ਸੀ. ਆਈ. ਏ.-3 ਅਤੇ ਐਕਸਾਈਜ਼ ਟੀਮ ਨੇ ਸਤਲੁਜ ਦਰਿਆ ਦੇ ਕੰਢੇ ਛਾਪੇਮਾਰੀ ਕਰ ਕੇ ਫੜੀ ਭਾਰੀ ਮਾਤਰਾ ’ਚ ਸ਼ਰਾਬ

03/27/2022 12:13:58 PM

ਲੁਧਿਆਣਾ (ਰਾਜ) : ‘ਜਗ ਬਾਣੀ’ ਨੇ ਨਸ਼ੇ ਦੇ ਮੁੱਦੇ ਨੂੰ ਸਮੇਂ-ਸਮੇਂ ’ਤੇ ਪ੍ਰਕਾਸ਼ਿਤ ਕਰ ਕੇ ਖੁਲਾਸਾ ਕੀਤਾ ਸੀ ਕਿ ਸ਼ਹਿਰ ਵਿਚ ਨਸ਼ਾ ਵਿਕਣਾ ਅਜੇ ਵੀ ਜਾਰੀ ਹੈ, ਜਿਸ ਤੋਂ ਬਾਅਦ ਹਰਕਤ ਵਿਚ ਆਈ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਸਰਚ ਸ਼ੁਰੂ ਕਰਵਾ ਦਿੱਤੀ ਹੈ। ਜਿਸ ਤੋਂ ਬਾਅਦ ਸਤਲੁਜ ਦਰਿਆ ਦੇ ਕੰਢਿਆਂ ’ਤੇ ਲੁਕ-ਛਿਪ ਕੇ ਦੇਸੀ ਸ਼ਰਾਬ ਤਿਆਰ ਕਰਨ ਵਾਲਿਆਂ ਅਤੇ ਸਮੱਗਲਰਾਂ ’ਤੇ ਸੀ. ਆਈ. ਏ.-3 ਅਤੇ ਐਕਸਾਈਜ਼ ਟੀਮ ਨੇ ਅਚਾਨਕ ਛਾਪੇਮਾਰੀ ਕਰ ਦਿੱਤੀ ਪਰ ਪੁਲਸ ਟੀਮ ਨੂੰ ਦੇਖ ਕੇ ਸਮੱਗਲਰ ਇਧਰ-ਉਧਰ ਭੱਜੇ। ਕੁਝ ਮੁਲਜ਼ਮ ਦਰਿਆ ’ਚ ਕੁੱਦ ਗਏ ਤਾਂ ਕਈ ਜੰਗਲੀ ਰਸਤਿਆਂ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ। ਹਾਲਾਂਕਿ ਪੁਲਸ ਦੇ ਹੱਥ ਕੋਈ ਮੁਲਜ਼ਮ ਨਹੀਂ ਲੱਗਾ ਪਰ ਪੁਲਸ ਨੂੂੰ ਮੌਕੇ ਤੋਂ ਭਾਰੀ ਮਾਤਰਾ ਵਿਚ ਸ਼ਰਾਬ, ਲਾਹਣ ਅਤੇ ਸ਼ਰਾਬ ਤਿਆਰ ਕਰਨ ਦਾ ਸਾਮਾਨ ਬਰਾਮਦ ਹੋਇਆ ਹੈ, ਜੋ ਕਬਜ਼ੇ ਵਿਚ ਲੈ ਲਿਆ ਹੈ। ਇਸ ਮਾਮਲੇ ਵਿਚ ਥਾਣਾ ਲਾਡੋਵਾਲ ਵਿਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : CM ਬਣਨ ਤੋਂ ਬਾਅਦ ਪਹਿਲੀ ਵਾਰ ਮਾਨਸਾ ਪਹੁੰਚੇ ਭਗਵੰਤ ਮਾਨ, ਕਿਹਾ ਕਿਸਾਨਾਂ ਦੇ ਦੁੱਖ ਵੰਡਾਉਣ ਆਇਆ ਹਾਂ

