ਫੈਕਟਰੀ ''ਚ ਡਾਕਾ, ਜੀਪ ''ਚ ਲੱਖਾਂ ਦੀ ਸਕਰੈਪ ਲੋਡ ਕਰ ਕੇ ਲੁਟੇਰੇ ਫਰਾਰ

Wednesday, Sep 18, 2019 - 12:22 AM (IST)

ਫੈਕਟਰੀ ''ਚ ਡਾਕਾ, ਜੀਪ ''ਚ ਲੱਖਾਂ ਦੀ ਸਕਰੈਪ ਲੋਡ ਕਰ ਕੇ ਲੁਟੇਰੇ ਫਰਾਰ

ਖੰਨਾ(ਜ. ਬ.)-ਪਿੰਡ ਭਾਦਲਾ 'ਚ ਬੀਤੀ ਰਾਤ ਫੈਕਟਰੀ 'ਚ ਡਾਕਾ ਮਾਰਿਆ ਗਿਆ । ਇੱਥੇ ਚੌਕੀਦਾਰ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਕੇ ਉਸਨੂੰ ਕਮਰੇ ਵਿਚ ਬੰਨ੍ਹਣ ਉਪਰੰਤ ਲੁਟੇਰੇ ਜੀਪ 'ਚ ਲੱਖਾਂ ਰੁਪਏ ਦੀ ਸਕਰੈਪ ਲੋਡ ਕਰ ਕੇ ਫਰਾਰ ਹੋ ਗਏ । ਜੀਪ ਵੀ ਫੈਕਟਰੀ ਮਾਲਕ ਦੀ ਹੀ ਸੀ । ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਸੀ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਕਟਰੀ ਮਾਲਕ ਦਰਸ਼ਨ ਰਾਮ ਨੇ ਦੱਸਿਆ ਕਿ ਉਨ੍ਹਾਂ ਦਾ ਰਿਸ਼ਤੇਦਾਰ ਜੀਰਾ ਰਾਮ (60) ਫੈਕਟਰੀ ਵਿਚ ਕਰੀਬ ਦਸ ਸਾਲਾਂ ਤੋਂ ਚੌਕੀਦਾਰ ਹੈ । ਰੋਜ਼ਾਨਾ ਦੀ ਤਰ੍ਹਾਂ ਉਹ ਰਾਤ ਨੂੰ ਫੈਕਟਰੀ ਵਿਚ ਹੀ ਸੌਂ ਰਿਹਾ ਸੀ ਤਾਂ ਕਰੀਬ 1 ਵਜੇ ਫੈਕਟਰੀ ਬਾਹਰ ਕਾਰ ਦੇ ਰੁਕਣ ਦੀ ਆਵਾਜ਼ ਸੁਣਾਈ ਦਿੱਤੀ । ਕਾਰ ਵਿਚ ਹਥਿਆਰਾਂ ਨਾਲ ਲੈਸ 5-6 ਵਿਅਕਤੀ ਫੈਕਟਰੀ 'ਚ ਕੰਧ ਟੱਪ ਕੇ ਵੜ ਆਏ । ਉਨ੍ਹਾਂ ਨੇ ਆਉਂਦੇ ਹੀ ਜੀਰਾ ਰਾਮ ਦੇ ਸਿਰ 'ਚ ਤਲਵਾਰ ਮਾਰੀ । ਜਿਸਦੇ ਨਾਲ ਉਹ ਲਹੂ ਲੁਹਾਨ ਹੋ ਗਿਆ । ਜੀਰਾ ਰਾਮ ਨੂੰ ਕਮਰੇ 'ਚ ਕੱਪੜਿਆਂ ਦੇ ਨਾਲ ਬੰਨ੍ਹ ਦਿੱਤਾ ਗਿਆ ਅਤੇ ਉਸਦਾ ਮੂੰਹ ਵੀ ਬੰਦ ਕਰ ਦਿੱਤਾ । ਇਸ ਉਪਰੰਤ ਫੈਕਟਰੀ ਵਿਚ ਖੜ੍ਹੀ ਜੀਪ ਨੂੰ ਲੁਟੇਰਿਆਂ ਨੇ ਸਕਰੈਪ ਨਾਲ ਭਰਿਆ ਅਤੇ ਫਰਾਰ ਹੋ ਗਏ । ਸਵੇਰੇ ਪੰਜ ਵਜੇ ਉਨ੍ਹਾਂ ਨੂੰ ਵਾਰਦਾਤ ਸੰਬੰਧੀ ਪਤਾ ਚੱਲਿਆ ਤਾਂ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ । ਭਾਦਲਾ ਅਤੇ ਆਸਪਾਸ ਇਲਾਕੇ 'ਚ ਇਹ ਕੋਈ ਪਹਿਲੀ ਵਾਰਦਾਤ ਨਹੀਂ ਹੈ । ਇਸ ਤੋਂ ਪਹਿਲਾਂ ਵੀ ਇੱਥੇ ਕਈ ਚੋਰੀਆਂ ਅਤੇ ਲੁੱਟ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਪਰ ਲੁਟੇਰਿਆਂ ਦਾ ਕੋਈ ਸੁਰਾਗ ਨਾ ਮਿਲਣ ਕਾਰਨ ਖੌਫ ਵਧਦਾ ਜਾ ਰਿਹਾ ਹੈ । ਰਾਤ ਦੇ ਸਮੇਂ ਪੂਰਾ ਇਲਾਕਾ ਸੁੰਨਸਾਨ ਹੁੰਦਾ ਹੈ । ਜਿਸਦਾ ਫਾਇਦਾ ਅਪਰਾਧੀ ਤੱਤ ਚੁੱਕਦੇ ਹਨ ।

PunjabKesari

ਸੀ. ਸੀ. ਟੀ. ਵੀ. ਵਿਚ ਕੈਦ ਹੋਏ ਲੁਟੇਰੇ
ਮਾਂ ਨੈਣਾਂ ਦੇਵੀ ਇੰਟਰਪ੍ਰਾਈਜੇਜ ਵਿੱਚ ਬੀਤੀ ਰਾਤ ਡਾਕਾ ਮਾਰਨ ਵਾਲੇ ਲੁਟੇਰੇ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਏ ਹਨ ਪਰ ਹਨੇਰਾ ਹੋਣ ਕਾਰਣ ਤਸਵੀਰਾਂ ਸਾਫ਼ ਨਹੀਂ ਆ ਰਹੀਆਂ ਹਨ । ਲੁਟੇਰੇ ਕਰੀਬ ਇਕ ਵਜੇ ਕਾਰ ਵਿਚ ਆਉਂਦੇ ਹਨ ਅਤੇ ਫਿਰ ਕੰਧ ਟੱਪਕੇ ਮਿੱਲ 'ਚ ਵੜ ਜਾਂਦੇ ਹਨ । ਕਰੀਬ ਸਵਾ ਦੋ ਵਜੇ ਉਹ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੁੰਦੇ ਹਨ ।

ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ : ਐੱਸ. ਐੱਚ. ਓ.
ਇਸ ਸਬੰਧੀ ਐੱਸ. ਐੱਚ. ਓ. ਇੰਸਪੈਕਟਰ ਬਲਜਿੰਦਰ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ । ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ।


author

Karan Kumar

Content Editor

Related News