ਦਵਿੰਦਰ ਬੰਬੀਹਾ ਅਤੇ ਸੁੱਖਾ ਦੁੱਨੇਕੇ ਗਰੁੱਪ ਦਾ ਗੈਂਗਸਟਰ ਵਿਦੇਸ਼ੀ ਪਿਸਟਲ ਅਤੇ ਕਾਰਤੂਸ ਸਮੇਤ ਗ੍ਰਿਫ਼ਤਾਰ

Friday, Jan 21, 2022 - 06:23 PM (IST)

ਦਵਿੰਦਰ ਬੰਬੀਹਾ ਅਤੇ ਸੁੱਖਾ ਦੁੱਨੇਕੇ ਗਰੁੱਪ ਦਾ ਗੈਂਗਸਟਰ ਵਿਦੇਸ਼ੀ ਪਿਸਟਲ ਅਤੇ ਕਾਰਤੂਸ ਸਮੇਤ ਗ੍ਰਿਫ਼ਤਾਰ

ਖਰੜ (ਅਮਰਦੀਪ) : ਖਰੜ ਪੁਲਸ ਨੇ ਦਵਿੰਦਰ ਬੰਬੀਹਾ ਅਤੇ ਸੁੱਖਾ ਦੁੱਨੇਕੇ ਗਰੁੱਪ ਦੇ ਇਕ ਗੈਂਗਸਰ ਨੂੰ ਚੂੰਨੀ ਰੋਡ ਖਰੜ ਤੋਂ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਖਰੜ ਦੇ ਡੀ. ਐੱਸ. ਪੀ. ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਫੜੇ ਗਏ ਗੈਂਗਸਟਰ ਗਰੁੱਪ ਦੇ ਸਾਥੀ ਹੈਪੀ ਸਿੰਘ ਉਰਫ ਐਮੀ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਦੋਹਾਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪਾਸੋਂ 32 ਬੋਰ ਵਿਦੇਸ਼ੀ ਪਿਸਟਲ, 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਹੈਪੀ ਗੈਂਗਸਟਰ ਸੁੱਖਾ ਦਾ ਕਰੀਬੀ ਸਾਥੀ ਹੈ ਉਸ ਖ਼ਿਲਾਫ਼ ਵਿਦੇਸ਼ਾਂ ਵਿਚ ਵੀ ਵੱਡੇ ਘਿਨੌਣੇ ਅਪਰਾਧ ਸ਼ਾਮਲ ਹਨ, ਪੰਜਾਬ ਦੇ ਮਾਲਵਾ ਖੇਤਰ ਵਿਚ ਉਸ ਖ਼ਿਲਾਫ਼ ਕਤਲ, ਅਗਵਾ, ਫਿਰੌਤੀ ਦੇ ਮਾਮਲੇ ਦਰਜ ਹਨ।
ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਉੱਘੇ ਡਾਕਟਰ ਨੂੰ ਅਗਵਾ ਕਰਨ ਸਬੰਧੀ ਉਸ ਦੀ ਰਿਹਾਈ ਲਈ ਇਕ ਕਰੋੜ ਦੀ ਫਿਰੌਤੀ ਮੰਗਣ ਤੋਂ ਬਾਅਦ ਉਸ ਦੇ ਪਰਿਵਾਰ ਤੋਂ 25 ਲੱਖ ਰੁਪਏ ਦੀ ਫਿਰੌਤੀ ਦੀ ਰਕਮ ਲਈ ਗਈ ਸੀ।

ਉਕਤ ਮਾਮਲਾ ਵਧੇਰੇ ਉਲਝਿਆ ਹੋਇਆ ਜੋ ਕਿ ਹੁਣ ਹੈਪੀ ਦੇ ਖੁਲਾਸੇ ਤੋਂ ਬਾਅਦ ਹੱਲ ਹੋਇਆ ਹੈ। ਇਸ ਸਬੰਧੀ ਥਾਣਾ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਮਲਾ ਦਰਜ ਹੈ। ਮੁਲਜ਼ਮ ਨੇ ਮੰਨਿਆ ਹੈ ਕਿ ਸੁੱਖਾ ਦੁੱਨੇਕੇ ਕੈਨੇਡਾ ਦੇ ਨਿਰਦੇਸ਼ਾਂ ’ਤੇ ਉਸ ਨੇ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ, ਜਿਨ੍ਹਾਂ ਨੇ ਮਨਪ੍ਰੀਤ ਸਿੰਘ ਉਰਫ ਚੱਲਾ ਸਿੱਧੂ ਅਤੇ ਮਨਪ੍ਰੀਤ ਉਰਫ ਵਿੱਕੀ ਦੇ ਕਤਲ ਨੂੰ ਅੰਜਾਮ ਦਿੱਤਾ ਸੀ। ਇਨ੍ਹਾਂ ਘਟਨਾਵਾਂ ਤੋਂ ਇਲਾਵਾ ਉਸ ਦੇ ਗੈਂਗ ਮੈਂਬਰਾਂ ਦੇ ਖ਼ਿਲਾਫ਼ ਸੂਬੇ ਵਿਚ 10 ਤੋਂ ਵੱਧ ਹੋਰ ਅਪਰਾਧਿਕ ਘਟਨਾਵਾਂ ਸ਼ਾਮਲ ਹਨ। ਅੱਜ ਖਰੜ ਦੇ ਐੱਸ. ਐੱਚ. ਓ. ਇੰਸਪੈਕਟਰ ਅਸ਼ੋਕ ਕੁਮਾਰ ਅਤੇ ਐੱਸ. ਆਈ. ਜਸਮੇਰ ਸਿੰਘ ਨੇ ਉਕਤ ਮੁਲਜ਼ਮ ਨੂੰ ਖਰੜ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ।


author

Gurminder Singh

Content Editor

Related News