ਜਿਸ ਸਾਜ਼ਿਸ਼ ਤਹਿਤ ਅੰਮ੍ਰਿਤਪਾਲ ਨੂੰ ਆਜ਼ਾਦ ਉਮੀਦਵਾਰ ਬਣਾਇਆ, ਉਸ ਨੂੰ ਸਮਝਣ ਪੰਜਾਬੀ : ਸੁਖਬੀਰ ਬਾਦਲ

05/16/2024 1:15:39 PM

ਅੰਮ੍ਰਿਤਸਰ/ਰਈਆ (ਛੀਨਾ/ਕੰਗ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਉਸ ਸਾਜ਼ਿਸ਼ ਨੂੰ ਸਮਝਣ, ਜਿਸ ਤਹਿਤ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਨਿਤਾਰਿਆ ਗਿਆ ਹੈ। ਉਨ੍ਹਾਂ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਸਮਝਣ ਕਿ ਜਿਸ ਵਿਅਕਤੀ ਨੇ ਇਕ ਸਾਲ ਪਹਿਲਾਂ ਸਿੱਖੀ ਸਰੂਪ ਧਾਰਿਆ ਹੋਵੇ ਕੀ ਉਹ ਉਨ੍ਹਾਂ ਦੀ ਅਗਵਾਈ ਕਰਨ ਦੇ ਸਮਰੱਥ ਹੈ ਜਾਂ ਫਿਰ 103 ਸਾਲ ਪੁਰਾਣੀ ਪਾਰਟੀ, ਜੋ ਆਪਣੇ ਪੁਰਖ਼ਿਆਂ ਦੇ ਕਦਮਾਂ ’ਤੇ ਚੱਲ ਰਹੀ ਹੈ, ਉਹ ਪਾਰਟੀ ਉਨ੍ਹਾਂ ਦੀ ਅਗਵਾਈ ਕਰਨ ਦੇ ਸਮਰੱਥ ਹੈ। ਅਕਾਲੀ ਦਲ ਦੇ ਪ੍ਰਧਾਨ, ਜਿਨ੍ਹਾਂ ਨੇ ਇਥੇ ਅਤੇ ਬਾਬਾ ਬਕਾਲਾ ਵਿਖੇ ਵਿਸ਼ਾਲ ਮੀਟਿੰਗਾਂ ਕੀਤੀਆਂ, ਨੇ ਕਿਹਾ ਕਿ ਇਕ ਵਿਅਕਤੀ ਜਿਸਨੇ ਇਕ ਸਾਲ ਅੰਮ੍ਰਿਤ ਛਕਿਆ ਹੋਵੇ ਤੇ ਚੋਲਾ ਪਾਉਂਦਾ ਹੋਵੇ, ਉਹ ਪੰਥ ਦਾ ਪ੍ਰਤੀਨਿਧ ਹੈ ਜਾਂ ਫਿਰ 103 ਸਾਲ ਪੁਰਾਣੀ ਪਾਰਟੀ ਜਿਸਦਾ ਪੰਥਕ ਕਦਰਾਂ ਕੀਮਤਾਂ ਦੀ ਰਾਖੀ ਦਾ ਰਿਕਾਰਡ ਹੈ।

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਨਜਾਇਜ਼ ਸਬੰਧਾਂ ਦੇ ਸ਼ੱਕ 'ਚ ਦੋ ਭੈਣਾਂ ਦੇ ਇਕਲੌਤੇ ਭਰਾ ਦਾ ਕਤਲ

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁਲਾਂਕਣ ਕਰਨ ਕਿ ਕੀ ਅੰਮ੍ਰਿਤਪਾਲ ਨੂੰ ਕੇਂਦਰੀ ਏਜੰਸੀਆਂ ਨੇ ਤਾਂ ਖੜ੍ਹਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਲੋਕ ਆਪ ਵੇਖਣ ਕਿ ਪਹਿਲਾਂ ਇਕ ਵਿਅਕਤੀ ਤਿਆਰ ਕੀਤਾ ਗਿਆ, ਫਿਰ ਉਸਦੀ ਪੇਸ਼ਕਾਰੀ ਕੀਤੀ ਗਈ, ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਫਿਰ ਸੁਰੱਖਿਅਤ ਹਿਰਾਸਤ ਵਿਚ ਰੱਖਿਆ ਗਿਆ ਤੇ ਹੁਣ ਅਕਾਲੀ ਦਲ ਦੀ ਲੋਕਪ੍ਰਿਅਤਾ ਦਾ ਟਾਕਰਾ ਕਰਨ ਵਾਸਤੇ ਪਾਰਲੀਮਾਨੀ ਚੋਣਾਂ ਵਿਚ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੇ ਪਹਿਲਾਂ ਇਹ ਸਟੈਂਡ ਲਿਆ ਸੀ ਕਿ ਉਹ ਰਾਜਨੀਤੀ ਵਿਚ ਨਹੀਂ ਆਉਣਾ ਚਾਹੁੰਦਾ ਤੇ ਸਿਰਫ ‘ਅੰਮ੍ਰਿਤ ਪ੍ਰਚਾਰ’ ਹੀ ਕਰਨਾ ਚਾਹੁੰਦਾ ਹੈ ਤੇ ਨਸ਼ਿਆਂ ਖਿਲਾਫ ਲੜਾਈ ਲੜਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਸੱਚਾਈ ਹੈ ਕਿ ਅੰਮ੍ਰਿਤਪਾਲ ਦੇ ਐੱਨ. ਐੱਸ. ਏ. ਤਹਿਤ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੋਣ ਦੇ ਬਾਵਜੂਦ ਉਸ ਨੂੰ ਨਾਮਜ਼ਦਗੀ ਪੱਤਰ ਭਰਵਾਉਣ ਲਈ ਹਰ ਸਹੂਲਤ ਦਿੱਤੀ ਗਈ।

