70 ਸਾਲਾ ਬਜ਼ੁਰਗ ਔਰਤ ਦੀ ਲਾਸ਼ ਬੰਦ ਕਮਰੇ ਵਿਚੋਂ ਮਿਲੀ

Saturday, Jun 06, 2026 - 05:07 PM (IST)

70 ਸਾਲਾ ਬਜ਼ੁਰਗ ਔਰਤ ਦੀ ਲਾਸ਼ ਬੰਦ ਕਮਰੇ ਵਿਚੋਂ ਮਿਲੀ

ਅਬੋਹਰ (ਸੁਨੀਲ) : ਸਥਾਨਕ ਮੁਹੱਲਾ ਚੰਡੀਗੜ੍ਹ ਵਿਚ ਅੱਜ ਇਕ ਬਜ਼ੁਰਗ ਔਰਤ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਉਹ ਉਸ ਕਮਰੇ ਵਿਚ ਮ੍ਰਿਤਕ ਪਾਈ ਗਈ ਜਿੱਥੇ ਉਹ ਰਹਿੰਦੀ ਸੀ ਪਰ ਦਰਵਾਜ਼ਾ ਬਾਹਰੋਂ ਬੰਦ ਸੀ। ਪੁਲਸ ਮੌਕੇ ’ਤੇ ਪਹੁੰਚੀ ਅਤੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੀ ਮਦਦ ਨਾਲ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ, ਅਤੇ ਉਹ ਇਕੱਲੀ ਰਹਿੰਦੀ ਸੀ। ਉਸਦੀ ਗੋਦ ਲਈ ਗਈ ਧੀ ਨੇ ਕੁਝ ਮਹੀਨੇ ਪਹਿਲਾਂ ਭੱਜ ਕੇ ਵਿਆਹ ਕਰਵਾ ਲਿਆ ਸੀ। ਜਾਣਕਾਰੀ ਅਨੁਸਾਰ ਮੂਲਰੂਪ ਤੋਂ ਬੰਗਾਲ ਵਾਸੀ ਲਗਭਗ 70 ਸਾਲਾ ਰਾਧਾ ਰਾਣੀ ਸਵ. ਜੋਗਿੰਦਰ ਕੁਮਾਰ ਜਿਹੜਾ ਕਿ ਚੰਡੀਗੜ੍ਹ ਮੁਹੱਲਾ ਗਲੀ ਨੰ. 3 ਵਿੱਚ ਇਕਲੀ ਰਹਿੰਦੀ ਸੀ ਅਤੇ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਗੁਜ਼ਾਰਾ ਕਰਦੀ ਸੀ।

ਮ੍ਰਿਤਕਾ ਦੀ ਗੁਆਂਢੀ ਵਿਮਲੇਸ਼ ਰਾਣੀ ਨੇ ਦੱਸਿਆ ਕਿ ਉਹ ਕੱਲ੍ਹ ਸ਼ਾਮ ਘਰ ਵਾਪਸ ਆਈ ਸੀ ਅਤੇ ਰਾਤ 9 ਵਜੇ ਉਸਨੇ ਦੋਧੀ ਤੋਂ ਦੁੱਧ ਲਿਆ ਸੀ ਅਤੇ ਅੱਜ ਸਵੇਰੇ ਜਦੋਂ 10 ਵੱਜੇ ਤੱਕ ਉਹ ਘਰੋਂ ਬਾਹਰ ਨਹੀਂ ਆਈ ਤਾਂ ਗੁਆਂਢ ਦੇ ਲੋਕਾਂ ਨੇ ਉਸਦੇ ਘਰ ਦੇਖਿਆ ਤਾਂ ਘਰ ਦਾ ਬਾਹਰੀ ਗੇਟ ਖੁੱਲਾ ਸੀ, ਜਦੋਂ ਕਿ ਜਿਸ ਕਮਰੇ ਵਿੱਚ ਉਹ ਰਹਿੰਦੀ ਸੀ ਉਸ ਵਿਚ ਤਾਲਾ ਲੱਗਾ ਸੀ। ਉਨ੍ਹਾਂ ਨੇ ਕਈ ਵਾਰ ਆਵਾਜ਼ ਮਾਰੀ ਪਰ ਜਦੋਂ ਕੋਈ ਜਵਾਬ ਨਾ ਆਇਆ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ, ਸਿਟੀ ਥਾਣਾ ਨੰਬਰ 2 ਦੇ ਇੰਚਾਰਜ ਦਵਿੰਦਰ ਸਿੰਘ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਤਾਲਾ ਖੋਲ੍ਹਿਆ। ਉਨ੍ਹਾਂ ਨੇ ਰਾਧਾ ਰਾਣੀ ਨੂੰ ਬੈੱਡ ’ਤੇ ਮ੍ਰਿਤਕ ਪਾਇਆ, ਜਿਸਦੇ ਉੱਪਰ ਪੱਖਾ ਚੱਲ ਰਿਹਾ ਸੀ। ਨੇੜੇ-ਤੇੜੇ ਕੁਝ ਵੀ ਨਹੀਂ ਸੀ ਜੋ ਕਤਲ ਦਾ ਸੰਕੇਤ ਦਿੰਦਾ ਹੋਵੇ। ਹਾਲਾਂਕਿ, ਬਾਹਰੋਂ ਦਰਵਾਜ਼ਾ ਬੰਦ ਕਰਨ ਵਾਲੇ ਵਿਅਕਤੀ ਦੀ ਪਛਾਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗੀ।

ਫਿਲਹਾਲ, ਪੁਲਸ ਨੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਦੀ ਮਦਦ ਨਾਲ ਲਾਸ਼ ਨੂੰ ਮੁਰਦਾਘਰ ਵਿੱਚ ਰੱਖ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕਾ ਦੇ ਆਪਣੇ ਕੋਈ ਬੱਚੇ ਨਹੀਂ ਸਨ। ਕੁਝ ਸਮਾਂ ਪਹਿਲਾਂ, ਉਸਨੇ ਇੱਕ ਕੁੜੀ ਨੂੰ ਗੋਦ ਲਿਆ ਸੀ ਜਿਸਨੇ ਕੁਝ ਮਹੀਨੇ ਪਹਿਲਾਂ ਅਬੋਹਰ ਦੇ ਹੀ ਇੱਕ ਮੁੰਡੇ ਨਾਲ ਭੱਜ ਕੇ ਵਿਆਹ ਕਰਵਾ ਲਿਆ ਸੀ। ਇਸ ਤੋਂ ਬਾਅਦ, ਔਰਤ ਨੇ ਮੁੰਡੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਸ ਨੇ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ, ਜੋ ਹੁਣ ਜੇਲ੍ਹ ਵਿਚ ਹੈ ਜਦੋਂ ਕਿ ਕੁੜੀ ਆਪਣੇ ਸਹੁਰਿਆਂ ਨਾਲ ਹੈ। ਅਜਿਹੇ ਵਿਚ ਔਰਤ ਇੱਥੇ ਇਕੱਲੀ ਰਹਿੰਦੀ ਸੀ।


author

Gurminder Singh

Content Editor

Related News