ਲਾਪਤਾ ਨਾਬਾਲਗਾ ਦੀ ਫਾਰਮ ਹਾਊਸ ’ਚੋਂ ਮਿਲੀ ਲਾਸ਼
Saturday, Sep 22, 2018 - 05:09 AM (IST)

ਜ਼ੀਰਕਪੁਰ, (ਗੁਰਪ੍ਰੀਤ)- ਕਈ ਦਿਨਾਂ ਤੋਂ ਲਾਪਤਾ 16 ਸਾਲਾ ਨਾਬਾਲਗ ਲੜਕੀ ਦੀ ਗਲੀ-ਸੜੀ ਲਾਸ਼ ਜ਼ੀਰਕਪੁਰ ਦੇ ਲੋਹਗੜ੍ਹ ਖੇਤਰ ’ਚ ਲਾਵਾਰਿਸ ਹਾਲਤ ’ਚ ਮਿਲਣ ਦੇ ਮਾਮਲੇ ਵਿਚ ਪੁਲਸ ਨੇ ਅੱਜ ਕਤਲ ਦਾ ਕੇਸ ਦਰਜ ਕੀਤਾ ਹੈ। ਮ੍ਰਿਤਕਾ ਦੀ ਪਛਾਣ ਰਮਨਪ੍ਰੀਤ ਕੌਰ ਪੁੱਤਰੀ ਕਰਨੈਲ ਸਿੰਘ ਵਜੋਂ ਹੋਈ। ਲਾਸ਼ ਨੂੰ ਅੱਜ ਪੁਲਸ ਨੇ ਪੋਸਟਮਾਟਰਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ। ਕਰਨੈਲ ਸਿੰਘ ਵਾਸੀ ਪਿੰਡ ਲੋਹਗੜ੍ਹ ਨੇ ਪੁਲਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਹ ਫੌਜ ਵਿਚੋਂ ਸੇਵਾਮੁਕਤ ਹੈ ਤੇ ਹੁਣ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿਚੋਂ ਦੋ ਲੜਕੇ ਤੇ ਇਕ ਲੜਕੀ ਹੈ। ਉਸ ਦੀ ਦੂਜੇ ਨੰਬਰ ਵਾਲੀ 16 ਸਾਲਾ ਲੜਕੀ, ਜੋ ਹਾਈ ਗਰਾਊਂਡ ਰੋਡ ’ਤੇ ਸਥਿਤ ਕੇਂਦਰੀ ਵਿਦਿਆਲਿਆ ’ਚ 11ਵੀਂ ਕਲਾਸ ’ਚ ਪੜ੍ਹਦੀ ਸੀ, ਬੀਤੀ 17 ਸਤੰਬਰ ਨੂੰ ਘਰ ਦੇ ਨੇੜੇ ਸਵੀਟੀ ਵਾਸੀ ਪੈਰਾਮਾਊਂਟ ਸੋਸਾਇਟੀ ਕੋਲ ਟਿਊਸ਼ਨ ਪੜ੍ਹਨ ਗਈ ਸੀ। ਉਹ ਘਰੋਂ ਚਾਰ ਵਜੇ ਮੈਡਮ ਸਵੀਟੀ ਕੋਲ ਟਿਊਸ਼ਨ ਪੜ੍ਹਨ ਲਈ ਗਈ ਸੀ, ਜਿਥੋਂ ਉਹ 6 ਵਜੇ ਵਾਪਸ ਆ ਗਈ ਸੀ। ਇਸ ਮਗਰੋਂ ਉਹ ਮੁੜ 15 ਮਿੰਟਾਂ ਬਾਅਦ ਸਵਾ ਛੇ ਵਜੇ ਘਰੋਂ ਟਿਊਸ਼ਨ ਚਲੀ ਗਈ ਸੀ, ਜਿਥੋਂ ਉਹ ਵਾਪਸ ਨਹੀਂ ਅਾਈ। ਉਨ੍ਹਾਂ ਵਲੋਂ ਆਪਣੇ ਪੱਧਰ ’ਤੇ ਉਸ ਦੀ ਕਾਫੀ ਭਾਲ ਕੀਤੀ ਗਈ ਪਰ ਉਸਦਾ ਕੋਈ ਸੁਰਾਗ ਨਹੀ ਲੱਗਾ। ਲੰਘੀ ਸ਼ਾਮ ਉਸ ਲੜਕੀ ਦੀ ਲਾਸ਼ ਇਥੇ ਸਥਿਤ ਬਾਬਾ ਬੁੱਢਾ ਦਲ ਦੇ ਨਿਹੰਗ ਬਾਬਾ ਪ੍ਰੇਮ ਸਿੰਘ ਦੇ ਫਾਰਮ ਹਾਊਸ ਅੰਦਰੋਂ ਮਿਲੀ ਹੈ। ਪਰਿਵਾਰ ਵਲੋਂ ਲੜਕੀ ਦੀ ਪਛਾਣ ਉਸ ਦੇ ਕੱਪੜਿਆਂ ਤੋਂ ਕੀਤੀ ਗਈ। ਲੜਕੀ ਦੀ ਲਾਸ਼ ਪੁਰਾਣੀ ਲੱਗ ਰਹੀ ਹੈ, ਜਿਸ ਦੀ ਹਾਲਤ ਕਾਫੀ ਖਰਾਬ ਹੋ ਗਈ ਸੀ। ਸ਼ਕਲ ਦੇਖ ਕੇ ਉਸ ਦੀ ਪਛਾਣ ਕਰਨਾ ਮੁਸ਼ਕਲ ਸੀ। ਮ੍ਰਿਤਕਾ ਦੇ ਪਰਿਵਾਰ ਨੇ ਦੱਸਿਆ ਕਿ ਜਿਹੜੇ ਫਾਰਮ ਹਾਊਸ ਵਿਚੋਂ ਲੜਕੀ ਦੀ ਲਾਸ਼ ਮਿਲੀ ਹੈ ਉਸ ਦੀਅਾਂ ਕੰਧਾਂ ਕਾਫੀ ਉੱਚੀਆਂ ਹਨ ਤੇ ਉਨ੍ਹਾਂ ਨੇ ਸਵਾਲ ਚੁੱਕਿਆ ਹੈ ਕਿ ਲੜਕੀ ਅੰਦਰ ਕਿਵੇਂ ਪਹੁੰਚ ਗਈ। ਮ੍ਰਿਤਕਾ ਦੀ ਮਾਤਾ ਸੁਰਿੰਦਰ ਕੌਰ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਛੇਤੀ ਤੋਂ ਛੇਤੀ ਕਾਤਲਾਂ ਨੂੰ ਫੜਨ ਦੀ ਮੰਗ ਕੀਤੀ ਹੈ।ਫਾਰਮ ਹਾਊਸ ਦੇ ਮਾਲਕ ਬਾਬਾ ਪ੍ਰੇਮ ਸਿੰਘ ਨੇ ਕਿਹਾ ਕਿ ਫਾਰਮ ਹਾਊਸ ਵਿਚ ਬੱਚਿਆਂ ਨੇ ਖੇਡਦਿਆਂ ਹੋਇਅਾਂ ਲਾਸ਼ ਨੂੰ ਦੇਖ ਕੇ ਉਨ੍ਹਾਂ ਨੂੰ ਸੂਚਨਾ ਦਿੱਤੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਲਾਸ਼ ਨੂੰ ਬਾਹਰਲੇ ਪਾਸੇ ਤੋਂ ਫਾਰਮ ਹਾਊਸ ’ਚ ਸੁੱਟਿਆ ਗਿਆ ਲੱਗਦਾ ਹੈ। ਗੱਲ ਕਰਨ ’ਤੇ ਏ. ਐੱਸ. ਪੀ. ਡੇਰਾਬੱਸੀ ਹਰਮਨ ਹਾਂਸ ਨੇ ਕਿਹਾ ਕਿ ਪੁਲਸ ਨੇ ਕਤਲ ਦਾ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਤ ਦੇ ਅਸਲ ਕਾਰਨ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗਣਗੇ। ਲੜਕੀ ਘਰੋਂ ਟਿਉੂਸ਼ਨ ’ਤੇ ਗਈ ਪਰ ਵਾਪਸ ਨਹੀਂ ਆਈ, ਪੁਲਸ ਇਸ ਮਾਮਲੇ ਦੇ ਹਰ ਪੱਖ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।ਸਿਵਲ ਹਸਪਤਾਲ ਡੇਰਾਬੱਸੀ ਦੀ ਐੱਸ. ਐੱਮ. ਓ. ਡਾ. ਸੰਗੀਤਾ ਜੈਨ ਨੇ ਕਿਹਾ ਕਿ ਲਾਸ਼ ਦੀ ਹਾਲਤ ਕਾਫੀ ਖ਼ਰਾਬ ਹੋ ਚੁੱਕੀ ਸੀ, ਜਿਸ ਦਾ ਫੋਰੈਂਸਿਕ ਮਾਹਿਰਾਂ ਦੇ ਬਿਨਾਂ ਪੋਸਟਮਾਰਟਮ ਨਹੀਂ ਹੋ ਸਕਦਾ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਪਟਿਆਲਾ ਮੈਡੀਕਲ ਕਾਲਜ ਵਿਚ ਭੇਜਿਆ ਗਿਆ ਹੈ, ਜਿਥੇ ਮਾਹਿਰਾਂ ਦੀ ਨਿਗਰਾਨੀ ਵਿਚ ਕੱਲ ਉਸ ਦਾ ਪੋਸਟਮਾਰਟਮ ਕੀਤਾ ਜਾਏਗਾ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਮੌਤ ਦੇ ਅਸਲ ਕਾਰਨ ਸਾਹਮਣੇ ਆਉਣਗੇ।