ਮਾਰਕਫੈੱਡ ਦੇ ਗੋਦਾਮਾਂ 'ਚ ਕਣਕ 'ਤੇ ਪਾਣੀ ਪਾਉਣ ਖਿਲਾਫ ਅਣਪਛਾਤਿਆਂ ਵਿਰੁੱਧ ਪਰਚਾ
Thursday, Jan 31, 2019 - 01:37 PM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-: ਪੁਲਸ ਨੇ ਮਾਰਕਫੈੱਡ ਦੇ ਗੋਦਾਮਾਂ 'ਤੇ ਇਕ ਅਧਿਕਾਰੀ ਵੱਲੋਂ ਕਣਕ 'ਤੇ ਪਾਣੀ ਪਾਉਣ ਦੀ ਸੁਚਨਾ ਮਿਲਣ 'ਤੇ ਛਾਪੇਮਾਰੀ ਕੀਤੀ ਪਰ ਮਾਰਕਫੈੱਡ ਦਾ ਅਧਿਕਾਰੀ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।
ਜਾਣਕਾਰੀ ਦਿੰਦਿਆਂ ਥਾਣਾ ਸਿਟੀ ਧੂਰੀ ਦੇ ਐੱਸ.ਐੱਚ.ਓ. ਮੇਜਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਚੈਕਿੰਗ ਦੌਰਾਨ ਜਦੋਂ ਕੱਕੜਵਾਲ ਚੌਕ ਧੁਰੀ ਵਿਖੇ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਮਾਰਕਫੈੱਡ ਦਾ ਮੈਨੇਜਰ ਤਰਸਦੀਪ ਸ਼ਰਮਾ ਅਤੇ ਹੋਰ ਕੁਝ ਵਿਅਕਤੀ ਮਾਰਕਫੈੱਡ ਦੇ ਗੋਦਾਮ 'ਚ ਸਟੋਰ ਕੀਤੀ ਗਈ ਕਣਕ 'ਤੇ ਪਾਣੀ ਪਾ ਕੇ ਉਸ ਦਾ ਵਜ਼ਨ ਵਧਾ ਰਹੇ ਹਨ। ਰਾਤ 9 ਵਜੇ ਦੇ ਕਰੀਬ ਪੁਲਸ ਨੇ ਅੰਡਰਬ੍ਰਿਜ ਨਜ਼ਦੀਕ ਬਣੇ ਮਾਰਕਫੈੱਡ ਦੇ ਗੋਦਾਮ 'ਚ ਰੇਡ ਕੀਤੀ ਤਾਂ ਦੋ ਵਿਅਕਤੀ ਪਾਈਪ ਰਾਹੀਂ ਕਣਕ 'ਤੇ ਪਾਣੀ ਪਾ ਰਹੇ ਸਨ। ਪੁਲਸ ਪਾਰਟੀ ਨੂੰ ਦੇਖ ਕੇ ਉਹ ਹਨੇਰੇ ਦਾ ਲਾਭ ਉਠਾਉਂਦੇ ਹੋਏ ਮੌਕੇ 'ਤੇ ਭੱਜ ਗਏ। ਇਕ ਅਧਿਕਾਰੀ ਦੀ ਪਹਿਚਾਣ ਤਰਸਦੀਪ ਸ਼ਰਮਾ ਜੋ ਕਿ ਮਾਰਕਫੈੱਡ ਖਰੀਦ ਏਜੰਸੀ ਦਾ ਮੈਨੇਜਰ ਹੈ ਦੇ ਤੌਰ 'ਤੇ ਹੋਈ। ਪੁਲਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਕਿ ਇਸ ਮਾਮਲੇ 'ਚ ਮਾਰਕਫੈੱਡ ਦਾ ਕੌਣ ਕੌਣ ਅਧਿਕਾਰੀ ਸ਼ਾਮਿਲ ਹੈ। ਪੁਲਸ ਨੇ ਤਰਸਦੀਪ ਸ਼ਰਮਾ ਅਤੇ ਅਣਪਛਾਤੇ ਕਰਮਚਾਰੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਮੈਨੇਜਰ ਤਰਸਦੀਪ ਸ਼ਰਮਾ ਦੀ ਪੁਲਸ ਭਾਲ ਕਰ ਰਹੀ ਹੈ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੂੰ ਇਸ ਮਾਮਲੇ 'ਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।