ਕੰਟੇਨਰ ਉਤਾਰ ਰਹੀ ਕਰੇਨ ਪਲਟੀ, ਨੌਜਵਾਨ ਦੀ ਮੌਤ

Thursday, Nov 15, 2018 - 07:08 AM (IST)

ਸਾਹਨੇਵਾਲ, (ਜ.ਬ.)- ਜ਼ਿਮੀਂਦਾਰਾਂ ਢਾਬੇ ਦੇ ਨਜ਼ਦੀਕ ਸਥਿਤ ਇਕ ਕੰਟੇਨਰ ਯਾਰਡ ’ਚ ਹੋਏ ਦਰਦਨਾਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ ਹੋਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਦਕਿ ਹਾਦਸੇ ਦੀ ਕਥਿਤ ਵਜ੍ਹਾ ਬਣੀ ਕਰੇਨ ਦਾ ਚਾਲਕ ਵੀ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਨੀਰਜ ਕੁਮਾਰ (18) ਪੁੱਤਰ ਵਿਰੇਂਦਰ ਰਾਏ, ਬਿਹਾਰ ਹਾਲ ਵਾਸੀ ਮਾਡਲ ਟਾਊਨ, ਲਵਲੀ ਦਾ ਵਿਹਡ਼ਾ, ਸਾਹਨੇਵਾਲ ਦੇ ਰੂਪ ’ਚ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਥਾਣਾ ਸਾਹਨੇਵਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। 
 ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਚਾਚਾ ਸੁਸ਼ੀਲ ਕੁਮਾਰ ਅਤੇ ਚਾਚੀ ਸਵਿਤਾ ਨੇ ਦੱਸਿਆ ਕਿ ਮ੍ਰਿਤਕ ਨੀਰਜ ਕੁਮਾਰ ਉਨ੍ਹਾਂ ਦੇ ਕੋਲ ਹੀ ਰਹਿੰਦਾ ਸੀ ਅਤੇ ਉਕਤ ਕੰਟੇਨਰ ਯਾਰਡ ’ਚ ਹੈਲਪਰ ਦਾ ਕੰਮ ਕਰਦਾ ਸੀ। ਉਨ੍ਹਾਂ ਨੂੰ ਅੱਜ ਕਿਸੇ ਵਿਅਕਤੀ ਨੇ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਦੇ ਭਤੀਜੇ ਦਾ ਐਕਸੀਡੈਂਟ ਹੋ ਗਿਆ ਹੈ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਦੇ ਭਤੀਜੇ ਨੂੰ ਲੋਕ ਹਸਪਤਾਲ ਲਿਜਾ ਚੁੱਕੇ ਸੀ, ਜਦਕਿ ਉਨ੍ਹਾਂ ਨੂੰ ਕੋਈ ਵੀ ਗੱਲ ਸਾਫ ਨਹੀਂ ਦੱਸੀ ਜਾ ਰਹੀ ਸੀ। ਸੁਸ਼ੀਲ ਕੁਮਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਕੰਟੇਨਰ ਯਾਰਡ ਦੇ ਗੇਟਮੈਨ ਤੋਂ ਘਟਨਾ ਸਬੰਧੀ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਕਰੇਨ ਚਾਲਕ ਉਤਮ ਕੁਮਾਰ ਕੰਟੇਨਰ ਉਤਾਰ ਰਿਹਾ ਸੀ, ਜਦਕਿ ਉਨ੍ਹਾਂ ਦਾ ਭਤੀਜਾ ਨੀਰਜ ਕੰਟੇਨਰਾਂ ਦੇ ਉਪਰ ਕਰੇਨ ਦੀਆਂ ਹੁੱਕਾਂ ਬੰਨ੍ਹ ਰਿਹਾ ਸੀ। ਇਸ ਦੌਰਾਨ ਹੀ ਅਚਾਨਕ ਕਰੇਨ ਦਾ ਸੰਤੁਲਨ ਵਿਗਡ਼ ਗਿਆ ਅਤੇ ਕੰਟੇਨਰ ਦੇ ਪਲਟਣ ਨਾਲ ਕਰੇਨ ਵੀ ਪਲਟ ਗਈ, ਜਦਕਿ ਕੰਟੇਨਰ ਦੇ ਉਪਰ ਖਡ਼੍ਹਾ ਹੋਇਆ ਨੀਰਜ ਵੀ ਕੰਟੇਨਰ ਦੇ ਨਾਲ ਹੀ ਹੇਠਾਂ ਆ ਗਿਆ, ਜਿਸ ਦੇ ਕਥਿਤ ਸੱਟ ਲੱਗਣ ਕਾਰਨ ਉਸ ਦੀ ਮੌਕੇ ਪਰ ਹੀ ਮੌਤ ਹੋ ਗਈ, ਜਿਸ ਨੂੰ ਹਸਪਤਾਲ ਲਿਜਾਇਆ ਗਿਆ।   ਇਸ ਸਬੰਧੀ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਬਿਹਾਰ ਤੋਂ ਰਵਾਨਾ ਹੋ ਚੁੱਕੇ ਹਨ। ਜਦਕਿ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਗਿਆ ਹੈ। ਜਿਸ ਦੇ ਪਿਤਾ ਦੇ ਆਉਣ ’ਤੇ ਅੱਗੇ ਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। 


Related News