ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਲੋਂ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ, ਗਰਮੀ ਦੇ ਮੱਦੇਨਜ਼ਰ ਜਾਰੀ ਕੀਤੀਆਂ ਹਿਦਾਇਤਾਂ

05/16/2024 6:33:07 PM

ਚੰਡੀਗੜ੍ਹ (ਬਿਊਰੋ) : ਸੂਬੇ ’ਚ ਸੁਤੰਤਰ, ਨਿਰਪੱਖ ਅਤੇ ਸ਼ਾਂਤਮਈ ਚੋਣਾਂ ਯਕੀਨੀ ਬਣਾਉਣ ਲਈ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਅੱਜ ਸਾਰੇ ਜ਼ਿਲ੍ਹਾ ਚੋਣ ਅਫ਼ਸਰਾਂ-ਕਮ-ਡਿਪਟੀ ਕਮਿਸ਼ਨਰਾਂ, ਪੁਲਸ ਕਮਿਸ਼ਨਰਾਂ ਅਤੇ ਐੱਸ.ਐੱਸ.ਪੀਜ਼ ਨਾਲ ਉੱਚ-ਪੱਧਰੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਨੇ ਸੂਬੇ ’ਚ 1 ਜੂਨ, 2024 ਨੂੰ ਪੈਣ ਵਾਲੀਆਂ ਵੋਟਾਂ ਸਬੰਧੀ ਜ਼ਿਲ੍ਹਾ ਪੱਧਰ 'ਤੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਵੀਡੀਓ ਕਾਨਫਰੰਸਿੰਗ ਰਾਹੀਂ ਰੀਵਿਊ ਮੀਟਿੰਗ ਕਰਦਿਆਂ ਸਿਬਿਨ ਸੀ. ਨੇ ਅਧਿਕਾਰੀਆਂ ਨੂੰ ਭਾਰਤੀ ਚੋਣ ਕਮਿਸ਼ਨ ਦੁਆਰਾ ਜਾਰੀ ਕੀਤੇ ਗਏ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਨੇ ਸੂਬੇ ਭਰ ’ਚ ਨਸ਼ੀਲੇ ਪਦਾਰਥਾਂ, ਨਕਦੀ, ਹਥਿਆਰ ਅਤੇ ਹੋਰ ਗੈਰ ਕਾਨੂੰਨੀ ਵਸਤਾਂ ਦੀ ਆਮਦ ਨੂੰ ਰੋਕਣ ਲਈ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਦੇ ਨਾਲ-ਨਾਲ  ਉੱਡਣ ਦਸਤਿਆਂ ਅਤੇ ਆਬਕਾਰੀ ਟੀਮਾਂ ਦੇ ਗਠਨ ਸਮੇਤ ਸਰਹੱਦੀ ਜਾਂਚ ਚੌਕੀਆਂ ਸਥਾਪਤ ਕਰਨ ‘ਤੇ ਜ਼ੋਰ ਦਿੱਤਾ। ਵੋਟਾਂ ਵਾਲੇ ਦਿਨ ਸੰਭਾਵੀ ਗਰਮੀ ਦੇ ਮੱਦੇਨਜ਼ਰ ਸਿਬਿਨ ਸੀ ਨੇ ਅਧਿਕਾਰੀਆਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ’ਚ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਅੱਗੇ ਕਿਹਾ ਕਿ ਨਿਰਪੱਖ ਅਤੇ ਸ਼ਾਂਤਮਈ ਚੋਣ ਅਮਲ ਨੂੰ ਯਕੀਨੀ ਬਣਾਉਂਦਿਆਂ ‘ਇਸ ਵਾਰ 70 ਪਾਰ’ ਦੇ ਟੀਚੇ ਦੀ ਪ੍ਰਾਪਤੀ ਲਈ ਹਰ ਸੰਭਵ ਕਦਮ ਚੁੱਕੇ ਜਾਣ। ਸਿਬਿਨ ਸੀ ਨੇ ਅਧਿਕਾਰੀਆਂ ਨੂੰ ਪੋਲਿੰਗ ਬੂਥਾਂ 'ਤੇ ਵੋਟਰਾਂ ਦੀ ਸਹੂਲਤ ਲਈ ਵੱਖ –ਵੱਖ ਸੁਵਿਧਾਵਾਂ ਜਿਵੇਂ ਕਿ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਗੁਲਾਬੀ ਤੇ ਹਰੇ ਰੰਗ ਦੇ ਪੋਲਿੰਗ ਬੂਥਾਂ ਦੇ ਨਾਲ-ਨਾਲ  ਨੌਜਵਾਨਾਂ ਅਤੇ ਦਿਵਿਆਂਗ ਵਿਅਕਤੀਆਂ ਲਈ ਵੱਖਰੇ ਬੂਥ ਲਗਾਉਣ ਲਈ ਵੀ ਕਿਹਾ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ ਮੁੱਖ ਚੋਣ ਅਧਿਕਾਰੀ 17 ਮਈ ਨੂੰ ਫੇਸਬੁੱਕ ’ਤੇ ਹੋਣਗੇ ਲਾਈਵ, ਲੋਕਾਂ ਨਾਲ ਕਰਨਗੇ ਰਾਬਤਾ

