ਜ਼ਮੀਨ ਖਰੀਦਣ ਦੇ ਨਾਂ ’ਤੇ ਢਾਈ ਕਰੋਡ਼ ਦੀ ਠੱਗੀ ਦਾ ਕੇਸ ਦਰਜ

09/19/2018 7:43:22 AM

 ਮੋਹਾਲੀ, (ਕੁਲਦੀਪ)- ਪੁਲਸ ਸਟੇਸ਼ਨ ਸੋਹਾਣਾ ਅਧੀਨ ਆਉਂਦੇ ਖੇਤਰ ਵਿਚ ਅੱਠ ਸਾਲ ਪਹਿਲਾਂ ਪ੍ਰਾਪਰਟੀ ਦੇ ਦੋ ਕਾਰੋਬਾਰੀਆਂ ਵਿਚ ਜ਼ਮੀਨ ਖਰੀਦਣ ਦੇ ਹੋਏ ਇਕਰਾਰਨਾਮੇ ਦੇ ਬਾਵਜੂਦ ਇਕ ਦੀ ਮੌਤ ਉਪਰੰਤ ਦੂਜੇ ਕਾਰੋਬਾਰੀ ਵਲੋਂ ਉਸ ਦੇ ਪਰਿਵਾਰ ਨੂੰ ਨਾ ਤਾਂ ਜ਼ਮੀਨ ਦੇਣ ਤੇ ਨਾ ਹੀ ਪੈਸਾ ਵਾਪਸ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਸੀ, ਜਿਸ ਦੌਰਾਨ ਪੁਲਸ ਨੇ ਪੈਸੇ ਵਾਪਸ ਨਾ ਕਰਨ ’ਤੇ ਸਤਿੰਦਰ ਸਿੰਘ ਨਾਂ ਦੇ ਵਿਅਕਤੀ ਖਿਲਾਫ ਠੱਗੀ ਦਾ ਕੇਸ ਦਰਜ ਕਰ ਲਿਆ ਹੈ।    ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਰਮ ਸਿੰਘ ਨਿਵਾਸੀ ਪਿੰਡ ਬਾਕਰਪੁਰ ਜ਼ਿਲਾ ਮੋਹਾਲੀ ਨੇ ਦੱਸਿਆ ਕਿ ਚੰਡੀਗਡ਼੍ਹ ਨਿਵਾਸੀ ਸਤਿੰਦਰ ਸਿੰਘ ਨੇ ਉਨ੍ਹਾਂ ਦੇ ਪਿਤਾ ਭਾਗ ਸਿੰਘ ਤੋਂ 3 ਮਈ 2010 ’ਚ ਢਾਈ 2 ਕਰੋਡ਼ ਰੁਪਏ ਦੇ ਚੈੱਕ ਲੈ ਲਏ ਸਨ। ਉਸ ਪੈਸੇ ਨਾਲ ਉਨ੍ਹਾਂ ਨੇ ਪਿੰਡ ਬਾਕਰਪੁਰ ਨਿਵਾਸੀ ਮਹਿੰਦਰ ਸਿੰਘ  ਤੋਂ ਐਰੋਸਿਟੀ ਵਿਚ ਐਕਵਾਇਰ ਹੋਈ ਦੋ ਏਕਡ਼ ਜ਼ਮੀਨ ਖਰੀਦਣੀ ਸੀ।  ਚੈੱਕ ਦੇਣ ਉਪਰੰਤ 14 ਜੁਲਾਈ 2018 ਨੂੰ ਉਨ੍ਹਾਂ ਦੇ ਪਿਤਾ ਭਾਗ ਸਿੰਘ ਦੀ ਮੌਤ ਹੋ ਗਈ। 
ਉਨ੍ਹਾਂ ਦੇ ਪਿਤਾ ਦੀ ਮੌਤ ਉਪਰੰਤ ਸਤਿੰਦਰ ਸਿੰਘ ਨੇ ਉਨ੍ਹਾਂ ਦੇ ਨਾਲ ਐਗਰੀਮੈਂਟ ਕੀਤਾ ਕਿ ਉਹ ਖਰੀਦੀ ਹੋਈ ਜ਼ਮੀਨ ਵਿਚੋਂ ਬਣਦਾ ਕਮਰਸ਼ੀਅਲ ਤੇ 500 ਵਰਗ ਗਜ਼ ਦਾ ਰਿਹਾਇਸ਼ੀ ਪਲਾਟ ਡਰਾਅ ਨਿਕਲਣ ਤੋਂ ਬਾਅਦ 1 ਮਹੀਨੇ ਦੇ ਅੰਦਰ-ਅੰਦਰ ਦੇਵੇਗਾ। ਹੁਣ ਐਰੋਸਿਟੀ ਦੇ ਡਰਾਅ ਨਿਕਲਿਅਾਂ ਨੂੰ ਵੀ ਕਈ ਸਾਲ ਬੀਤ ਚੁੱਕੇ ਹਨ ਪਰ ਉਸ ਨੇ ਉਨ੍ਹਾਂ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਕੋਈ ਪਲਾਟ ਨਹੀਂ ਦਿੱਤਾ ਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। 
 ਪੁਲਸ ਸਟੇਸ਼ਨ ਸੋਹਾਣਾ ਵਿਚ ਕਰਮ ਸਿੰਘ ਨਿਵਾਸੀ ਪਿੰਡ ਬਾਕਰਪੁਰ ਦੀ ਸ਼ਿਕਾਇਤ ’ਤੇ ਸਤਿੰਦਰ ਸਿੰਘ ਨਿਵਾਸੀ ਸੈਕਟਰ-9 ਚੰਡੀਗਡ਼੍ਹ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।


Related News