ਜਾਣਕਾਰੀ ਦਿੰਦੇ ਹੋਏ ਸੀ. ਆਈ. ਏ.-3 ਦੇ ਇੰਚਾਰਜ ਸੁਖਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲਾਡੋਵਾਲ ਸਥਿਤ ਪਿੰਡ ਭੋਲੇਵਾਲ ਜਦੀਦ ਵਿਚ ਸਤਲੁਜ ਦਰਿਆ ਕੰਢੇ ਕੁਝ ਸਮੱਗਲਰ ਭੱਠੀਆਂ ਲਾ ਕੇ ਨਾਜਾਇਜ਼ ਤੌਰ ’ਤੇ ਦੇਸੀ ਸ਼ਰਾਬ ਤਿਆਰ ਕਰਦੇ ਹਨ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸਪਲਾਈ ਕਰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਐਕਸਾਈਜ਼ ਇੰਸਪੈਕਟਰ ਇੰਦਰਪਾਲ ਸਿੰਘ ਅਤੇ ਹਰਜਿੰਦਰ ਸਿੰਘ ਦੇ ਨਾਲ ਮਿਲ ਕੇ ਸਤਲੁਜ ਦਰਿਆ ਦੇ ਕੰਢਿਆਂ ’ਤੇ ਮੁਲਜ਼ਮਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ, ਜਿਥੋਂ ਉਨ੍ਹਾਂ ਨੇ 30 ਲਿਟਰ ਦੇਸੀ ਸ਼ਰਾਬ, 1 ਡਰੰਮ, ਲੋਹਾ ਭੱਠੀ, ਇਕ ਖਾਲੀ ਕੇਨ ਪਲਾਸਟਿਕ ਅਤੇ ਮੌਕੇ ’ਤੇ 80 ਹਜ਼ਾਰ ਲਿਟਰ ਲਾਹਣ ਬਰਾਮਦ ਕਰ ਕੇ ਨਸ਼ਟ ਕਰਵਾਈ। ਪੁਲਸ ਮੁਲਜ਼ਮਾਂ ਦੀ ਪਛਾਣ ਕਰ ਰਹੀ ਹੈ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਪਹਿਲੇ ਦਿਨ ਰਿਪੋਰਟ ਹੋਏ ਪੁਰਾਣੇ ਮਾਮਲੇ, ਕਈ ਅਧਿਕਾਰੀ ਫਸੇ

ਦਰਿਆ ਦੇ ਕੰਢਿਆਂ ’ਤੇ ਟੋਇਆਂ ਵਿਚ ਲੁਕੋ ਕੇ ਰੱਖੀ ਜਾਂਦੀ ਲਾਹਣ

ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਕਸ਼ਤੀ ਦੀ ਮਦਦ ਨਾਲ ਦੋਸ਼ੀਆਂ ਦੇ ਟਿਕਾਣਿਆ ’ਤੇ ਪੁੱਜੀ ਸੀ। ਉਨ੍ਹਾਂ ਦੇ ਪੁੱਜਦੇ ਹੀ ਮੁਲਜ਼ਮ ਤਾਂ ਫਰਾਰ ਹੋ ਗਏ ਸਨ ਪਰ ਸ਼ਰਾਬ, ਲਾਹਣ ਅਤੇ ਸਾਮਾਨ ਬਰਾਮਦ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਸਮੱਗਲਰ ਦਰਿਆ ਦੇ ਕੰਢਿਆਂ ’ਤੇ ਵੱਡੇ-ਵੱਡੇ ਟੋਏ ਪੁੱਟ ਕੇ ਉਨ੍ਹਾਂ ਵਿਚ ਲਾਹਣ ਲੁਕੋ ਕੇ ਰੱਖਦੇ ਹਨ, ਜਿਨ੍ਹਾਂ ਨੂੰ ਪਹਿਲਾਂ ਲੱਭਣਾ ਪੈਂਦਾ ਹੈ। ਉਨ੍ਹਾਂ ਨੇ ਵੱਖ-ਵੱਖ ਥਾਵਾਂ ’ਤੇ ਟੋਇਆਂ ਵਿਚ ਪਈ 80 ਹਜ਼ਾਰ ਲਿਟਰ ਲਾਹਣ ਬਰਾਮਦ ਕੀਤੀ ਸੀ, ਜੋ ਐਕਸਾਈਜ਼ ਟੀਮ ਦੀ ਹਾਜ਼ਰੀ ਵਿਚ ਨਾਲ ਦੀ ਨਾਲ ਨਸ਼ਟ ਕਰਵਾ ਦਿੱਤੀ ਗਈ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Gurminder Singh

Content Editor

Related News