ਕਬਾੜ ਚੁਗ ਰਹੇ ਜੋੜੇ ਨੂੰ ਮਿਲੀ ਬੰਬਨੁਮਾ ਚੀਜ਼, ਮਚਿਆ ਹਡ਼ਕੰਪ

06/19/2019 12:20:24 AM

ਮੋਗਾ, (ਆਜ਼ਾਦ)- ਮੋਗਾ-ਲੁਧਿਆਣਾ ਮੁੱਖ ਮਾਰਗ ’ਤੇ ਅੱਜ ਤਡ਼ਕਸਾਰ ਸਵੇਰੇ ਕਬਾੜ ਚੁਗ ਰਹੇ ਜੋੜੇ ਨੂੰ ਖਾਲੀ ਪਲਾਟ ’ਚੋਂ ਬੰਬਨੁਮਾ ਚੀਜ਼ ਮਿਲਣ ਕਾਰਣ ਇਲਾਕੇ ਵਿਚ ਹਡ਼ਕੰਪ ਮਚ ਗਿਆ। ਜੋੜੇ ਨੇ ਇਸ ਦੀ ਜਾਣਕਾਰੀ ਥਾਣਾ ਮਹਿਣਾ ਪੁਲਸ ਨੂੰ ਦਿੱਤੀ, ਜਿਸ ਮਗਰੋਂ ਜ਼ਿਲਾ ਪੁਲਸ ਮੁਖੀ ਅਮਰਜੀਤ ਸਿੰਘ ਬਾਜਵਾ, ਡੀ. ਐੱਸ. ਪੀ. ਧਰਮਕੋਟ ਰਛਪਾਲ ਸਿੰਘ, ਥਾਣਾ ਮਹਿਣਾ ਦੇ ਮੁੱਖ ਅਫਸਰ ਸੁਖਜਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਬੰਬ ਨਿਰੋਧਕ ਦਸਤਿਆਂ ਨਾਲ ਤਾਲਮੇਲ ਬਣਾ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਥਾਣਾ ਮਹਿਣਾ ਦੇ ਮੁਖੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਸਾਧਾਂ ਵਾਲੀ ਬਸਤੀ ਨਜ਼ਦੀਕ ਰਹਿੰਦੇ ਰਾਜਕੁਮਾਰ ਅਤੇ ਉਸ ਦੀ ਪਤਨੀ ਵੀਨਾ ਜਦੋਂ ਜੀ.ਟੀ.ਰੋਡ ’ਤੇ ਕਬਾਡ਼ ਦਾ ਸਾਮਾਨ ਲੱਭਦੇ ਹੋਏ ਇਕ ਮੋਟਰ ਕੰਪਨੀ ਦੇ ਸਾਹਮਣੇ ਖਾਲੀ ਪਲਾਟ ’ਚ ਪੁੱਜੇ ਤਾਂ ਉਨ੍ਹਾਂ ਨੂੰ ਬੋਰੇ ’ਚ ਬੰਨ੍ਹੀ ਹੋਈ ਬੰਬਨੁਮਾ ਚੀਜ਼ ਮਿਲੀ, ਜਿਸ ’ਤੇ ਉਨ੍ਹਾਂ ਤੁਰੰਤ ਉਥੋਂ ਲੰਘ ਰਹੇ ਪੁਲਸ ਮੁਲਾਜ਼ਮਾਂ ਨੂੰ ਇਸ ਦੀ ਜਾਣਕਾਰੀ ਅਤੇ ਮਹਿਣਾ ਪੁਲਸ ਨੂੰ ਵੀ ਸੂਚਿਤ ਕੀਤਾ।

ਇਸ ਸਬੰਧੀ ਜ਼ਿਲਾ ਪੁਲਸ ਮੁਖੀ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਇਹ ਤੋਪ ਦਾ ਚੱਲਿਆ ਜੰਗ ਲੱਗਿਆ ਸ਼ੈੱਲ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਆਸ-ਪਾਸ ਮਿੱਟੀ ਦੀਆਂ ਬੋਰੀਆਂ ਲਾ ਕੇ ਢੱਕ ਦਿੱਤਾ ਗਿਆ ਅਤੇ ਪੁਲਸ ਫੋਰਸ ਨੂੰ ਇਸ ਜਗ੍ਹਾ ’ਤੇ ਤਾਇਨਾਤ ਕਰ ਦਿੱਤਾ ਗਿਆ ਹੈ।

ਬੰਬ ਨਿਰੋਧਕ ਟੀਮ ਨੇ ਲਿਆ ਕਬਜ਼ੇ ’ਚ

ਇਸੇ ਦੌਰਾਨ ਹੀ ਬਠਿੰਡਾ ਤੋਂ ਪੁੱਜੀ ਵਿਸ਼ੇਸ਼ ਬੰਬ ਨਿਰੋਧਕ ਟੀਮ ਨੇ ਇਸ ਸ਼ੈੱਲ ਨੂੰ ਆਪਣੇ ਕਬਜ਼ੇ ਵਿਚ ਲਿਆ। ਟੀਮ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੀ ਪਡ਼ਤਾਲ ਕਰਨ ਮਗਰੋਂ ਹੀ ਇਸ ਸਪੱਸ਼ਟ ਹੋ ਸਕੇਗਾ ਕਿ ਆਖਿਰਕਾਰ ਇਹ ਸ਼ੈੱਲ ਕਦੋਂ ਤੋਂ ਇੱਥੇ ਸੀ।


Bharat Thapa

Content Editor

Related News