ਜ਼ਿਲਾ ਚੋਣ ਅਫ਼ਸਰ ਵਲੋਂ ਈ.ਵੀ.ਐੱਮ. ਅਤੇ ਵੀ.ਵੀ.ਪੈਟ ਮਸ਼ੀਨਾਂ ਦੀ ਪਹਿਲੀ ਰੈਂਡੇਮਾਈਜ਼ੇਸ਼ਨ

Saturday, Mar 30, 2019 - 05:57 PM (IST)

ਜ਼ਿਲਾ ਚੋਣ ਅਫ਼ਸਰ ਵਲੋਂ ਈ.ਵੀ.ਐੱਮ. ਅਤੇ ਵੀ.ਵੀ.ਪੈਟ ਮਸ਼ੀਨਾਂ ਦੀ ਪਹਿਲੀ ਰੈਂਡੇਮਾਈਜ਼ੇਸ਼ਨ

ਜਲਾਲਾਬਾਦ (ਸੇਤੀਆ) - ਆਗਾਮੀ ਲੋਕ ਸਭਾ ਚੋਣਾਂ ਦੇ ਤਹਿਤ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਜ਼ਿਲਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਨਪ੍ਰੀਤ ਛੱਤਵਾਲ ਨੇ ਅੱਜ ਸਿਆਸੀ ਨੁਮਾਇੰਦਿਆਂ ਦੀ ਮੌਜੂਦਗੀ 'ਚ ਜ਼ਿਲੇ 'ਚ ਆਈਆਂ ਈ.ਵੀ.ਐੱਮ. ਅਤੇ ਵੀ.ਵੀ.ਪੈਟ ਮਸ਼ੀਨਾਂ ਦੀ ਪਹਿਲੀ ਰੈਂਡਮਾਈਜ਼ੇਸ਼ਨ ਕਰਵਾਈ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਛੱਤਵਾਲ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਵਿਧਾਨ ਸਭਾ ਹਲਕਿਆਂ ਦੇ ਕੁੱਲ ਬੂਥਾਂ ਦੀ ਗਿਣਤੀ ਤੋਂ 20 ਫ਼ੀਸਦੀ ਵਧ ਬੈਲੇਟ ਯੂਨਿਟ, 20 ਫ਼ੀਸਦੀ ਵਧ ਕੰਟਰੋਲ ਯੂਨਿਟ ਅਤੇ 30 ਫ਼ੀਸਦੀ ਵਧ ਵੀ.ਵੀ.ਪੈਟ ਮਸ਼ੀਨਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਹਿਲੇ ਗੇੜ ਤਹਿਤ ਕੁੱਲ ਗਿਣਤੀ ਤੋਂ 15 ਫ਼ੀਸਦੀ ਵਧ ਬੈਲੇਟ ਯੂਨਿਟ, 15 ਫ਼ੀਸਦੀ ਵਧ ਕੰਟਰੋਲ ਯੂਨਿਟ ਅਤੇ 20 ਫ਼ੀਸਦੀ ਵਧ ਵੀ.ਵੀ.ਪੈਟ ਮਸ਼ੀਨਾਂ ਦੀ ਵੰਡ ਵਿਧਾਨ ਸਭਾ ਹਲਕਿਆਂ ਦੇ ਏ.ਆਰ.ਓਜ਼-ਕਮ-ਐੱਸ.ਡੀ.ਐੱਮ. ਨੂੰ ਕਰ ਦਿੱਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਕਾਂਗਰਸ ਪਾਰਟੀ ਦੇ ਆਗੂ ਅਸ਼ੋਕ ਮਲਹੋਤਰਾ, ਸ਼੍ਰੋਮਣੀ ਅਕਾਲੀ ਦਲ ਦੇ ਗੁਰਪ੍ਰੀਤ ਸਿੰਘ ਲਵਲੀ ਕਾਠਪਾਲ, ਭਾਰਤੀ ਜਨਤਾ ਪਾਰਟੀ ਦੇ ਸੁਬੋਧ ਵਰਮਾ, ਬਹੁਜਨ ਸਮਾਜ ਪਾਰਟੀ ਦੇ ਨਾਨਕ ਪ੍ਰਕਾਸ਼, ਭਾਰਤੀ ਕਮਿਊਨਿਸਟ ਪਾਰਟੀ ਦੇ ਸੁਬੇਗ ਸਿੰਘ, ਭਾਰਤੀ ਕਮਿਊਨਿਸਟ ਪਾਰਟੀ (ਐੱਮ) ਦੇ ਅਬਨਾਸ਼ ਚੰਦਰ ਅਤੇ 'ਆਪ' ਦੇ ਆਗੂ ਬੂਟਾ ਰਾਮ ਅਤੇ ਦੇਵ ਰਾਜ ਸ਼ਰਮਾ ਦੀ ਮੌਜੂਦਗੀ 'ਚ ਐੱਨ.