ਸ਼ੱਕੀ ਹਾਲਾਤ ’ਚ ਨੌਜਵਾਨ ਦੀ ਹੱਥ-ਪੈਰ ਬੰਨ੍ਹੀ ਲਾਸ਼ ਮਿਲੀ
Tuesday, Nov 12, 2024 - 03:42 PM (IST)
ਜ਼ੀਰਕਪੁਰ (ਅਸ਼ਵਨੀ) : ਐਰੋ ਸਿਟੀ ਜੇ-ਬਲਾਕ ਦੇ ਕਮਰਸ਼ੀਅਲ ਪਲਾਟਾਂ ’ਚੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਉਸ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਉਸਦਾ ਮੋਟਰਸਾਈਕਲ ਲਾਸ਼ ਤੋਂ ਥੋੜ੍ਹੀ ਦੂਰੀ ’ਤੇ ਮਿਲਿਆ ਹੈ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਤੇ ਫਾਰੈਂਸਿਕ ਟੀਮ ਨੂੰ ਬੁਲਾ ਕੇ ਸਬੂਤ ਇਕੱਠੇ ਕੀਤੇ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਡੇਰਾਬੱਸੀ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ। ਮੌਕੇ ਤੋਂ ਉਸਤਰਾ ਵੀ ਬਰਾਮਦ ਹੋਇਆ ਹੈ। ਪੁਲਸ ਨੇ ਮੋਟਰਸਾਈਕਲ ਦੇ ਦਸਤਾਵੇਜ਼ਾਂ ਦੇ ਆਧਾਰ ’ਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ। ਇਸ ’ਤੇ ਪੁਲਸ ਨੂੰ ਪਤਾ ਲੱਗਾ ਕਿ ਨੌਜਵਾਨ ਪਿਛਲੇ ਚਾਰ ਦਿਨਾਂ ਤੋਂ ਲਾਪਤਾ ਸੀ।
ਵਾਰਸਾਂ ਨੇ ਰਾਜਪੁਰਾ ਦੇ ਥਾਣੇ ’ਚ ਉਸ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਵੀ ਕਰਵਾਈ ਸੀ। ਦਸਤਾਵੇਜ਼ਾਂ ਮੁਤਾਬਕ ਨੌਜਵਾਨ ਦੀ ਪਛਾਣ ਮੁਕਤ ਸਿੰਘ ਵਾਸੀ ਖਡੋਲੀ ਨੇੜੇ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਫਿਲਹਾਲ ਪੁਲਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਦੀ ਉਡੀਕ ਕਰ ਰਹੀ ਹੈ। ਮ੍ਰਿਤਕ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਪੁਲਸ ਨੂੰ ਲੱਗਦਾ ਹੈ ਕਿ ਕਿਸੇ ਨੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਕੇ ਉਸ ਦੀ ਲਾਸ਼ ਇੱਥੇ ਸੁੱਟ ਦਿੱਤੀ ਹੈ। ਮ੍ਰਿਤਕ ਦੇ ਹੱਥ ਕਿਸੇ ਕੱਪੜੇ ਨਾਲ ਬੰਨ੍ਹੇ ਹੋਏ ਸਨ, ਜੋ ਪਰਨਾ ਜਾਂ ਦੁਪੱਟਾ ਜਾਪਦਾ ਹੈ। ਮੌਕੇ ਤੋਂ ਮਿਲੇ ਉਸਤਰੇ ਨੂੰ ਪੁਲਸ ਹਥਿਆਰ ਨਹੀਂ ਮੰਨ ਰਹੀ ਪਰ ਇਸ ਨੂੰ ਵਾਰਦਾਤ ’ਚ ਇਸਤੇਮਾਲ ਕੀਤੇ ਜਾਣ ਤੋਂ ਇਨਕਾਰ ਵੀ ਨਹੀਂ ਕਰ ਰਹੀ ਹੈ।
ਹੱਥ-ਪੈਰ ਬੰਨ੍ਹੇ ਹੋਣ ਕਾਰਨ ਕਤਲ ਦਾ ਸ਼ੱਕ ਥਾਣਾ : ਮੁੱਖੀ
ਇੰਸਪੈਕਟਰ ਜਸਕੰਵਲ ਸਿੰਘ ਸੇਖੋਂ, ਥਾਣਾ ਮੁਖੀ ਜ਼ੀਰਕਪੁਰ ਦਾ ਕਹਿਣਾ ਹੈ ਕਿ ਹੱਥ-ਪੈਰ ਬੰਨ੍ਹੇ ਹੋਣ ਕਾਰਨ ਕਤਲ ਦਾ ਸ਼ੱਕ ਹੈ। ਅਸਲ ਕਾਰਨਾਂ ਦਾ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਮੌਕੇ ਤੋਂ ਫਾਰੈਂਸਿਕ ਟੀਮ ਨੇ ਸਬੂਤ ਇਕੱਠੇ ਕੀਤੇ ਹਨ। ਉਸਤਰਾ ਵੀ ਮਿਲਿਆ ਹੈ, ਜਿਸ ਨੂੰ ਜਾਂਚ ਲਈ ਰੱਖਿਆ ਗਿਆ ਹੈ। ਮੋਟਰਸਾਈਕਲ ਦੇ ਦਸਤਾਵੇਜ਼ਾਂ ਰਾਹੀਂ ਮ੍ਰਿਤਕ ਦਾ ਪਤਾ ਲਗਾਇਆ ਜਾ ਰਿਹਾ ਹੈ। ਉਸ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮ੍ਰਿਤਕ ਦੇ ਵਾਰਸਾਂ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।