ਕਰਜ਼ੇ ਤੋਂ ਪ੍ਰੇਸ਼ਾਨ ਦੋ ਬੱਚਿਆਂ ਦੇ ਪਿਉ ਵੱਲੋਂ ਖੁਦਕੁਸ਼ੀ

Thursday, Aug 15, 2019 - 02:53 AM (IST)

ਕਰਜ਼ੇ ਤੋਂ ਪ੍ਰੇਸ਼ਾਨ ਦੋ ਬੱਚਿਆਂ ਦੇ ਪਿਉ ਵੱਲੋਂ ਖੁਦਕੁਸ਼ੀ

ਮੋਗਾ, (ਆਜ਼ਾਦ)- ਥਾਣਾ ਬਾਘਾਪੁਰਾਣਾ ਦੇ ਅਧੀਨ ਪੈਂਦੇ ਪਿੰਡ ਆਲਮਵਾਲਾ ਨਿਵਾਸੀ ਲਖਵੀਰ ਚੰਦ (40) ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਬਲਬੀਰ ਸਿੰਘ ਵੱਲੋਂ ਮ੍ਰਿਤਕ ਦੀ ਪਤਨੀ ਸੀਮਾ ਰਾਣੀ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਲਖਵੀਰ ਚੰਦ ਪੁੱਤਰ ਪਿਆਰੇ ਲਾਲ, ਜੋ ਦੋ ਬੱਚਿਆਂ ਦਾ ਪਿਉ ਸੀ ਅਤੇ ਉਸ ਨੇ ਛੋਟਾ ਹਾਥੀ (ਫੋਰ ਵ੍ਹੀਲਰ) ਕਿਸ਼ਤਾਂ ’ਤੇ ਲੈ ਰੱਖਿਆ ਸੀ, ਜਿਸ ’ਤੇ ਬੂਟ ਅਤੇ ਚੱਪਲਾਂ ਵੇਚਦਾ ਸੀ। ਪਤਨੀ ਸੀਮਾ ਰਾਣੀ ਨੇ ਪੁਲਸ ਨੂੰ ਦੱਸਿਆ ਕਿ ਅਸੀਂ ਮਕਾਨ ਬਣਾਉਣ ਲਈ 5 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਅਤੇ ਇਕ ਲੱਖ ਰੁਪਏ ਕਰਜ਼ਾ ਛੋਟੇ ਹਾਥੀ ਦਾ ਦੇਣਾ ਸੀ। ਕੰਮ ਨਾ ਹੋਣ ਕਾਰਣ ਘਰ ਦਾ ਗੁਜ਼ਾਰਾ ਬਡ਼ੀ ਮੁਸ਼ਕਲ ਨਾਲ ਹੁੰਦਾ ਸੀ, ਜਿਸ ਕਾਰਣ ਮੇਰਾ ਪਤੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ, ਅਸੀਂ ਕਈ ਵਾਰ ਉਸ ਨੂੰ ਸਮਝਾਉਣ ਦਾ ਵੀ ਯਤਨ ਕੀਤਾ। ਬੀਤੀ ਰਾਤ ਉਸ ਨੇ ਘਰ ’ਚ ਹੀ ਕੋਈ ਜ਼ਹਿਰੀਲੀ ਦਵਾਈ ਪੀ ਲਈ, ਹਾਲਤ ਵਿਗਡ਼ਣ ’ਤੇ ਅਸੀਂ ਉਸ ਨੂੰ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ, ਜਿੱਥੇ ਅੱਜ ਉਸ ਨੇ ਦਮ ਤੋਡ਼ ਦਿੱਤਾ। ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ ਗਿਆ।


author

Bharat Thapa

Content Editor

Related News