ਆਈ.ਸੀ. ਦੇ ਜ਼ਿਲਾ ਸੂਚਨਾ ਕੇਂਦਰ ਦੇ ਅਧਿਕਾਰੀਆਂ ਤੋਂ ਚੋਣ ਕਮਿਸ਼ਨ ਦੇ ਆਨਲਾਈਨ 'ਈ.ਵੀ.ਐੱਮ. ਮੈਨੇਜਮੈਂਟ ਸਿਸਟਮ' ਰਾਹੀਂ ਪਹਿਲੀ ਰੈਂਡੇਮਾਈਜ਼ੇਸ਼ਨ ਕਰਵਾਈ। ਇਸ ਮੌਕੇ ਉਨ੍ਹਾਂ ਸਿਆਸੀ ਨੁਮਾਇੰਦਿਆਂ ਵਲੋਂ ਸੰਤੁਸ਼ਟੀ ਜ਼ਾਹਰ ਕਰਨ 'ਤੇ ਈ.ਵੀ.ਐੱਮ. ਤੇ ਵੀ.ਵੀ.ਪੈਟ ਮਸ਼ੀਨਾਂ ਦੀ ਰੈਂਡੇਮਾਈਜ਼ੇਸ਼ਨ ਨੂੰ ਅੰਤਮ ਰੂਪ ਦਿੱਤਾ ਗਿਆ। ਜ਼ਿਲਾ ਚੋਣਕਾਰ ਅਫ਼ਸਰ ਸ. ਮਨਪ੍ਰੀਤ ਛੱਤਵਾਲ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਈ.ਵੀ.ਐੱਮ. ਮੈਨੇਜਮੈਂਟ ਸਿਸਟਮ ਰਾਹੀਂ ਮਸ਼ੀਨਾਂ ਦੀ ਵੰਡ ਪਾਰਦਰਸ਼ੀ ਤਰੀਕੇ ਨਾਲ ਅਤੇ ਮਨੁੱਖੀ ਦਖ਼ਲ ਰਹਿਤ ਕੀਤੀ ਗਈ ਹੈ। ਵੀਡੀਉਗ੍ਰਾਫ਼ੀ ਤਹਿਤ ਹੋਈ ਇਸ ਸਾਰੀ ਪ੍ਰਕਿਰਿਆ ਦੌਰਾਨ ਸਿਆਸੀ ਨੁਮਾਇੰਦਿਆਂ ਨੂੰ ਮੌਕੇ 'ਤੇ ਹੀ ਵਿਧਾਨ ਸਭਾ ਹਲਕਿਆਂ ਮੁਤਾਬਕ ਵੰਡੀਆਂ ਮਸ਼ੀਨਾਂ ਦੀਆਂ ਸੂਚੀਆਂ ਸੌਂਪ ਦਿੱਤੀਆਂ ਗਈਆਂ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਜ਼ਿਲਾ ਪੱਧਰ 'ਤੇ 1747 ਬੈਲੇਟ ਯੂਨਿਟ, 954 ਕੰਟਰੋਲ ਯੂਨਿਟ ਅਤੇ 993 ਵੀ.ਵੀ.ਪੈਟ ਮਸ਼ੀਨਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ 'ਚੋਂ ਪਹਿਲੀ ਰੈਂਡੇਮਾਈਜ਼ੇਸ਼ਨ ਦੌਰਾਨ ਚਾਰੋ ਵਿਧਾਨ ਸਭਾ ਹਲਕਿਆਂ ਜਲਾਲਾਬਾਦ, ਫ਼ਾਜ਼ਿਲਕਾ, ਅਬੋਹਰ ਅਤੇ ਬੱਲੂਆਣਾ ਨੂੰ 900 ਬੈਲੇਟ ਯੂਨਿਟ, 900 ਕੰਟਰੋਲ ਯੂਨਿਟ ਅਤੇ 939 ਵੀ.ਵੀ.ਪੈਟ ਮਸ਼ੀਨਾਂ ਵੰਡੀਆਂ ਗਈਆਂ ਹਨ। ਇਸ ਮੌਕੇ ਐੱਸ.ਡੀ.ਐੱਮ. ਫ਼ਾਜ਼ਿਲਕਾ ਸੁਭਾਸ਼ ਖਟਕ, ਐੱਸ.ਡੀ.ਐੱਮ. ਅਬੋਹਰ ਮੈਡਮ ਪੂਨਮ ਸਿੰਘ, ਐੱਸ. ਡੀ. ਐੱਮ. ਜਲਾਲਾਬਾਦ ਕੇਸ਼ਵ ਗੋਇਲ, ਈ. ਵੀ. ਐੱਮ. ਨੋਡਲ ਅਫ਼ਸਰ ਪ੍ਰੇਮ ਕੁਮਾਰ ਆਦਿ ਮੌਜੂਦ ਸਨ।


author

rajwinder kaur

Content Editor

Related News