ਲੁਧਿਆਣਾ : ਸਰਕਟ ਹਾਊਸ ਦੀ ਪਾਰਕਿੰਗ 'ਚ ਖੜੀਆਂ ਗੱਡੀਆਂ 'ਚੋਂ ਮਿਲੇ ਹਥਿਆਰ
Tuesday, Feb 05, 2019 - 07:52 PM (IST)
ਲੁਧਿਆਣਾ- ਸ਼ਹਿਰ ਦੇ ਸਰਕਟ ਹਾਊਸ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦ ਪੁਲਸ ਵਲੋਂ ਸਰਕਟ ਹਾਊਸ ਦੀ ਸਰਕਾਰੀ ਪਾਰਕਿੰਗ 'ਚ ਖੜੀਆਂ ਗੱਡੀਆਂ ਦੀ ਸ਼ੱਕ ਦੇ ਆਧਾਰ 'ਤੇ ਚੈਕਿੰਗ ਕੀਤੀ ਗਈ ਅਤੇ ਇਸ ਦੌਰਾਨ ਕੁੱਝ ਗੱਡੀਆਂ 'ਚੋਂ ਲਾਵਾਰਿਸ ਹਾਲਾਤ 'ਚ ਪਏ ਹਥਿਆਰ ਮਿਲੇ। ਪੁਲਸ ਵਲੋਂ ਇਨ੍ਹਾਂ ਹਥਿਆਰਾਂ ਦੀ ਚੈਕਿੰਗ ਕੀਤੀ ਗਈ। ਪੁਲਸ ਵਲੋਂ ਛਾਣਬੀਣ ਕਰਕੇ ਗੱਡੀ ਦੇ ਮਾਲਕਾਂ ਦਾ ਪਤਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੌਕੇ 'ਤੇ ਬੁਲਾਇਆ ਗਿਆ। ਜਦ ਉਨ੍ਹਾਂ ਸਾਹਮਣੇ ਗੱਡੀਆਂ ਦੀ ਤਲਾਸ਼ੀ ਲਈ ਗਈ ਤਾਂ 2 ਸਫਾਰੀ ਗੱਡੀਆਂ 'ਚੋਂ ਇਕ-ਇਕ ਬੰਦੂਕ ਮਿਲੀ, ਇਕ ਇੰਡੀਕਾ 'ਚੋਂ ਬੇਸਬਾਲ ਅਤੇ ਮਹਿੰਦਰਾ ਕੰਪਨੀ ਦੀ ਇਕ ਕਾਰ ਦੀ ਸੀਟ 'ਤੇ 2 ਖਿਡੌਣਾ ਪਿਸਤੌਲ ਬਰਾਮਦ ਹੋਈਆਂ।
ਪੁਲਸ ਵਲੋਂ ਜਦ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਸਰਕਟ ਹਾਊਸ 'ਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਕਾਰਜਕਰਤਾਵਾਂ ਵਲੋਂ ਇਕ ਮੀਟਿੰਗ ਕੀਤੀ ਜਾ ਰਹੀ ਸੀ। ਪੁਲਸ ਨੂੰ ਆਪਣੀ ਜਾਂਚ 'ਚ ਪਤਾ ਚੱਲਿਆ ਕਿ ਰਾਸ਼ਟਰਵਾਦੀ ਕਾਂਗਰਸ ਦੇ ਪ੍ਰਧਾਨ ਜੋ ਸਰਕਟ ਹਾਊਸ 'ਚ ਮੀਟਿੰਗ 'ਚ ਬਠਿੰਡਾ ਤੋਂ ਆਏ ਸਨ। ਉਹ ਆਪਣੇ ਨਾਲ ਹਥਿਆਰ ਲੈ ਕੇ ਆਏ ਸਨ ਅਤੇ ਉਨ੍ਹਾਂ ਵਲੋਂ ਹੀ ਗੱਡੀਆਂ 'ਚ ਹਥਿਆਰ ਰੱਖੇ ਗਏ ਸਨ। ਪੁਲਸ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਹੋਰ ਕਾਰਜਕਰਤਾਵਾਂ ਤੋਂ ਅਸਲਾ ਰੱਖਣ ਸਬੰਧੀ ਲਾਈਸੈਂਸ ਦੀ ਚੈਕਿੰਗ ਵੀ ਕੀਤੀ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਲਾਈਸੈਂਸ ਦੀ ਜਾਂਚ ਕਰ ਰਹੇ ਹਨ, ਜੇਕਰ ਇਸ 'ਚ ਕਿਸੇ ਵੀ ਪ੍ਰਕਾਰ ਦੀ ਕੋਈ ਗੜਬੜੀ ਹੋਈ ਤਾਂ ਆਰਮਸ ਐਕਟ ਤਹਿਤ ਜੋ ਵੀ ਕਾਰਵਾਈ ਹੋਵੇਗੀ ਉਹ ਅਮਲ 'ਚ ਲਿਆਈ ਜਾਵੇਗੀ।
