DSP ਦੇ ਗੰਨਮੈਨ ’ਤੇ 3 ਵਿਅਕਤੀਆਂ ਨੇ ਕੀਤਾ ਹਮਲਾ

Monday, May 16, 2022 - 09:59 PM (IST)

DSP ਦੇ ਗੰਨਮੈਨ ’ਤੇ 3 ਵਿਅਕਤੀਆਂ ਨੇ ਕੀਤਾ ਹਮਲਾ

ਤਪਾ ਮੰਡੀ/ਸਹਿਣਾ (ਮੇਸ਼ੀ, ਧਰਮਿੰਦਰ)-ਡੀ.ਐੱਸ.ਪੀ. ਬਰਨਾਲਾ ਨਾਲ ਬਤੌਰ ਗੰਨਮੈਨ ਡਿਊਟੀ ਕਰਦੇ ਆਕਾਸ਼ਦੀਪ ਨੂੰ ਤਿੰਨ ਵਿਅਕਤੀਆਂ ਵੱਲੋਂ ਘੇਰ ਕੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਕਾਸ਼ਦੀਪ ਨੇ ਦੱਸਿਆ ਕਿ ਜਦੋਂ ਉਹ ਡਿਊਟੀ ’ਤੇ ਜਾ ਰਿਹਾ ਸੀ ਤਾਂ ਉਸ ਦੇ ਪਿੰਡ ਦੇ ਤਿੰਨ ਵਿਅਕਤੀਆਂ ਨੇ ਰੂੜੇਕੇ ਕਲਾਂ-ਧੌਲਾ ਸੜਕ ਵਿਚਕਾਰ ਉਸ ਦਾ ਮੋਟਰਸਾਈਕਲ ਘੇਰ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਦਿਆ ਸੋਟੀਆਂ ਅਤੇ ਡਾਂਗਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਦਾ ਮੋਬਾਈਲ ਵੀ ਭੰਨ ਦਿੱਤਾ ਗਿਆ।

ਸਰਕਾਰੀ ਹਸਪਤਾਲ ’ਚ ਦਾਖਲ ਆਕਾਸ਼ਦੀਪ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਬੇਵਜ੍ਹਾ ਉਸ ਦੀ ਕੁੱਟਮਾਰ ਕੀਤੀ ਗਈ ਹੈ, ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਇਕੱਠੇ ਪਰਿਵਾਰਕ ਮੈਂਬਰਾਂ ਨੇ ਵੀ ਇਨਸਾਫ਼ ਦੀ ਮੰਗ ਕਰਦਿਆਂ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਸਰਕਾਰੀ ਹਸਪਤਾਲ ਤਪਾ ’ਚ ਜ਼ਖ਼ਮੀ ਪੁਲਸ ਕਰਮਚਾਰੀ ਦੇ ਸਰੀਰ ਉਪਰ ਕਾਫੀ ਸੱਟਾਂ ਦੇ ਨਿਸ਼ਾਨ ਦਿਖਾਈ ਦਿੱਤੇ, ਜਿਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਜਦ ਐੱਸ.ਐੱਚ.ਓ. ਰੂੜੇਕੇ ਕਲਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਚੁੱਕਾ ਹੈ। ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।


author

Manoj

Content Editor

Related News