ਸੜਕ ਹਾਦਸੇ ਦੌਰਾਨ ਡੇਢ ਸਾਲਾ ਮਾਸੂਮ ਦੀ ਮੌਤ

Sunday, Sep 15, 2019 - 01:55 AM (IST)

ਸੜਕ ਹਾਦਸੇ ਦੌਰਾਨ ਡੇਢ ਸਾਲਾ ਮਾਸੂਮ ਦੀ ਮੌਤ

ਜ਼ੀਰਕਪੁਰ, (ਗੁਰਪ੍ਰੀਤ)— ਬੀਤੀ ਰਾਤ ਇਕ ਸੜਕ ਹਾਦਸੇ 'ਚ ਇਕ ਡੇਢ ਸਾਲਾ ਬੱਚੇ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਪੁਲਸ ਵਲੋਂ ਕੇਸ ਦਰਜ ਕਰ ਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਵਿਨੋਦ ਕੁਮਾਰ ਪੁੱਤਰ ਰਾਮਪਾਲ ਹਾਲ ਵਾਸੀ ਮਕਾਨ ਨੰਬਰ 374 ਸ਼ਿਵਾਲਿਕ ਵਿਹਾਰ ਨੇ ਆਪਣੇ 2 ਬੱਚਿਆਂ ਨੂੰ ਦੁਕਾਨ ਤੋਂ ਖਾਣ ਲਈ ਚਿਪਸ ਲਿਆ ਕੇ ਦਿੱਤੇ ਤੇ ਟੈਂਪੂ ਸੜਕ ਕਿਨਾਰੇ ਖੜ੍ਹਾ ਕਰ ਦਿੱਤਾ। ਟੈਂਪੂ 'ਚ ਬੈਠੇ 2 ਬੱਚੇ (ਇਕ ਦੀ ਉਮਰ ਤਿੰਨ ਸਾਲ ਤੇ ਦੂਸਰੇ ਦੀ ਡੇਢ ਸਾਲ) ਚਿਪਸ ਖਾ ਰਹੇ ਸਨ।
ਇਸ ਦੌਰਾਨ ਉਨ੍ਹਾਂ ਦੇ ਆਟੋ ਨੂੰ ਪਿੱਛੋਂ ਇਕ ਐਕਸ. ਯੂ. ਵੀ. ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਕਾਰਨ ਉਸ ਦਾ ਡੇਢ ਸਾਲਾ ਬੱਚਾ ਸੋਨੂ ਸੜਕ 'ਤੇ ਡਿੱਗ ਪਿਆ ਤੇ ਉਕਤ ਕਾਰ ਨੇ ਬੱਚੇ ਨੂੰ ਦਰੜ ਦਿੱਤਾ, ਜਦਕਿ ਆਟੋ 'ਚ ਬੈਠਾ ਉਸ ਦਾ ਦੂਸਰਾ ਬੱਚਾ ਵਾਲ-ਵਾਲ ਬਚ ਗਿਆ। ਘਟਨਾ ਤੋਂ ਬਾਅਦ ਕਾਰ ਚਾਲਕ ਨੇ ਗੰਭੀਰ ਜ਼ਖਮੀ ਬੱਚੇ ਨੂੰ ਚੰਡੀਗੜ੍ਹ ਦੇ 32 ਸੈਕਟਰ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਬੱਚੇ ਸੋਨੂ ਦੀ ਜ਼ੇਰੇ ਇਲਾਜ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਐਕਸ. ਯੂ. ਵੀ. ਕਾਰ ਲਿੰਕ ਰੋਡ ਤੋਂ ਪਟਿਆਲਾ ਸੜਕ ਵੱਲ ਨੂੰ ਜਾ ਰਹੀ ਸੀ, ਇਸ ਦੌਰਾਨ ਮੋੜ 'ਤੇ ਖੜ੍ਹੇ ਇਕ ਆਟੋ ਨਾਲ ਕਾਰ ਦੀ ਟੱਕਰ ਹੋ ਗਈ। ਕਾਰ ਚਾਲਕ ਦੀ ਪਛਾਣ ਗੁਰਤੇਜ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਮਕਾਨ ਨੰਬਰ 122 ਗਰੀਨ ਇਨਕਲੇਵ ਲੋਹਗੜ੍ਹ ਦੇ ਤੌਰ 'ਤੇ ਹੋਈ ਹੈ।


author

KamalJeet Singh

Content Editor

Related News