ਇਸ ਦੇ ਨਾਲ ਹੀ ਉਨ੍ਹਾਂ ਨੇ ਦਿਵਿਆਂਗ ਵੋਟਰਾਂ ਲਈ ਵਿਸ਼ੇਸ਼ ਸਹੂਲਤਾਂ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਸੂਬੇ ਭਰ ਦੇ ਹਰੇਕ ਪੋਲਿੰਗ ਸਟੇਸ਼ਨ 'ਤੇ ਘੱਟੋ-ਘੱਟ ਇੱਕ ਵ੍ਹੀਲਚੇਅਰ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਵੀ ਕਿਹਾ। ਮੁੱਖ ਚੋਣ ਅਫ਼ਸਰ ਨੇ ਅਧਿਕਾਰੀਆਂ ਨੂੰ ਸਾਰੇ ਉਮੀਦਵਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਣ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਉਨ੍ਹਾਂ ਨੇ ਕੇਂਦਰੀ ਬਲਾਂ ਦੀ ਤਾਇਨਾਤੀ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀਆਂ ਤੋਂ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਦੀ ਸਥਿਤੀ ਅਤੇ ਵੋਟਰ ਸਲਿੱਪਾਂ ਦੀ ਵੰਡ ਦੇ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਮੰਗੀ। ਮੀਟਿੰਗ ਦੌਰਾਨ ਮੁੱਖ ਚੋਣ ਅਧਿਕਾਰੀ ਨੇ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਸਟਲ ਬੈਲਟਾਂ ਦੀ ਪ੍ਰਾਪਤੀ ਦੇ ਪ੍ਰਬੰਧਨ, ਸਟਰਾਂਗ ਰੂਮਾਂ ’ਚ ਸੁਰੱਖਿਆ ਪ੍ਰਬੰਧਾਂ ਅਤੇ ਸੀ.ਸੀ.ਟੀ.ਵੀ/ਵੀਡੀਓਗ੍ਰਾਫੀ ਸੈੱਟਅੱਪ ਲਈ ਢੁਕਵੇਂ ਪ੍ਰਬੰਧਾਂ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਨੇ ਗਿਣਤੀ ਕੇਂਦਰਾਂ ਵਿੱਚ ਹਰੇਕ ਟੇਬਲ 'ਤੇ ਮਾਈਕ੍ਰੋ-ਅਬਜ਼ਰਵਰ ਤਾਇਨਾਤ ਕਰਨ ਅਤੇ ਕਾਊਂਟਿੰਗ ਹਾਲਾਂ ਵਿੱਚ ਢੁਕਵੇਂ ਪ੍ਰਬੰਧ ਯਕੀਨੀ ਬਣਾਉਣ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਸਿਬਿਨ ਸੀ ਨੇ ਗਿਣਤੀ ਕੇਂਦਰਾਂ ਦੇ ਅੰਦਰ ਅਤੇ ਬਾਹਰ ਬੈਰੀਕੇਡਿੰਗ ਅਤੇ ਗਿਣਤੀ ਕੇਂਦਰਾਂ ਤੱਕ ਈ. ਵੀ. ਐੱਮ. ਮਸ਼ੀਨਾਂ ਲੈ ਕੇ ਜਾਣ ਵਾਲੇ ਰਸਤਿਆਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੀ.ਵੀ.ਪੀ.ਏ.ਟੀ. ਪੇਪਰ ਸਲਿੱਪਾਂ ਦੀ ਤਸਦੀਕ ਲਈ ਇਨ੍ਹਾਂ ਖੇਤਰਾਂ ਨੂੰ ਉਚਿਤ ਢੰਗ ਨਾਲ ਸੈਨੀਟਾਈਜ਼ ਕਰਨ ਵਾਸਤੇ ਲੋੜੀਂਦੇ ਕਦਮ ਚੁੱਕੇ ਜਾਣ।  

