ਡਿਪਟੀ ਕਮਿਸ਼ਨਰ ਨੇ ਵਨ ਸਟੋਪ ਸੈਂਟਰ ਦਾ ਕੀਤਾ ਦੌਰਾ
Wednesday, Nov 06, 2019 - 10:41 PM (IST)
ਮਾਨਸਾ,(ਮਿੱਤਲ)- ਸਿਵਲ ਹਸਪਤਾਲ ਮਾਨਸਾ ਦੀ ਦੂਜੀ ਮੰਜ਼ਿਲ ਤੇ ਸਥਿਤ ਵਨ ਸਟੋਪ ਸੈਂਟਰ ਮੁਸੀਬਤ ਵਿਚਲੀਆਂ ਔਰਤਾਂ ਦੀ ਮਦਦ ਕਰਦਾ ਹੈ ਜੋ ਬਿਪਤਾ ਵਿਚ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਡਾਕਟਰੀ ਸਹਾਇਤਾ ਪ੍ਰਾਪਤ ਕਰਨ ਤੋਂ ਇਲਾਵਾ ਇੱਥੇ ਸ਼ਰਨ ਲੈ ਸਕਦੀਆਂ ਹਨ।
ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਅੱਜ ਵਨ ਸਟੋਪ ਸੈਂਟਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੈਂਟਰ ਵਿਚ ਮਦਦ ਮੰਗਣ ਵਾਲੀਆਂ ਔਰਤਾਂ ਨੂੰ ਹਰ ਸਮੇਂ ਸਹੂਲਤਾਂ ਉਪਲਬਧ ਕਰਵਾਈਆਂ ਜਾਣ ਤਾਂ ਜੋ ਕਿਸੇ ਵੀ ਸਮੇਂ ਉਨ੍ਹਾਂ ਦੀ ਸਹਾਇਤਾ ਕੀਤੀ ਜਾ ਸਕੇ।
ਉਨ੍ਹਾਂ ਅੱਗੇ ਕਿਹਾ ਕਿ ਅਪਰਾਧ ਪੀੜਤ, ਘਰੇਲੂ ਬਦਸਲੂਕੀ ਆਦਿ ਦਾ ਸ਼ਿਕਾਰ ਔਰਤ ਕਿਸੇ ਵੀ ਸਮੇਂ ਇੱਥੇ ਆ ਸਕਦੀ ਹੈ ਅਤੇ ਮਦਦ ਮੰਗ ਸਕਦੀ ਹੈ। ਐਮਰਜੈਂਸੀ ਦੇ ਸਮੇਂ ਔਰਤਾਂ 01652-233100 ਤੇ ਕਾਲ ਕਰ ਸਕਦੀਆਂ ਹਨ ਅਤੇ ਮਦਦ ਦੀ ਮੰਗ ਕਰ ਸਕਦੀਆਂ ਹਨ। ਸੁਰੱਖਿਆ ਅਤੇ ਦੇਖਭਾਲ ਦਿੱਤੇ ਜਾਣ ਤੋਂ ਇਲਾਵਾ ਔਰਤਾਂ ਨੂੰ ਸਿਹਤ ਵਿਭਾਗ ਦੁਆਰਾ ਮੁਫ਼ਤ ਡਾਕਟਰੀ ਇਲਾਜ਼ ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੁਆਰਾ ਮੁਫ਼ਤ ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਨ ਸਟੋਪ ਸੈਂਟਰ ਦੀ ਸਥਾਈ ਇਮਾਰਤ ਦਾ ਕੰਮ ਵੀ ਜਲਦ ਸ਼ੁਰੂ ਹੋਵੇਗਾ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਪੈਰਾ ਮੈਡੀਕਲ ਸਟਾਫ, ਸੁਰੱਖਿਆ ਕਵਰ ਦੇ ਨਾਲ ਨਾਲ ਹੋਰ ਲੋੜੀਂਦੀਆਂ ਸਹੂਲਤਾਂ ਵੀ ਸਮੇਂ ਸਿਰ ਸੈਂਟਰ ਵਿਖੇ ਮਦਦ ਮੰਗਣ ਆਉਣ ਵਾਲੀਆਂ ਲੋੜਵੰਦ ਔਰਤਾਂ ਨੂੰ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਦੱਸਿਆ ਕਿ ਬੱਚਤ ਭਵਨ ਵਿਖੇ ਉਨ੍ਹਾਂ ਔਰਤਾਂ ਲਈ ਅਸਥਾਈ ਪ੍ਰਬੰਧ ਵੀ ਕੀਤੇ ਗਏ ਹਨ ਜੋ ਹਾਲਾਤ ਤੋਂ ਮਜਬੂਰ ਰਾਤੋ ਰਾਤ ਹੀ ਘਰ ਤੋਂ ਬਾਹਰ ਰਹਿਣ ਲਈ ਮਜਬੂਰ ਹੁੰਦੀਆਂ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜਦੀਪ ਸਿੰਘ ਬਰਾੜ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਸ੍ਰੀ ਅਮਨਦੀਪ ਸਿੰਘ, ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ, ਡੀ.ਐਸ.ਪੀ. (ਹੈਡਕੁਆਰਟਰ) ਸ੍ਰੀ ਜਤਿੰਦਰਪਾਲ ਸਿੰਘ, ਮੈਡੀਕਲ ਅਫ਼ਸਰ ਬਲਜੀਤ ਕੌਰ, ਚੇਅਰਪਰਸਨ ਬਾਲ ਵਿਕਾਸ ਕਾਊਂਸਲ ਰੇਖਾ ਸ਼ਰਮਾ, ਸ੍ਰੀ ਗੁਰਪ੍ਰੀਤ ਸਿੰਘ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ ਮੌਜੂਦ ਸਨ।