''ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਸਰਵੇਖਣ ਕਰਵਾਏਗਾ ਸਿੱਖਿਆ ਵਿਭਾਗ''
Wednesday, Aug 05, 2020 - 02:23 AM (IST)
ਲੁਧਿਆਣਾ,(ਵਿੱਕੀ)- ਸਕੂਲ ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਸਰਵੇਖਣ ਕਰਵਾਉਣ ਦਾ ਫੈਸਲਾ ਕੀਤਾ ਹੈ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਨਿਰਦੇਸ਼ਾਂ 'ਤੇ ਵਿਭਾਗ ਵੱਲੋਂ ਕਰਵਾਏ ਜਾਣ ਵਾਲੇ ਇਸ ਸਰਵੇਖਣ ਦੀ ਤਿਆਰੀ ਦੇ ਸਬੰਧ 'ਚ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ 'ਪੰਜਾਬ ਪ੍ਰਾਪਤੀ ਸਰਵੇਖਣ' (ਪੰਜਾਬ ਅਚੀਵਮੈਂਟ ਸਰਵੇ) ਦੀ ਤਿਆਰੀ ਲਈ ਡੀ. ਪੀ. ਆਈਜ਼, ਨੋਡਲ ਅਧਿਕਾਰੀਆਂ, ਜ਼ਿਲਾ ਸਿੱਖਿਆ ਅਧਿਕਾਰੀਆਂ, ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ ਅਤੇ ਦੂਜੇ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਆਨਲਾਈਨ ਮੀਟਿੰਗ ਕੀਤੀ ਗਈ ਹੈ। ਇਸ ਸਰਵੇ ਦੀ ਸਫਲਤਾ ਦੇ ਸਬੰਧ 'ਚ ਜ਼ਿਲੇ ਦੇ ਨੋਡਲ ਅਧਿਕਾਰੀ, ਜ਼ਿਲਾ ਸਿੱਖਿਆ ਅਧਿਕਾਰੀ, ਬਲਾਕ ਸਿੱਖਿਆ ਅਧਿਕਾਰੀ, ਸਿੱਖਿਆ ਸੁਧਾਰ ਟੀਮਾਂ, ਜ਼ਿਲਾ ਅਤੇ ਬਲਾਕ ਮੈਂਟਰ, 'ਪੜ੍ਹੋ ਪੰਜਾਬ, ਪੜ੍ਹਾਓ' ਪੰਜਾਬ ਟੀਮ, ਸਕੂਲ ਪ੍ਰਮੁੱਖ ਅਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ ਅਤੇ ਉਤਸ਼ਾਹਿਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਸੇ ਮਹੀਨੇ ਤੋਂ ਕੁਇੱਜ ਨਾਲ ਹੋਵੇਗੀ ਸ਼ੁਰੂਆਤ, ਨਵੰਬਰ ਤੱਕ ਪੂਰਾ ਹੋਵੇਗਾ ਮਾਕ ਟੈਸਟ
ਜਾਣਕਾਰੀ ਮੁਤਾਬਕ ਇਸ ਸਰਵੇਖਣ 'ਚ ਚਾਲੂ ਵਿੱਦਿਅਕ ਸੈਸ਼ਨ 2020-21 ਦੌਰਾਨ ਸੂਬੇ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ 'ਚ ਵਿੱਦਿਅਕ ਗੁਣਵੱਤਾ ਦੀ ਪਰਖ ਕੀਤੀ ਜਾਵੇਗੀ। ਇਸ ਸਰਵੇਖਣ ਦੀ ਸ਼ੁਰੂਆਤ ਇਸੇ ਮਹੀਨੇ ਕੁਇੱਜ ਨਾਲ ਹੋਵੇਗੀ ਅਤੇ ਇਸ ਤੋਂ 15 ਦਿਨ ਦੇ ਉਪਰੰਤ ਫਿਰ ਸਰਵੇਖਣ ਦੇ ਸਬੰਧ 'ਚ ਕੁਇੱਜ ਹੋਵੇਗੀ। ਸਤੰਬਰ ਮਹੀਨਿਆਂ 'ਚ ਬੱਚਿਆਂ ਦਾ ਪਹਿਲਾ ਮਾਕ ਟੈਸਟ ਹੋਵੇਗਾ। ਦੂਜਾ ਮਾਕ ਟੈਸਟ ਅਕਤੂਬਰ ਅਤੇ ਤੀਜਾ ਨਵੰਬਰ ਮਹੀਨੇ 'ਚ ਪੂਰਾ ਕੀਤਾ ਜਾਵੇਗਾ। ਇਸ ਸਰਵੇਖਣ ਲਈ ਕੋਈ ਵੱਖਰਾ ਪਾਠਕ੍ਰਮ ਨਹੀਂ ਹੋਵੇਗਾ ਅਤੇ ਇਹ ਪਹਿਲਾਂ ਤੋਂ ਪੜ੍ਹ ਰਹੇ ਵਿਸ਼ਿਆਂ ਦੇ ਪਾਠਕ੍ਰਮ 'ਤੇ ਆਧਾਰਤ ਹੀ ਹੋਵੇਗਾ। ਇਸ ਸਰਵੇਖਣ ਲਈ ਕਲਾਸਾਂ ਵਾਈਜ਼ ਵਿਸ਼ਿਆਂ ਦੀ ਚੋਣ ਕੀਤੀ ਹੈ। ਜਿਸ ਦੇ ਅਧੀਨ ਪ੍ਰਾਇਮਰੀ ਕਲਾਸਾਂ ਦੇ ਸਾਰੇ ਵਿਸ਼ੇ, ਛੇਵੀਂ ਤੋਂ 10ਵੀਂ ਤੱਕ ਦੇ 4 ਵਿਸ਼ੇ (ਅੰਗ੍ਰੇਜ਼ੀ, ਵਿਗਿਆਨ ਅਤੇ ਸਮਾਜਿਕ ਸਿੱਖਿਆ) ਅਤੇ 11ਵੀਂ ਅਤੇ 12ਵੀਂ ਕਲਾਸ ਦੇ ਕੁੱਝ ਚੋਣਵੇਂ ਵਿਸ਼ਿਆਂ 'ਤੇ ਆਧਾਰਤ ਇਹ ਸਰਵੇ ਕਰਵਾਇਆ ਜਾਵੇਗਾ।
ਨੈਸ਼ਨਲ ਅਚੀਵਮੈਂਟ ਸਰਵੇ ਲਈ ਤਿਆਰ ਹੋਣਗੇ ਅਧਿਆਪਕ ਅਤੇ ਵਿਦਿਆਰਥੀ
ਸਰਵੇਖਣ ਦੇ ਸਬੰਧ 'ਚ ਸਾਰੇ ਜ਼ਿਲਿਆਂ ਦੇ ਜ਼ਿਲਾ ਅਤੇ ਬਲਾਕ ਮੈਟਰ, ਅਧਿਆਪਕਾਂ ਨੂੰ ਟ੍ਰੇਨਿੰਗ ਦੇਣਗੇ ਅਤੇ ਅਧਿਆਪਕ ਵੱਲੋਂ ਅੱਗੇ ਬੱਚਿਆਂ ਨੂੰ ਇਸ ਸਬੰਧ 'ਚ ਜਾਣਕਾਰੀ ਦੇਣ ਦੇ ਨਾਲ-ਨਾਲ ਭਾਗ ਲੈਣ ਦੇ ਲਈ ਪ੍ਰੇਰਿਤ ਕਰਨਗੇ। ਸਰਵੇਖਣ ਦੀ ਤਿਆਰੀ ਲਈ ਨਮੂਨੇ ਦੇ ਤੌਰ 'ਤੇ ਕੁਇੱਜ ਦੇ ਸਬੰਧ 'ਚ ਸਹਾਇਕ ਸਮੱਗਰੀ ਵਿਭਾਗ ਵੱਲੋਂ ਆਨਲਾਈਨ ਉਪਲੱਬਧ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਬੱਚਿਆਂ ਅਤੇ ਮਾਤਾ-ਪਿਤਾ ਨੂੰ ਇਸ ਸਰਵੇਖਣ ਦੇ ਸਬੰਧ 'ਚ ਵੱਖ-ਵੱਖ ਸਾਧਨਾਂ ਜ਼ਰੀਏ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਕੀਤਾ ਜਾਵੇਗਾ। ਇਸ ਸਰਵੇਖਣ ਦਾ ਮੁੱਖ ਮਕਸਦ ਵਿਭਾਗ ਆਪਣੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਹਰ ਪੱਖ ਤੋਂ ਕੇਂਦਰ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇਖਣ ਲਈ ਤਿਆਰ ਕਰਨਾ ਹੈ।