ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਪਿੰਡ ਵਾਸੀਆਂ ਘੇਰਿਆ ਥਾਣਾ

Tuesday, Jan 01, 2019 - 01:48 AM (IST)

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਪਿੰਡ ਵਾਸੀਆਂ ਘੇਰਿਆ ਥਾਣਾ

ਸੰਗਤ ਮੰਡੀ, (ਮਨਜੀਤ)- ਪਿੰਡ ਕੋਟਗੁਰੂ ’ਚ ਪਿਛਲੇ ਦਿਨੀਂ ਸਰਪੰਚੀ ਚੋਣਾਂ ਨੂੰ ਲੈ ਕੇ ਅੱਧੀ ਦਰਜ਼ਨ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਪਿੰਡ ਦੇ ਸਾਬਕਾ ਸਰਪੰਚ ਦੇ ਪਤੀ ਤੇ ਸੀਨੀਅਰ ਅਕਾਲੀ ਆਗੂ ਉੱਪਰ ਹਮਲਾ ਕਰ ਦਿੱਤਾ ਗਿਆ ਸੀ। ਪੁਲਸ ਵੱਲੋਂ ਇਸ ਮਾਮਲੇ ’ਚ ਬੇਸ਼ੱਕ ਕੁੱਝ ਵਿਅਕਤੀਆਂ ਨੂੰ ਨਾਮਜ਼ਦ ਕਰ ਦਿੱਤਾ ਗਿਆ ਸੀ ਪ੍ਰੰਤੂ ਉਨ੍ਹਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਅੱਜ ਦੁਪਹਿਰ ਸਮੇਂ ਸੈਂਕਡ਼ੇ ਪਿੰਡ ਵਾਸੀਆਂ ਵੱਲੋਂ ਅੌਰਤਾਂ ਸਮੇਤ ਥਾਣਾ ਸੰਗਤ ਦੇ ਮੁੱਖ ਗੇਟ ਅੱਗੇ ਧਰਨਾ ਲਗਾ ਦਿੱਤਾ ਗਿਆ। ਧਰਨਾਕਾਰੀਆਂ ਵੱਲੋਂ ਪੁਲਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਹਮਲੇ ਦਾ ਸ਼ਿਕਾਰ ਹੋਏ ਅਕਾਲੀ ਆਗੂ ਬਲਕਰਨ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਵੱਲੋਂ ਇਕ ਦਲਿਤ ਵਿਅਕਤੀ ਲਖਵਿੰਦਰ ਸਿੰਘ ਲੱਖਾ ਨੂੰ ਸਰਪੰਚੀ ’ਚ ਹਮਾਇਤ ਦਿੱਤੀ ਸੀ ਪ੍ਰੰਤੂ ਦੂਸਰੀ  ਧਿਰ ਦੇ ਵਿਅਕਤੀ ਇਸ ਹਮਾਇਤ ਤੋਂ ਖਾਰ ਖਾਂਦੇ ਸਨ। ਉਨ੍ਹਾਂ ਦੱਸਿਆ ਕਿ ਸ਼ਾਮ ਸਮੇਂ ਉਹ ਆਪਣੇ ਘਰ ਸੀ, ਕੁੱਝ ਵਿਅਕਤੀਆਂ ਵੱਲੋਂ ਉਨ੍ਹਾਂ ਦਾ ਗੇਟ ਖਡ਼ਕਾਇਆ ਗਿਅਾ, ਜਦ ਉਸ ਨੇ ਗੇਟ ਖੋਲ੍ਹਿਆ ਤਾਂ ਅੱਗੋਂ ਅੱਧੀ ਦਰਜ਼ਨ ਦੇ ਕਰੀਬ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ’ਚ ਉਨ੍ਹਾਂ ਦੀ ਬਾਂਹ ਸਮੇਤ ਸਰੀਰ ਦੇ ਬਾਕੀ ਅੰਗਾਂ ’ਤੇ ਗੁੱਜੀਆਂ ਸੱਟਾਂ ਲੱਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ ’ਚ ਕੁੱਝ ਵਿਅਕਤੀਆਂ ਨੂੰ ਨਾਮਜ਼ਦ ਤਾਂ ਕੀਤਾ ਗਿਆ ਸੀ ਪ੍ਰੰਤੂ ਕਾਂਗਰਸ ਪਾਰਟੀ ਦੀ ਸ਼ਹਿ ’ਤੇ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰੀ ਵੱਸ ਥਾਣੇ ਦਾ ਘਿਰਾਓ ਕਰਨਾ ਪਿਆ। ਥਾਣਾ ਸੰਗਤ ਦੇ ਮੁਖੀ ਪਰਮਜੀਤ ਸਿੰਘ ਡੋਡ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੁਲਸ ਵੋਟਾਂ ’ਚ ਉਲਝੀ ਹੋਣ ਕਾਰਨ ਨਾਮਜ਼ਦ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। 
ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਧਰਨਾਕਾਰੀਆਂ ਵੱਲੋਂ ਥਾਣਾ ਮੁਖੀ ਦੇ ਦਿਵਾਏ ਵਿਸ਼ਵਾਸ ਤੋਂ ਬਾਅਦ ਧਰਨੇ ਨੂੰ ਚੁੱਕ ਲਿਆ ਗਿਆ।
 


Related News