48 ਗੱਟੂ ਚਾਈਨਾ ਡੋਰ ਸਮੇਤ ਇਕ ਕਾਬੂ, ਮਾਮਲਾ ਦਰਜ

01/12/2019 6:05:26 AM

ਖੰਨਾ, (ਸੁਖਵਿੰਦਰ ਕੌਰ)- ਥਾਣਾ ਸਿਟੀ ਖੰਨਾ-1 ਦੀ ਪੁਲਸ ਵਲੋਂ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਿਕਰੀ ਕਰਨ ਵਾਲੇ ਇਕ ਵਿਅਕਤੀ ਨੂੰ ਡੋਰ ਦੇ 48 ਗੱਟੂਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਡੀ. ਐੱਸ. ਪੀ. ਸਬ-ਡਵੀਜ਼ਨ ਖੰਨਾ ਦੀਪਕ ਰਾਏ, ਸੀ. ਆਈ. ਏ. ਸਟਾਫ਼ ਖੰਨਾ ਦੇ ਇੰਸ. ਮਨਜੀਤ ਸਿੰਘ  ਤੇ ਸਹਾਇਕ ਥਾਣੇਦਾਰ ਪਾਲ ਰਾਮ ਸਮੇਤ ਪੁਲਸ ਪਾਰਟੀ ਵਲੋਂ ਗੁਪਤ ਸੂਚਨਾ ਦੇ ਅਾਧਾਰ ’ਤੇ ਲਲਹੇਡ਼ੀ ਚੌਕ ਖੰਨਾ ਵਿਖੇ ਕਮਲ ਕਿਸ਼ੋਰ ਪੁੱਤਰ ਲੇਟ ਰਾਮ ਮੂਰਤੀ ਵਾਸੀ ਖੰਨਾ ਨੂੰ ਕਾਬੂ ਕਰ ਕੇ ਉਸ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਪਲਾਸਟਿਕ ਦੇ ਥੈਲੇ ’ਚੋਂ ਪੰਜਾਬ ਸਰਕਾਰ ਵਲੋਂ ਪਾਬੰਦੀਸ਼ੁਦਾ ਚਾਈਨਾ ਡੋਰ ਦੇ 48 ਗੱਟੂ ਮੌਕੇ ’ਤੇ ਹੀ ਬਰਾਮਦ ਕਰ ਲਏ। ਪੁਲਸ ਪਾਰਟੀ ਵਲੋਂ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਚਾਈਨਾ ਡੋਰ ਨਾ ਵੇਚਣ ਦਾ ਲਿਆ ਸੀ ਸੰਕਲਪ
 ਖੰਨਾ, (ਸੁਨੀਲ)- ਬੀਤੀ 3 ਜਨਵਰੀ ਨੂੰ ਸ਼ਹਿਰ ਦੀ ਪਤੰਗ ਡੋਰ ਐਸੋਸੀਏਸ਼ਨ  ਦੇ ਮੈਂਬਰਾਂ ਨੇ  ਖੰਨੇ ਦੇ ਐੱਸ. ਐੱਸ. ਪੀ. ਧਰੁਵ ਦਹੀਆ ਨੂੰ ਇਕ ਮੰਗ-ਪੱਤਰ ਦਿੰਦੇ ਹੋਏ ਆਪਣੀ ਗੱਲਬਾਤ  ਦੌਰਾਨ ਇਸ ਗੱਲ ਦਾ ਭਰੋਸਾ ਵੀ ਦਿਵਾਇਆ ਸੀ ਕਿ ਉਨ੍ਹਾਂ  ਦੀ ਅਗਵਾਈ ’ਚ ਨਾ ਤਾਂ ਕੋਈ ਜਾਨਲੇਵਾ ਚਾਈਨਾ ਡੋਰ ਵੇਚੇਗਾ ਅਤੇ ਨਾ ਹੀ ਉਹ ਕਿਸੇ ਨੂੰ ਵੇਚਣ ਦੇਣਗੇ।  