5 ਕਰੋੜ ਰੁਪਏ ਦੀ ਅੰਤਰਰਾਸ਼ਟਰੀ ਕੀਮਤ ਵਾਲੀ ਹੈਰੋਇਨ ਨਾਲ CIA ਸਟਾਫ਼ ਨੇ 1 ਨੂੰ ਕੀਤਾ ਕਾਬੂ, ਦੂਜਾ ਫਰਾਰ
Thursday, May 12, 2022 - 04:15 PM (IST)

ਫਿਰੋਜ਼ਪੁਰ (ਕੁਮਾਰ) : ਸੀ.ਆਈ.ਏ ਸਟਾਫ਼ ਫਿਰੋਜ਼ਪੁਰ ਦੀ ਪੁਲਸ ਨੇ ਸਬ-ਇੰਸਪੈਕਟਰ ਤਾਰਾ ਸਿੰਘ ਦੀ ਅਗਵਾਈ ਹੇਠ ਇੱਕ ਕਥਿਤ ਤਸਕਰ ਨੂੰ 1 ਕਿਲੋ ਹੈਰੋਇਨ ਅਤੇ ਮੋਬਾਈਲ ਫ਼ੋਨ ਸਮੇਤ ਕਾਬੂ ਕੀਤਾ ਹੈ, ਜਦਕਿ ਉਸਦਾ ਦੂਜਾ ਸਾਥੀ ਪੁਲਸ ਨੂੰ ਦੇਖ ਕੇ ਫ਼ਰਾਰ ਹੋ ਗਿਆ ਹੈ, ਜਿਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਸਰਦਾਰ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਡੀ.ਐਸ.ਪੀ ਇੰਨਵੈਸਟੀਗੇਸ਼ਨ ਜਗਦੀਸ਼ ਕੁਮਾਰ ਅਤੇ ਐੱਸ.ਐੱਚ.ਓ ਇੰਚਾਰਜ ਇੰਸਪੈਕਟਰ ਜਗਦੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਇੰਸਪੈਕਟਰ ਤਾਰਾ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ ਦੀ ਪੁਲਿਸ ਪਾਰਟੀ ਨੂੰ ਯਤੀਮਖਾਨਾ ਫਿਰੋਜ਼ਪੁਰ ਛਾਉਣੀ ਕੋਲ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਵਿਸ਼ਨੂਰ ਪੁੱਤਰ ਰਾਜੇਸ਼ ਕੁਮਾਰ ਅਤੇ ਵਿਕਾਸ ਪੁੱਤਰ ਮਾਈਕਲ ਵਾਸੀ ਕੋਠੀ ਰਾਏ ਸਾਹਿਬ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅਤੇ ਅੱਜ ਵੀ ਬੱਸ ਸਟੈਂਡ ਛਾਉਣੀ ਤੋਂ ਫਿਰੋਜ਼ਪੁਰ ਸ਼ਹਿਰ ਵੱਲ ਆ ਰਹੇ ਹਨ।
ਇਹ ਵੀ ਪੜ੍ਹੋ : CM ਮਾਨ ਦੇ ਸ਼ਹਿਰ ’ਚ ਵੱਡੀ ਵਾਰਦਾਤ, ਸਿਰ 'ਚ ਗੋਲ਼ੀ ਮਾਰ ਨੌਜਵਾਨ ਦਾ ਕੀਤਾ ਕਤਲ
ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਵਲੋਂ ਯਤੀਮਖਾਨਾ ਚੌਕ ’ਤੇ ਨਾਕਾਬੰਦੀ ਕਰਦੇ ਹੋਏ ਵਿਸ਼ਨੂਰ ਨੂੰ ਕਾਬੂ ਕਰ ਲਿਆ ਗਿਆ, ਜਦਕਿ ਮਾਈਕਲ ਪੁਲਸ ਨੂੰ ਦੇਖ ਕੇ ਆਪਣਾ ਐਕਟਿਵਾ ਸਕੂਟਰ ਲੈ ਕੇ ਫਰਾਰ ਹੋ ਗਿਆ ਅਤੇ ਤਲਾਸ਼ੀ ਲੈਣ ’ਤੇ ਗ੍ਰਿਫਤਾਰ ਕੀਤੇ ਗਏ ਕਥਿਤ ਤਸਕਰ ਵਿਸ਼ਨੂਰ ਤੋਂ 1 ਕਿਲੋ ਹੈਰੋਇਨ ਅਤੇ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਕਰੀਬ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਨਾਮਜ਼ਦ ਕੀਤੇ ਗਏ ਦੋਵਾਂ ਵਿਅਕਤੀਆਂ ਖਿਲਾਫ ਥਾਣਾ ਕੈਂਟ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਕਾਬੂ ਕੀਤੇ ਕਥਿਤ ਤਸਕਰ ਨੂੰ ਪੁਲਿਸ ਵੱਲੋਂ ਅਦਾਲਤ ’ਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਲਿਆ ਗਿਆ ਹੈ, ਜਿਸਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