ਮਾਮਲਾ ਦਰਜ ਕਰਵਾਏ ਜਾਣ ਤੋਂ ਡਿਪਰੈਸ਼ਨ ''ਚ ਆ ਕੇ ਵਿਅਕਤੀ ਨੇ ਕੀਤੀ ਖੁਦਕੁਸ਼ੀ

12/6/2020 6:04:15 PM

ਦਿੜ੍ਹਬਾ ਮੰਡੀ (ਅਜੈ): ਸਥਾਨਕ ਸ਼ਹਿਰ ਵਿਖੇ ਕਿਰਾਏ ਦੇ ਮਕਾਨ 'ਚ ਰਹਿ ਰਹੇ ਇਕ ਵਿਅਕਤੀ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਸਬੰਧੀ ਥਾਣਾ ਦਿੜ੍ਹਬਾ ਪੁਲਸ ਨੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਮਾਮਲੇ 'ਚ ਜਾਂਚ ਕਰ ਰਹੇ ਪੁਲਸ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਲਖਵਿੰਦਰ ਸਿੰਘ ਵਾਸੀ ਧਾਂਦਰਾ ਦੀ ਪਤਨੀ ਬਲਜੀਤ ਕੌਰ ਨੇ ਪੁਲਸ ਨੂੰ ਦਰਜ ਕਰਵਾਏ ਆਪਣੇ ਬਿਆਨ 'ਚ ਕਿਹਾ ਹੈ ਕਿ ਉਹ ਤਕਰੀਬਨ 5-6 ਮਹੀਨਿਆਂ ਤੋਂ ਸੁਰਜਨ ਬਸਤੀ ਦਿੜ੍ਹਬਾ ਵਿਖੇ ਕਿਰਾਏ ਉਤੇ ਮਕਾਨ ਲੈ ਕੇ ਆਪਣੇ ਪਤੀ ਲਖਵਿੰਦਰ ਸਿੰਘ ਨਾਲ ਰਹਿ ਰਹੀ ਸੀ ਅਤੇ ਉਹ ਬੁਟੀਕ ਦਾ ਕੰਮ ਕਰਦੀ ਹੈ।

ਉਸ ਦੇ ਘਰ ਵਾਲੇ ਲਖਵਿੰਦਰ ਸਿੰਘ ਅਤੇ ਉਸ ਦੇ ਪਤੀ ਦੇ ਭਰਾ ਪਰਮਵੀਰ ਸਿੰਘ ਦੇ ਖ਼ਿਲਾਫ਼ ਨਿਰਪਾਲ ਸਿੰਘ ਅਤੇ ਪਰਮਜੀਤ ਸਿੰਘ ਵਾਸੀ ਧਾਂਦਰਾ ਨੇ ਧੂਰੀ ਥਾਣੇ 'ਚ 12 ਅਕਤੂਬਰ ਨੂੰ ਝੂਠਾ ਮਾਮਲਾ ਦਰਜ ਕਰਵਾ ਦਿੱਤਾ ਸੀ।ਜਿਸ ਤੋਂ ਬਾਅਦ ਉਹ ਉਸ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਰਹਿੰਦੇ ਸੀ। ਇਸ ਕਰਕੇ ਉਸ ਦਾ ਪਤੀ ਹਮੇਸ਼ਾ ਟੈਨਸ਼ਨ 'ਚ ਰਹਿੰਦਾ ਸੀ। ਬੀਤੀ ਸ਼ਾਮ ਜਦੋਂ ਉਹ ਬੁਟੀਕ ਦੇ ਕੰਮ ਤੋਂ ਘਰ ਆਈ ਤਾਂ ਉਸ ਨੇ ਆਪਣੇ ਪਤੀ ਨੂੰ ਪੱਗ ਗਲ 'ਚ ਪਾ ਕੇ ਪੱਖੇ ਨਾਲ ਲਟਕਦਾ ਵੇਖਿਆ। ਜਿਸ ਤੋਂ ਬਾਅਦ ਇਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ। 

ਪੁਲਸ ਨੇ ਮ੍ਰਿਤਕ ਦੀ ਪਤਨੀ ਬਲਜੀਤ ਕੌਰ ਬਿਆਨਾਂ ਦੇ ਆਧਾਰ ਤੇ ਪਰਮਜੀਤ ਸਿੰਘ ਅਤੇ ਨਿਰਪਾਲ ਸਿੰਘ ਦੇ ਖ਼ਿਲਾਫ਼ ਆਤਮ ਹੱਤਿਆ ਲਈ ਮਜਬੂਰ ਕਰਨ ਤਹਿਤ ਮਾਮਲਾ ਦਰਜ ਕਰਕੇ ਆਪਣੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਪੁਲਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।


Shyna

Content Editor Shyna