ਨਾਭਾ ਪੁਲਸ ਨੇ ਸੱਤ ਵਿਅਕਤੀਆਂ ਨੂੰ ਜਾਅਲੀ ਕਰੰਸੀ ਸਮੇਤ ਕਾਬੂ ਕੀਤਾ, ਹਥਿਆਰ ਵੀ ਮਿਲੇ

Wednesday, Jun 18, 2025 - 05:50 PM (IST)

ਨਾਭਾ ਪੁਲਸ ਨੇ ਸੱਤ ਵਿਅਕਤੀਆਂ ਨੂੰ ਜਾਅਲੀ ਕਰੰਸੀ ਸਮੇਤ ਕਾਬੂ ਕੀਤਾ, ਹਥਿਆਰ ਵੀ ਮਿਲੇ

ਨਾਭਾ (ਭੂਪਾ) : ਨਾਭਾ ਸਦਰ ਪੁਲਸ ਵਲੋਂ 7 ਵਿਅਕਤੀਆਂ ਨੂੰ ਜਾਅਲੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਿਨਾਂ ਵਿਚ ਦੋ ਮਹਿਲਾਵਾਂ ਵੀ ਸ਼ਾਮਲ ਹਨ। ਉਪਰੋਕਤ ਕਥਿਤ ਦੋਸ਼ੀਆਂ ਤੋਂ ਨਾਭਾ ਪੁਲਸ ਨੇ ਦੋ ਗੱਡੀਆਂ, ਇਕ ਲਾਇਸੰਸੀ ਪਿਸਤੌਲ ਅਤੇ 9 ਲੱਖ ਰੁਪਏ ਨਗਦ ਕਥਿਤ ਜਾਅਲੀ ਕਰੰਸੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਉਪਰੋਕਤ ਜਾਣਕਾਰੀ ਦੀ ਪੁਸ਼ਟੀ ਕਰਦਿਆਂ ਨਾਭਾ ਸਦਰ ਥਾਣਾ ਦੇ ਐੱਸਐੱਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਗਲਵੱਟੀ ਪੁਲਸ ਚੌਂਕੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਲਾਕੇ ਵਿਚ ਦੋ ਗੱਡੀਆਂ ਘੁੰਮ ਰਹੀਆਂ ਹਨ ਜਿਨਾਂ ਵਿਚ ਸਵਾਰ ਵਿਅਕਤੀਆਂ ਤੋਂ ਜਾਅਲੀ ਕਰੰਸੀ ਸਮੇਤ ਹੋਰ ਕੁਝ ਗੈਰ ਕਾਨੂੰਨੀ ਵਸਤੂਆਂ ਬਰਾਮਦ ਹੋ ਸਕਦੀਆਂ ਹਨ। 

ਕਾਰਵਾਈ ਕਰਦਿਆਂ ਗਲਵੱਟੀ ਪੁਲਸ ਚੌਂਕੀ ਇੰਚਾਰਜ ਅਤੇ ਪੁਲਸ ਪਾਰਟੀ ਵਲੋਂ ਇਕ ਬੈਸਨ ਅਤੇ ਇਕ ਸਵਿਫਟ ਕਾਰ ਵਿਚ ਸਵਾਰ ਸੱਤ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਸਦਰ ਥਾਣਾ ਐੱਸਐੱਚਓ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਉਪਰੋਕਤ ਦੋਸ਼ੀ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਨਾਲ ਸੰਬੰਧ ਰੱਖਦੇ ਹਨ ਜੋ ਕਿ ਆਪਣੇ ਵਿਸ਼ਵਾਸ ਵਿਚ ਆਏ ਵਿਅਕਤੀ ਨੂੰ ਜਾਅਲੀ ਕਰੰਸੀ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਮਾਮਲੇ ਵਿਚ ਗ੍ਰਿਫਤਾਰ ਕਥਿਤ ਦੋਸ਼ੀ ਦਿਨਾਂ ਵਿਚ ਅਮੀਰ ਹੋਣਾ ਚਾਹੁੰਦੇ ਸਨ ਜਿਸ ਕਾਰਨ ਉਹ ਇਕ ਲੱਖ ਬਦਲੇ 5 ਲੱਖ ਦੀ ਜਾਅਲੀ ਕਰੰਸੀ ਲੋਕਾਂ ਤੱਕ ਪਹੁੰਚਾਉਂਦੇ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰੀ ਸਮੇਂ ਉਪਰੋਕਤ ਦੋਸ਼ੀਆਂ ਤੋਂ ਇਕ ਲਾਇਸੰਸੀ ਰਿਵਾਲਵਰ ਅਤੇ ਦੋ ਗੱਡੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮਾਮਲੇ ਦੇ ਉਪਰੋਕਤ ਦੋਸ਼ੀਆਂ ਵਿਚ ਦੋ ਔਰਤਾਂ ਵੀ ਸ਼ਾਮਲ ਹਨ ਜਿਨ੍ਹਾਂ ਵਿਚ ਇਕ ਦਾ ਨਾਮ ਕੁਲਵਿੰਦਰ ਕੌਰ ਖੰਨਾ ਅਤੇ ਦੂਜੀ ਕਰਮਜੀਤ ਕੌਰ ਬਰਨਾਲਾ ਤੋਂ ਦੱਸੀ ਜਾ ਰਹੀ ਹੈ। ਐੱਸਐੱਚਓ ਨੇ ਕਿਹਾ ਕਿ ਮਾਮਲੇ ਦੇ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਖੇ ਪੇਸ਼ ਕਰਨ ਬਾਅਦ ਉਨ੍ਹਾਂ ਤੋਂ ਵਧੇਰੇ ਪੁੱਛਗਿੱਛ ਲਈ ਪੁਲਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।


author

Gurminder Singh

Content Editor

Related News