ਪੋਸ਼ਣ ਅਭਿਆਨ ਤਹਿਤ ਡਿਪਟੀ ਕਮਿਸ਼ਨਰ ਨੇ ਅਨੀਮੀਆ ਟੈਸਟਿੰਗ ਵੈਨ ਨੂੰ ਦਿੱਤੀ ਹਰੀ ਝੰਡੀ

09/26/2019 8:16:57 PM

ਮਾਨਸਾ, (ਮਿੱਤਲ)- ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਅੱਜ ਪੋਸ਼ਣ ਅਭਿਆਨ ਤਹਿਤ ਪਿੰਡਾਂ ਵਿਚ ਖੂਨ ਦੀ ਘਾਟ ਸਬੰਧੀ ਅਤੇ ਸ਼ੂਗਰ ਦੀ ਮੁਫ਼ਤ ਖੂਨ ਜਾਂਚ ਕਰਨ ਲਈ ਭੇਜੀ ਗਈ ਅਨੀਮੀਆ ਟੈਸਟਿੰਗ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।  ਅਨੀਮੀਆ ਅਤੇ ਸ਼ੂਗਰ ਦੀ ਮੁਫ਼ਤ ਜਾਂਚ ਦੇ ਨਾਲ ਮੁਫ਼ਤ ਐਕਸ-ਰੇ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਵੀ ਮੋਬਾਇਲ ਵੈਨ ਵਿਚ ਕੀਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਖੁਦ ਵੀ ਮੋਬਾਇਲ ਟੈਸਟਿੰਗ ਲੈਬੋਰੇਟਰੀ 'ਚ ਖੂਨ ਦੇ ਪੱਧਰ ਦੀ ਜਾਂਚ ਕਰਵਾਈ। ਉਨ੍ਹਾਂ ਕਿਹਾ ਕਿ ਇਹ ਵੈਨ ਸਿਹਤ ਵਿਭਾਗ ਵੱਲੋਂ ਪਿੰਡਾਂ 'ਚ ਮੁਫ਼ਤ ਸੇਵਾ ਪ੍ਰਦਾਨ ਕਰਨ ਲਈ ਚਲਾਈ ਗਈ ਹੈ। ਅਗਸਤ ਮਹੀਨੇ 'ਚ ਕੁੱਲ 6173 ਲੋਕਾਂ ਦੀ ਮੋਬਾਇਲ ਟੈਸਟਿੰਗ ਵੈਨ ਰਾਹੀਂ ਜਾਂਚ ਕੀਤੀ ਗਈ ਜਿੰਨ੍ਹਾਂ 'ਚੋਂ 3313 ਆਦਮੀ ਅਤੇ 2860 ਔਰਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਨੀਮੀਆ, ਹਾਈ ਬਲੱਡ ਪ੍ਰੈਸ਼ਰ, ਐਕਸ-ਰੇ 'ਚ ਪਾਈਆਂ ਗਈਆਂ ਸਮੱਸਿਆਵਾਂ ਬਾਰੇ ਪਿੰਡਾਂ ਦੇ ਅੰਕੜੇ ਪਿੰਡ ਪੱਧਰ ਤੇ ਸਬੰਧਤ ਸਿਹਤ ਅਧਿਕਾਰੀਆਂ ਨਾਲ ਸਾਂਝੇ ਕੀਤੇ ਗਏ ਹਨ ਜੋ ਸਬੰਧਤ ਮਰੀਜ਼ਾਂ ਨੂੰ ਇਲਾਜ਼ ਮੁਹੱਈਆ ਕਰਵਾਉਣਗੇ।
ਏਅਰ ਕੰਡੀਸ਼ਨ ਨਾਲ ਲੈਸ ਮੋਬਾਇਲ ਵੈਨ 'ਚ ਐਕਸ-ਰੇ ਕਮਰਾ, ਖੂਨ ਜਾਂਚ ਲੈਬ, ਰਿਕਾਰਡ ਰੂਮ ਅਤੇ ਇਕ ਛੋਟਾ ਪਖ਼ਾਨਾ ਉਪਲਬਧ ਹੈ। ਇਸ 'ਚ ਇਕੋ ਸਮੇਂ 5 ਵਿਅਕਤੀਆਂ ਦੇ ਬੈਠਣ ਦੀ ਸੁਵਿਧਾ ਹੈ। ਇਹ ਵੈਨ ਸਿਹਤ ਵਿਭਾਗ ਦੇ 6 ਕਰਮਚਾਰੀਆਂ ਵੱਲੋਂ ਚਲਾਈ ਜਾ ਰਹੀ ਹੈ ਜਿੰਨ੍ਹਾਂ 'ਚ ਡਾਕਟਰ, ਨਰਸ, ਲੈਬ ਟੈਕਨੀਸ਼ੀਅਨ, ਫਾਰਮਾਸਿਸਟ, ਡਰਾਇਵਰ ਅਤੇ ਕਲੀਨਰ ਸ਼ਮਿਲ ਹਨ। 27 ਸਤੰਬਰ ਨੂੰ ਵੈਨ ਦੁਆਰਾ ਪਿੰਡ ਕੋਟ ਲੱਲੂ, ਪਿੰਡ ਦਲੇਲ ਸਿੰਘ ਵਾਲਾ ਅਤੇ 30 ਸਤੰਬਰ ਨੂੰ ਪਿੰਡ ਮੂਲਾ ਸਿੰਘ ਵਾਲਾ ਦਾ ਦੌਰਾ ਕੀਤਾ ਜਾਵੇਗਾ। ਅਕਤੂਬਰ ਮਹੀਨੇ ਦੀ ਸਮਾਂਸਾਰਣੀ ਜਲਦ ਹੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਚੰਗੀ ਸਿਹਤ ਲਈ ਇਸ ਵੈਨ ਦੀਆਂ ਵੱਧ ਤੋਂ ਵੱਧ ਸੇਵਾਵਾਂ ਲਈਆਂ ਜਾਣ। ਇਸ ਮੌਕੇ ਜ਼ਿਲ੍ਹਾਂ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ ਵੀ ਮੌਜੂਦ ਸਨ।


Bharat Thapa

Content Editor

Related News