ਭਾਰਤ ਬੰਦ ਦੇ ਸੱਦੇ ''ਤੇ ਸ਼ੇਰਪੁਰ ''ਚ ਲੱਗਿਆ ਧਰਨਾ

02/23/2020 8:37:15 PM

ਸ਼ੇਰਪੁਰ, (ਸਿੰਗਲਾ)- ਸਥਾਨਕ ਡਾ. ਬੀ. ਆਰ. ਅੰਬੇਡਕਰ ਯੂਥ ਕਲੱਬ ਅਤੇ ਹੋਰ ਅੰਬੇਡਕਰਵਾਦੀ ਸੰਸਥਾਵਾਂ ਦੁਆਰਾ ਸੁਪਰੀਮ ਕੋਰਟ ਵੱਲੋਂ ਸਰਕਾਰੀ ਨੌਕਰੀਆਂ 'ਚ ਦਿੱਤੀ ਜਾਂਦੀ ਰਿਜ਼ਰਵੇਸ਼ਨ ਦੇ ਵਿਰੋਧ ਵਿਚ ਦਿੱਤੇ ਫੈਸਲੇ ਦਾ ਵਿਰੋਧ ਕਰਨ ਲਈ ਦੇਸ਼ ਭਰ ਦੀਆਂ ਦਲਿਤ ਜਥੇਬੰਦੀਆਂ ਵੱਲੋਂ 23 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ 'ਤੇ ਅਮਲ ਕਰਦਿਆਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। ਸਵੇਰੇ 10 ਵਜੇ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਸ਼ੇਰਪੁਰ ਤੋਂ ਸ਼ੁਰੂ ਹੋ ਕੇ ਇਕ ਕਾਫਲਾ ਨਾਅਰੇ ਮਾਰਦਾ ਹੋਇਆ ਕਾਤਰੋਂ ਚੌਕ ਵਿਖੇ ਪਹੁੰਚਿਆ ਜਿਥੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੋਰਟ ਦਾ ਇਹ ਫੈਸਲਾ ਸੰਵਿਧਾਨ ਦੀ ਭਾਵਨਾ ਦੇ ਬਿਲਕੁਲ ਉਲਟ ਹੈ। ਇਹ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ 'ਤੇ ਸੰਵਿਧਾਨ ਨੂੰ ਖਤਮ ਕਰਨ ਦੀ ਚਾਲ ਹੈ। ਬੁਲਾਰਿਆਂ ਨੇ ਕਿਹਾ ਕਿ ਜੋ ਕੁਝ ਵੀ ਸਾਨੂੰ ਮਿਲਿਆ ਹੈ ਉਹ ਸੰਵਿਧਾਨ ਦੀ ਬਦੌਲਤ ਹੀ ਮਿਲਿਆ ਹੈ। ਇਸ ਸਮੇਂ ਸੰਵਿਧਾਨ ਨੂੰ ਖਤਰਾ ਹੈ। ਇਸ ਕਰਕੇ ਸੰਵਿਧਾਨ ਨੂੰ ਬਚਾਇਆ ਜਾਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਜੇ ਸੰਵਿਧਾਨ ਹੀ ਨਾ ਰਿਹਾ ਤਾਂ ਸਾਡੇ ਅਧਿਕਾਰ ਖੁੱਸ ਜਾਣਗੇ। ਹੋਰਨਾਂ ਤੋਂ ਇਲਾਵਾ ਰੋਸ ਪ੍ਰਦਰਸ਼ਨ ਨੂੰ ਦਰਸ਼ਨ ਸਿੰਘ ਬਾਜਵਾ ਸੰਪਾਦਕ ਅੰਬੇਡਕਰੀ ਦੀਪ, ਡਾਕਟਰ ਜਗਜੀਵਨ ਸਿੰਘ, ਡਾਕਟਰ ਸਰਬਜੀਤ ਸਿੰਘ ਖੇੜੀ, ਡਾਕਟਰ ਮਨਜੀਤ ਸਿੰਘ ਖੇੜੀ, ਮਿਸ਼ਨਰੀ ਗਾਇਕ ਸਰਬਜੀਤ ਛੱਲਾ, ਹਰਵਿੰਦਰ ਸਿੰਘ ਮਿੰਟੂ, ਗੁਰਪ੍ਰੀਤ ਸਿੰਘ ਮੂਮ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ। ਮਿਸ਼ਨਰੀ ਗਾਇਕਾ ਕੌਰ ਦੀਪ ਨੇ ਸੰਵਿਧਾਨ ਬਾਰੇ ਗੀਤ ਸੁਣਾਇਆ। ਬਾਅਦ 'ਚ ਏ. ਐੱਸ. ਆਈ. ਅਵਤਾਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਜਸਵੀਰ ਸਿੰਘ ਸੀਰਾ ਪ੍ਰਧਾਨ ਡਾ. ਬੀ.ਆਰ. ਅੰਬੇਡਕਰ ਯੂਥ ਕਲੱਬ ਸ਼ੇਰਪੁਰ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।  


Bharat Thapa

Content Editor

Related News