਅਗਵਾ ਕੀਤਾ ਡਾਕਟਰ

 ਡੇਰਾਬੱਸੀ, (ਅਨਿਲ)- ਪਿੰਡ ਕੁੂਡ਼ਾਵਾਲਾ ’ਚ ਨਸ਼ੇ  ਵਾਲੇ ਪਦਾਰਥ ਵੇਚਣ ਦਾ ਦੋਸ਼ ਲਾ ਕੇ ਨਕਲੀ ਪੁਲਸ ਮੁਲਾਜ਼ਮ ਬਣ  ਕੇ  5 ਵਿਅਕਤੀਅਾਂ ਨੇ ਇਕ ਡਾਕਟਰ ਨੂੰ ਉਸ ਦੇ ਕਲੀਨਿਕ ਤੋਂ ਕਾਰ ਵਿਚ ਸੁੱਟ ਕੇ ਅਗਵਾ  ਕਰ ਲਿਆ । ਬੰਦੀ ਬਣਾ ਕੇ ਉਸ ਦੀ ਕੁੱਟ-ਮਾਰ ਕੀਤੀ ਤੇ ਛੱਡਣ ਬਦਲੇ 5 ਲੱਖ ਰੁਪਏ ਦੀ ਮੰਗ ਕੀਤੀ। ਮੁਬਾਰਕਪੁਰ ਕੈਂਪ ਸਡ਼ਕ ’ਤੇ ਇਕ ਲੱਖ ਰੁਪਏ ਦੇਣ ਤੋਂ ਬਾਅਦ ਡਾਕਟਰ ਨੂੰ ਨਕਲੀ ਪੁਲਸ ਵਾਲੇ ਛੱਡ ਕੇ ਫਰਾਰ ਹੋ ਗਏ। ਵੀਰਵਾਰ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਡੇਰਾਬੱਸੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ।ਬਰਵਾਲਾ ਮਾਰਗ ’ਤੇ ਪਿੰਡ ਕੂੁਡ਼ਾਵਾਲਾਂ ਬੱਸ ਅੱਡੇ ’ਤੇ ਕਲੀਨਿਕ ਚਲਾਉਂਦੇ  ਡਾ. ਕਮਲਜੀਤ ਸਿੰਘ ਪੁੱਤਰ ਲੇਟ ਬਲਦੇਵ ਸਿੰਘ ਵਾਸੀ ਪੰਡਵਾਲਾ ਦੇ ਨਾਲ ਮੰਗਲਵਾਰ ਰਾਤ ਨੂੰ ਇਹ ਘਟਨਾ ਵਾਪਰੀ । ਕਮਲ ਨੇ ਦੱਸਿਆ ਕਿ ਉਹ ਕਲੀਨਿਕ ਵਿਚ ਮੌਜੂਦ ਸੀ ਕਿ ਇਕ ਨੌਜਵਾਨ ਦਵਾਈ ਲੈਣ ਲਈ ਉਸ ਕੋਲ ਆਇਆ। ਅਜੇ ਉਸ ਨੂੰ ਦਵਾਈ ਦਿੱਤੀ ਵੀ ਨਹੀਂ ਸੀ ਕਿ ਚਿੱਟੇ ਰੰਗ ਦੀ ਸਵਿਫਟ ਕਾਰ ਵਿਚੋਂ ਚਾਰ ਵਿਅਕਤੀ, ਜੋ ਕਿ ਬਾਊਂਸਰਾਂ ਵਰਗੇ ਲੱਗਦੇ ਸਨ, ਵੀ ਉਸ ਦੇ ਕਲੀਨਿਕ ਵਿਚ ਅਾ ਗਏ। ਹਾਲਾਂਕਿ ਉਹ ਸਿਵਲ  ਡਰੈੱਸ ਵਿਚ ਸਨ ਪਰ ਆਪਣੇ ਆਪ ਨੂੰ ਐੱਸ. ਟੀ. ਐੱਫ. ਸਟਾਫ ਮੋਹਾਲੀ ਦੱਸ ਰਹੇ ਸਨ। ਆਉਂਦਿਅਾਂ ਹੀ ਉਨ੍ਹਾਂ ਨੇ ਉਸ ਨੂੰ ਜ਼ਬਰਦਸਤੀ ਫਡ਼ ਕੇ ਕਾਰ ਵਿਚ ਸੁੱਟ ਲਿਆ ਤੇ ਗੋਲੀ ਮਾਰਨ ਦੀ ਧਮਕੀ ਦਿੰਦੇ ਹੋਏ ਉਸ ਨਾਲ ਕੁੱਟ-ਮਾਰ ਕੀਤੀ । ਉਹ ਉਸ ਨੂੰ ਮੈਕ-ਡੀ ਚੌਕ ਦੇ ਕੋਲ 200 ਫੁੱਟ ਚੌਡ਼ੀ ਰਿੰਗ ਰੋਡ ’ਤੇ ਲੈ ਗਏ ਤੇ ਉਸ ’ਤੇ ‘ਚਿੱਟੇ’ ਦਾ ਕੇਸ ਪਾਉਣ ਦੀ ਧਮਕੀ ਦਿੱਤੀ ਤੇ ਛੱਡਣ ਲਈ 5 ਲੱਖ ਰੁਪਏ ਦੀ ਮੰਗ ਕੀਤੀ। ਇਕ ਲੱਖ ਰੁਪਏ ਵਿਚ ਸੌਦਾ ਤੈਅ ਹੋਣ ’ਤੇ ਉਸ ਨੇ ਆਪਣੀ ਪਤਨੀ ਨੂੰ ਫੋਨ ਕੀਤਾ। ਉਸ ਦੀ ਪਤਨੀ ਆਪਣੇ ਗਹਿਣੇ ਪਿੰਡ ਦੇ ਹੀ ਸ਼ਾਹੂਕਾਰ ਕੋਲ ਗਿਰਵੀ ਰੱਖ ਕੇ ਇਕ ਲੱਖ ਰੁਪਏ ਲੈ ਕੇ ਇਕ ਘੰਟੇ ਬਾਅਦ ਮੁਬਾਰਕਪੁਰ ਕੈਂਪ ਮਾਰਗ ’ਤੇ ਅੰਡਰਬ੍ਰਿਜ ਦੇ ਹੇਠਾਂ ਇਕ ਜਾਣਕਾਰ ਦੇ ਨਾਲ ਪਹੁੰਚੀ। ਪੈਸੇ ਲੈ ਕੇ ਨਕਲੀ ਪੁਲਸ ਵਾਲਿਆਂ ਨੇ ਉਸ ਨੂੰ ਅੰਡਰਬ੍ਰਿਜ ਪਾਰ ਕਰਵਾਇਆ ਤੇ ਵਾਪਸ ਭਾਂਖਰਪੁਰ ਵੱਲ ਫਰਾਰ ਹੋ ਗਏ । ਡਾ. ਕਮਲ ਨੇ ਡੇਰਾਬੱਸੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਕਮਲ ਦਾ ਕਹਿਣਾ ਹੈ ਕਿ ਨਕਲੀ ਪੁਲਸ ਵਾਲਿਆਂ ਵਿਚੋਂ  ਇਕ ਨੌਜਵਾਨ ਨੂੰ ਉਹ ਜਾਣਦਾ ਵੀ ਹੈ ਪਰ ਉਹ ਕਾਰ ਦਾ ਨੰਬਰ  ਨੋਟ ਨਹੀਂ ਕਰ ਸਕਿਆ। ਡੇਰਾਬੱਸੀ ਥਾਣਾ ਮੁਖੀ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਨੋਟਿਸ ਵਿਚ ਕੁਝ ਘੰਟੇ ਪਹਿਲਾਂ ਹੀ ਆਇਆ ਹੈ । ਪੁਲਸ ਮਾਮਲੇ ਦੀ ਪਡ਼ਤਾਲ ਕਰ  ਰਹੀ ਹੈ ਤੇ ਮੁਲਜ਼ਮਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਛੇਤੀ ਹੀ ਮਾਮਲੇ ਦੀ ਸਚਾਈ ਦਾ ਪਤਾ ਲਾ ਕੇ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ । 


Related News