''ਆਪ'' ਆਗੂ ਨੇ ਲਾਇਆ ਕੌਂਸਲਰ ''ਤੇ ਅਦਾਲਤੀ ਹੁਕਮਾਂ ਨੂੰ ਨਜ਼ਰ-ਅੰਦਾਜ਼ ਕਰਨ ਦਾ ਦੋਸ਼

12/12/2019 11:36:42 AM

ਮੋਗਾ (ਸੰਦੀਪ): ਨਗਰ ਪੰਚਾਇਤ ਫਤਿਹਗੜ੍ਹ ਪੰਜਤੂਰ ਦੇ ਵਾਰਡ ਨੰ. 3 ਤੋਂ ਕਾਂਗਰਸ ਪਾਰਟੀ ਨਾਲ ਸਬੰਧਤ ਕੌਂਸਲਰ ਜਸਵੰਤ ਸਿੰਘ, ਜਿਸ ਨੂੰ ਮਾਣਯੋਗ ਐੱਸ. ਡੀ. ਐੱਮ. ਇਲੈਕਸ਼ਨ ਟ੍ਰਿਬਿਊਨਲ ਅਦਾਲਤ ਮੋਗਾ ਵੱਲੋਂ ਕੌਂਸਲਰ ਦੇ ਅਹੁਦੇ ਤੋਂ ਖਾਰਿਜ ਕੀਤਾ ਜਾ ਚੁੱਕਾ ਹੈ, ਵੱਲੋਂ ਇਸ ਕਾਨੂੰਨੀ ਹੁਕਮ ਦੇ ਬਾਵਜੂਦ ਆਪਣੇ ਅਹੁਦੇ ਦਾ ਇਸਤੇਮਾਲ ਕਰਨਾ ਸਿੱਧੇ ਤੌਰ 'ਤੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਹੈ। ਇਸ ਮਾਮਲੇ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਗੁਰਪ੍ਰੀਤ ਸਿੰਘ ਕੰਬੋਜ ਨੇ ਦੱਸਿਆ ਕਿ ਵਾਰਡ ਨੰ. 3 ਦੇ ਸਸਪੈਂਡ ਕੌਂਸਲਰ ਜਸਵੰਤ ਸਿੰਘ ਨਿਵਾਸੀ ਬਸਤੀ ਅਲਾਬਾਦ ਫਤਿਹਗੜ੍ਹ ਪੰਜਤੂਰ ਨੂੰ ਐੱਸ. ਡੀ. ਐੱਮ. ਇਲੈਕਸ਼ਨ ਟ੍ਰਿਬਿਊਨਲ ਦੇ ਹੁਕਮ ਨੰ.02/ਈ.ਪੀ ਮਿਤੀ 3 ਮਈ 2019 ਨੂੰ ਅਯੋਗ ਠਹਿਰਾ ਕੇ ਵਾਰਡ ਨੰ. 3 ਦੀ ਚੋਣ ਦੁਬਾਰਾ ਕਰਵਾਉਣ ਦਾ ਹੁਕਮ ਦਿੱਤਾ ਗਿਆ ਸੀ, ਜਿਸ 'ਤੇ ਨਗਰ ਪੰਚਾਇਤ ਫਤਿਹਗੜ੍ਹ ਪੰਜਤੂਰ ਦੇ ਅਧਿਕਾਰੀਆਂ ਨੇ ਉਕਤ ਕੌਂਸਲਰ ਦੀ ਤਨਖਾਹ ਰੋਕਣ ਦੇ ਨਾਲ-ਨਾਲ ਨਗਰ ਪੰਚਾਇਤ ਦਫਤਰ 'ਚ ਹੋਣ ਵਾਲੀਆਂ ਮੀਟਿੰਗਾਂ ਅਤੇ ਦੂਸਰੇ ਏਜੰਡੇ ਦੌਰਾਨ ਸ਼ਾਮਲ ਹੋਣ ਤੋਂ ਰੋਕ ਵੀ ਲਾ ਦਿੱਤੀ ਸੀ।

ਐਡਵੋਕੇਟ ਗੁਰਪ੍ਰੀਤ ਸਿੰਘ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਨੂੰ ਉਕਤ ਕੌਂਸਲਰ ਵੱਲੋਂ ਸੰਸਪੈਨਸ਼ਨ ਸਬੰਧੀ ਅਦਾਲਤੀ ਹੁਕਮਾਂ ਦੇ ਬਾਵਜੂਦ ਬਤੌਰ ਕੌਂਸਲਰ ਲੋਕਾਂ ਦੇ ਹਲਫੀਆ ਬਿਆਨ ਤਸਦੀਕ ਕਰਨ ਦੇ ਨਾਲ-ਨਾਲ ਬਤੌਰ ਕੌਂਸਲਰ ਆਪਣੇ ਵੱਲੋਂ ਵੀ ਹਲਫੀਆ ਬਿਆਨ ਸਰਕਾਰੀ ਦਫਤਰਾਂ 'ਚ ਦੇਣ ਬਾਰੇ ਪਤਾ ਲੱਗਾ ਸੀ, ਜਿਸ 'ਤੇ ਉਨ੍ਹਾਂ ਵੱਲੋਂ ਆਰ. ਟੀ. ਆਈ. ਸੂਚਨਾ ਅਧਿਕਾਰ ਦੀ ਵਰਤੋਂ ਕਰਦੇ ਹੋਏ ਵੱਖ-ਵੱਖ ਮਹਿਕਮੇ ਤੋਂ ਦਸਤਾਵੇਜ਼ ਬਤੌਰ ਸਬੂਤ ਕਢਵਾ ਕੇ ਇਨ੍ਹਾਂ ਰਾਹੀਂ ਜ਼ਿਲਾ ਪੁਲਸ ਮੁਖੀ ਨੂੰ ਸ਼ਿਕਾਇਤ ਕਰਦੇ ਹੋਏ ਕਾਨੂੰਨੀ ਉਲੰਘਣਾ ਕਰਨ ਵਾਲੇ ਉਕਤ ਕੌਂਸਲਰ ਦੀਆਂ ਇਨ੍ਹਾਂ ਗਤੀਵਿਧੀਆਂ ਬਾਰੇ ਕਿਸੇ ਜ਼ਿੰਮੇਵਾਰ ਅਧਿਕਾਰੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਇਸ ਮਾਮਲੇ 'ਚ ਬਿਨਾਂ ਕਿਸੇ ਰਾਜਨੀਤਕ ਦਬਾਅ ਦੇ ਦਸਤਾਵੇਜ਼ ਸਬੂਤਾਂ ਦੇ ਆਧਾਰ 'ਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ।


Shyna

Content Editor

Related News