ਜੇਕਰ ਇਸ ਦੌਰਾਨ ਕੋਈ ਹੋਰ ਵਿਅਕਤੀ ਚਾਈਨਾ ਡੋਰ ਵੇਚ ਰਿਹਾ ਹੋਵੇਗਾ ਤਾਂ ਉਸ ਦੀ ਸੂਚਨਾ ਸਮੇਂ-ਸਮੇਂ ’ਤੇ ਪੁਲਸ ਨੂੰ ਦਿੱਤੀ ਜਾਵੇਗੀ। ਉਨ੍ਹਾਂ ਦੀ ਇਸ ਵਚਨਬੱਧਤਾ ਨੂੰ ਦੇਖਦੇ ਹੋਏ ਐੱਸ. ਐੱਸ. ਪੀ. ਨੇ ਉਨ੍ਹਾਂ ਨੂੰ ਜਿੱਥੇ ਬਣਦਾ ਮਾਣ-ਸਨਮਾਨ ਦਿੱਤਾ, ਉਥੇ ਹੀ ਉਨ੍ਹਾਂ ਨੇ ਉਨ੍ਹਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ ਸੀ।ਦੱਸ ਦੇਈਏ ਕਿ ਜਿਸ ਸਮੇਂ ਐੱਸ. ਐੱਸ. ਪੀ. ਨੂੰ ਵਫਦ ਨੇ ਮੰਗ-ਪੱਤਰ ਦਿੱਤਾ ਸੀ ਤਾਂ ਉਸ ਸਮੇਂ ਫਡ਼ੇ ਗਏ ਕਥਿਤ ਦੋਸ਼ੀ ਕਮਲ ਕਿਸ਼ੋਰ ਪੁੱਤਰ ਸਵ. ਰਾਮ ਮੂਰਤੀ ਨੂੰ ਇਸ ਗੱਲ ਦਾ ਵੀ ਸੁਝਾਅ ਦਿੱਤਾ ਸੀ ਕਿ ਜੇਕਰ ਉਨ੍ਹਾਂ ’ਚੋਂ  ਕੋਈ ਚਾਈਨਾ ਡੋਰ ਵੇਚਦਾ ਫਡ਼ਿਆ ਜਾਵੇ ਤਾਂ ਉਨ੍ਹਾਂ ਦੀ ਨਾ ਹੀ ਤਾਂ ਜ਼ਮਾਨਤ ਲਈ ਜਾਵੇ ਤੇ ਉਸ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਦੇ ਹੋਏ ਉਸ ਨੂੰ ਬਸੰਤ ਪੰਚਮੀ  ਤੋਂ ਬਾਅਦ ਹੀ ਛੱਡਿਆ ਜਾਵੇ।  ਇਸ  ’ਤੇ ਇਕ ਪਾਸੇ ਪੁਲਸ ਨੇ ਐਸੋਸੀਏਸ਼ਨ  ਦੇ ਇਸ ਐਲਾਨ ਦਾ ਸਵਾਗਤ ਕੀਤਾ ਸੀ, ਉਥੇ ਹੀ ਦੂਜੇ ਪਾਸੇ ਸ਼ਹਿਰ ਵਾਸੀਆਂ ਨੇ ਵੀ ਪ੍ਰਸ਼ੰਸਾ ਕੀਤੀ ਸੀ।  ਸਿਰਫ 8 ਦਿਨ ਬੀਤਣ ਉਪਰੰਤ ਹੀ ਬੀਤੀ ਦੇਰ ਰਾਤ ਡੀ. ਐੱਸ. ਪੀ. ਜਗਵਿੰਦਰ ਸਿੰਘ  ਚੀਮਾ  ਦੇ ਨਿਰਦੇਸ਼ਾਂ ’ਤੇ ਸੀ. ਆਈ. ਏ. ਸਟਾਫ ਨੇ ਕਥਿਤ  ਦੋਸ਼ੀ ਕਮਲ ਕਿਸ਼ੋਰ ਨੂੰ  ਚਾਈਨਾ ਡੋਰ  ਦੇ ਗੱਟੂਅਾਂ ਸਮੇਤ ਗ੍ਰਿਫਤਾਰ ਕਰ  ਲਿਆ। ਸ਼ਹਿਰ  ਦੇ ਸਾਰੇ ਐੱਨ. ਜੀ. ਓਜ਼ ਨੇ ਵੀ ਉਸ ਦੀ ਦੋਗਲੀ ਨੀਤੀ ਦੀ ਨਿੰਦਾ ਕਰਦੇ ਹੋਏ ਪੁਲਸ ਨੂੰ  ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਗੁਹਾਰ ਲਾਈ ਹੈ।  