ਇਹ ਖ਼ਬਰ ਵੀ ਪੜ੍ਹੋ : ਕਾਂਗਰਸ ਦੌਰਾਨ ਸ਼ਰਾਬ ਮਾਫ਼ੀਆ ਦਾ ਸੀ ਬੋਲਬਾਲਾ, ‘ਆਪ’ ਵੇਲੇ ਵਧੀ ਸਰਕਾਰ ਦੀ ਆਮਦਨ : ਚੀਮਾ

ਉਨ੍ਹਾਂ ਨੇ ਪੋਲਿੰਗ ਸਟੇਸ਼ਨਾਂ 'ਤੇ ਇੰਟਰਨੈਟ ਲਈ ਢੁਕਵੇਂ ਪ੍ਰਬੰਧ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ‘ਐਨਕੋਰ’ ਐਪ ’ਤੇ ਵੋਟਰ ਟਰਨ-ਆਊਟ ਡੇਟਾ ਦਾਖਲ ਕਰਨ ਵਾਸਤੇ ਸੁਚਾਰੂ ਪ੍ਰਬੰਧ ਕਰਨ ਲਈ ਆਖਦਿਆਂ ਦਫ਼ਤਰ, ਮੁੱਖ ਚੋਣ ਅਫ਼ਸਰ ਨੂੰ ਵੈਬਸਾਈਟ ਰਾਹੀਂ ਸਮੇਂ ਸਿਰ ਰਿਪੋਰਟਾਂ ਭੇਜਣ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਪੋਲਿੰਗ ਡੇਟਾ ਨੂੰ ਢੁੱਕਵੇਂ ਢੰਗ ਨਾਲ ਇਕੱਠਾ ਕੀਤਾ ਜਾ ਸਕੇ। ਇਸ ਮੌਕੇ ਕਾਨੂੰਨ ਅਤੇ ਵਿਵਸਥਾ ਬਾਰੇ ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਸ ਅਰਪਿਤ ਸ਼ੁਕਲਾ ਨੇ ਵੀ ਜ਼ਿਲ੍ਹਾ ਪੁਲਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਾਰੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਲਈ ਬਰਾਬਰ ਦਾ ਮਾਹੌਲ ਯਕੀਨੀ ਬਣਾਉਣ ਦੇ ਨਾਲ-ਨਾਲ ਚੋਣਾਂ ਦੌਰਾਨ ਡਰਾਉਣ-ਧਮਕਾਉਣ ਅਤੇ ਭਰਮਾਉਣ ਦੀਆਂ ਕਾਰਵਾਈਆਂ ’ਤੇ ਨੇੜਿਓਂ ਨਜ਼ਰ ਰੱਖਦਿਆਂ ਸੂਬੇ ’ਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ।  

ਇਹ ਖ਼ਬਰ ਵੀ ਪੜ੍ਹੋ :  ਸੁਰੱਖਿਆ ਸਬੰਧੀ ਹਾਈਕੋਰਟ ਦਾ ਸੁਝਾਅ : ਜਿਸ ਨੂੰ ਮਿਲੀ ਸੁਰੱਖਿਆ, ਉਸੇ ਤੋਂ ਵਸੂਲਿਆ ਜਾਵੇ ਖ਼ਰਚਾ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News