ਇਹ ਵੀ ਪੜ੍ਹੋ- ਗੁੰਡਾਗਰਦੀ ਦਾ ਨੰਗਾ ਨਾਚ, 20 ਦੇ ਕਰੀਬ ਹਥਿਆਰਬੰਦਾਂ ਨੇ ਘਰ 'ਚ ਵੜ ਕੀਤਾ ਹਮਲਾ, ਬਜ਼ੁਰਗ ਦੀ ਮੌਤ

ਇਕ ਕਦਮ ਹੋਰ ਅੱਗੇ ਵਧਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਸਵਾਲ ਕੀਤਾ ਕਿ ਅੰਮ੍ਰਿਤਪਾਲ ਸਿੰਘ ਕੌਮ ਦੀ ਅਗਵਾਈ ਕਰਨ ਬਾਰੇ ਕਿਵੇਂ ਸੋਚ ਸਕਦਾ ਹੈ ਜਦੋਂ ਉਹ ਇਕ ਸਾਲ ਤੱਕ ਵੀ ਜੇਲ੍ਹ ਵਿਚ ਨਹੀਂ ਰਹਿ ਸਕਿਆ। ਉਨ੍ਹਾਂ ਕਿਹਾ ਕਿ ਜਦੋਂ ਸਵ. ਪ੍ਰਕਾਸ਼ ਸਿੰਘ ਬਾਦਲ 16 ਸਾਲ ਤੱਕ ਜੇਲ੍ਹ ਵਿਚ ਰਹੇ ਤਾਂ ਅਸੀਂ ਉਸ ਵੇਲੇ ਉਨ੍ਹਾਂ ਨੂੰ ਛੁਡਵਾਉਣ ਲਈ ਇਕ ਵੀ ਧਰਨਾ ਨਹੀਂ ਦਿੱਤਾ ਸੀ। ਬਾਦਲ ਨੇ ਜ਼ੋਰ ਦੇ ਕਿ ਕਿਹਾ ਕਿ ਅਕਾਲੀ ਆਗੂਆਂ ਨੇ ਆਪ ਗ੍ਰਿਫ਼ਤਾਰੀਆਂ ਦਿੱਤੀਆਂ ਤੇ ਕਦੇ ਵੀ ਆਪਣਾ ਸਰੂਪ ਨਹੀਂ ਬਦਲਿਆ ਤੇ ਛੁਪ ਕੇ ਨਹੀਂ ਰਹੇ, ਜਦੋਂ ਕਿ ਅੰਮ੍ਰਿਤਪਾਲ ਸਿੰਘ ਨੇ ਫੜੇ ਜਾਣ ਦੇ ਡਰੋਂ ਲੁਕਦਾ ਰਿਹਾ। ਉਨ੍ਹਾਂ ਸਪੱਸ਼ਟ ਕੀਤਾ ਕਿ ਅੰਮ੍ਰਿਤਪਾਲ ਸਿਰਫ ਆਪਣੇ-ਆਪ ਨੂੰ ਛੁਡਵਾਉਣ ਲਈ ਚੋਣ ਲੜ ਰਿਹਾ ਹੈ ਨਾ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੇ ਸਾਰੇ ਪਰਿਵਾਰ ਅਕਾਲੀ ਦਲ ਦੇ ਨਾਲ ਹਨ।

ਇਹ ਵੀ ਪੜ੍ਹੋ-  12ਵੀਂ 'ਚ 61 ਫੀਸਦੀ ਨੰਬਰ ਆਉਣ ਦੇ ਬਾਵਜੂਦ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News