 ਪਿਛਲੇ ਸਾਲ ਵੀ ਫਡ਼ਿਆ ਗਿਆ ਸੀ ਮੁਲਜ਼ਮ
  ਪਿਛਲੇ ਸਾਲ ਵੀ ਉਸ ਸਮੇਂ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੂੰ ਇਸ ਵਿਅਕਤੀ ਨੇ ਚਾਈਨਾ ਡੋਰ ਨਾ ਵੇਚਣ ਦਾ ਭਰੋਸਾ ਦਿੱਤਾ ਸੀ। ਉਦੋਂ ਬਸੰਤ ਤੋਂ ਕੁਝ ਦਿਨ ਪਹਿਲਾਂ ਹੀ ਪੁਲਸ ਨੇ ਉਸ ਦੀ ਦੁਕਾਨ ਦੇ ਪਿੱਛੇ ਵੱਡੀ ਗਿਣਤੀ ’ਚ ਚਾਈਨਾ ਡੋਰ ਫਡ਼ ਲਈ ਸੀ। ਇਹ ਵਿਅਕਤੀ ਲਗਭਗ 10 ਦਿਨ ਤੋਂ ਵੀ ਜ਼ਿਆਦਾ ਲੁਧਿਆਣਾ ਦੀ ਸੈਂਟਰਲ ਜੇਲ ’ਚ ਰਹਿਣ  ਉਪਰੰਤ ਬਾਹਰ ਆਇਆ ਸੀ।
 ਲੁਧਿਆਣਾ ਤੇ ਪਟਿਆਲਾ ਤੋਂ ਲਿਆਉਂਦੇ ਹਨ ਡੋਰ
 ਕਥਿਤ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਖੁਲਾਸਾ ਵੀ ਹੋਇਆ ਕਿ ਲੁਧਿਆਣਾ  ਦੇ ਦਰੇਸੀ ਗਰਾਊਂਡ ਤੇ ਪਟਿਆਲੇ ਦੇ ਅਾਚਾਰ ਬਾਜ਼ਾਰ ’ਚ ਚਾਈਨਾ ਡੋਰ ਸ਼ਰੇਆਮ ਵਿਕਦੀ ਹੈ।  ਦੁਕਾਨਦਾਰ ਉੱਥੋਂ 20 ਰੁਪਏ ਕਿਲੋ  ਦੇ ਹਿਸਾਬ ਨਾਲ ਡੋਰ ਲਿਆਉਂਦੇ ਹਨ ਤੇ ਇੱਥੇ 650 ਰੁਪਏ ਕਿਲੋ  ਦੇ ਹਿਸਾਬ ਨਾਲ  ਵੇਚ ਕੇ ਮੋਟੀ ਕਮਾਈ ਕਰਦੇ ਹਨ।
 ਪਿਛਲੇ ਸਾਲ ਖੂਨੀ ਡੋਰ ਕਾਰਨ 170 ਬੇਜ਼ੁਬਾਨਾਂ ਨੇ ਗੁਆਈ ਸੀ ਆਪਣੀ ਜਾਨ
 ਚਾਈਨਾ ਡੋਰ ਦੇ ਬੁਰੇ ਪ੍ਰਭਾਵ ਕਾਰਨ ਜਿੱਥੇ ਪਿਛਲੇ ਕੁਝ ਸਮੇਂ ਤੋਂ ਸ਼ਹਿਰ ’ਚ ਕਈ ਇਨਸਾਨੀ ਜ਼ਿੰਦਗੀਆਂ ਖਤਮ ਹੋ ਚੁੱਕੀਅਾਂ ਹਨ, ਉਥੇ ਹੀ ਦੂਜੇ ਪਾਸੇ ਕੇਵਲ ਪਿਛਲੇ ਸਾਲ ਹੀ ਚਾਈਨਾ ਡੋਰ ’ਚ ਉਲਝ ਕੇ ਜਿੱਥੇ 170 ਬੇਜ਼ੁਬਾਨ ਮਾਰੇ ਗਏ ਸਨ, ਉਥੇ ਹੀ ਲਗਭਗ 65 ਦੇ ਕਰੀਬ ਉੱਚੀ ਉਡਾਣ ਭਰਨ ਵਾਲੇ ਖੰਭ ਹਮੇਸ਼ਾ ਲਈ ਬੇਕਾਰ ਹੋ ਗਏ ਸਨ ਤੇ ਇਨ੍ਹਾਂ ਦੀ ਮੌਤ ਵੇਖੀ ਨਹੀਂ ਜਾਂਦੀ ਸੀ।


KamalJeet Singh

Content Editor

Related News